ਪਬਜੀ ਗੇਮ ਖੇਡਦਾ ਨੌਜਵਾਨ ਡਿੱਗਾ ਖੂਹ 'ਚ, ਮੌਤ
Wednesday, Jul 24, 2019 - 01:04 PM (IST)

ਫਤਹਿਗੜ੍ਹ ਸਾਹਿਬ (ਵਿਪਨ,ਜਗਦੇਵ)—ਫਤਹਿਗੜ੍ਹ ਸਹਿਬ ਚ ਪੈਂਦੇ ਥਾਣਾ ਮੂਲੇਪੁਰ ਅਧੀਨ ਪਿੰਡ ਚਨਾਰਥਲ ਕਲਾਂ ਵਿਖੇ ਇਕ ਨੌਜਵਾਨ ਦੀ ਪਬਜੀ ਗੇਮ ਖੇਡਦੇ ਖੂਹ ਵਿਚ ਡਿੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ 8 :15 ਵਜੇ ਪਿੰਡ ਦਾ ਨੌਜਵਾਨ ਦਵਿੰਦਰ ਸਿੰਘ (24) ਪੁੱਤਰ ਕੁਲਵੰਤ ਸਿੰਘ ਜੋ ਕਿ ਸੈਰ ਕਰਨ ਲਈ ਘੁੰਮਣ ਗਿਆ ਹੋਇਆ ਸੀ ਪਰ ਅਚਾਨਕ ਖੇਤਾਂ 'ਚ ਇਕ ਪੁਰਾਣੇ ਖੂਹ ਵਿਚ ਜਾ ਡਿੱਗਾ। ਜਿਸ ਦੀਆਂ ਅਵਾਜਾਂ ਸੁਣ ਕੇ ਨਜ਼ਦੀਕੀ ਲੋਕਾਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਖੂਹ ਦੇ ਪਾਣੀ 'ਚ ਡੁੱਬ ਗਿਆ।
ਭਰੋਸੇਯੋਗ ਸੂਤਰਾਂ ਨੇ ਦੱਸਿਆਂ ਕਿ ਉਕਤ ਨੌਜਵਾਨ ਆਪਣੇ ਫੋਨ ਵਿਚ (ਪਬਜੀ) ਗੇਮ ਖੇਡ ਰਿਹਾ ਸੀ ਜਿਸਦਾ ਅਚਾਨਕ ਧਿਆਨ ਭਟਕ ਗਿਆ ਅਤੇ ਉਹ ਤੁਰਦਾ-ਤੁਰਦਾ ਨੇੜੇ ਖੂਹ ਵਿਚ ਜਾ ਡਿੱਗਾ। ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸਥਾਨਕ ਪੁਲਸ ਨੇ ਖੂਹ 'ਚੋਂ ਬਾਹਰ ਕੱਢਕੇ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਦੇ ਮੁਰਦਾ ਘਰ 'ਚ ਰੱਖ ਦਿੱਤੀ ਹੈ। ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।