ਪੀ. ਯੂ. ਦੇ ਹੋਸਟਲ ''ਚ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਆਫ ਇੰਡੀਆ 2014 ਦੀਆਂ ਉੱਡ ਰਹੀਆਂ ਨੇ ਧੱਜੀਆਂ
Sunday, Feb 18, 2018 - 12:46 PM (IST)

ਪਟਿਆਲਾ (ਲਖਵਿੰਦਰ, ਜੋਸਨ)-ਪੀ. ਯੂ. ਦੇ ਹੋਸਟਲ ਵਿਚ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਆਫ ਇੰਡੀਆ 2014 ਦੀਆਂ ਧੱਜੀਆਂ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ, ਜਿਸ ਨਾਲ ਸਿੱਧੇ ਤੌਰ 'ਤੇ ਵਿਦਿਆਰਥੀਆਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਹੈ। ਇਸ ਐਕਟ ਤਹਿਤ ਕਿਸੇ ਵੀ ਹੋਟਲ, ਰੈਸਟੋਰੈਂਟ ਅਤੇ ਵਿਦਿਅਕ ਸੰਸਥਾਵਾਂ ਦੀਆਂ ਮੈੱਸਾਂ ਵਿਚ ਖਾਣਾ ਬਣਾਉਣ ਵਾਲਿਆਂ ਨੂੰ ਸਿਰ 'ਤੇ ਟੋਪੀ, ਹੱਥਾਂ 'ਤੇ ਦਸਤਾਨੇ ਅਤੇ ਗਾਊਨ ਪਾਉਣਾ ਜ਼ਰੂਰੀ ਹੁੰਦਾ ਹੈ, ਜਿਸ ਨਾਲ ਕਿ ਖਾਣ ਵਾਲੇ ਦੀ ਸਿਹਤ ਨੂੰ ਬੀਮਾਰੀਆਂ ਤੋਂ ਬਚਾਇਆ ਜਾ ਸਕੇ ਪਰ ਇਸਦੇ ਬਾਵਜੂਦ ਪੰਜਾਬੀ ਯੂਨੀਵਰਸਿਟੀ ਦੇ ਹੋਸਟਲਾਂ ਦੀਆਂ ਮੈੱਸਾਂ ਵਿਚ ਸ਼ਰੇਆਮ ਬਿਨਾਂ ਟੋਪੀ, ਹੱਥਾਂ ਦੇ ਦਸਤਾਨੇ ਅਤੇ ਗਾਊਨ ਦੇ ਬਗੈਰ ਖਾਣਾ ਪਰੋਸਿਆ ਜਾ ਰਿਹਾ ਹੈ, ਜਿਸ ਨਾਲ ਹੋਸਟਲ ਦੇ ਵਿਦਿਆਰਥੀਆਂ ਨੂੰ ਪੇਟ ਦੀਆਂ ਭਿਆਨਕ ਬੀਮਾਰੀਆਂ ਲੱਗ ਸਕਦੀਆਂ ਹਨ। ਜਾਣਕਾਰੀ ਦਿੰਦਿਆਂ ਪੀ. ਯੂ. ਦੇ ਹੋਸਟਲ ਵਿਚ ਰਹਿ ਰਹੇ ਵਿਦਿਆਰਥੀ ਸਤਵੰਤ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਵੀਰ ਸਿੰਘ ਬਾਦਲ ਆਦਿ ਨੇ ਦੱਸਿਆ ਕਿ 4 ਨੰਬਰ ਹੋਸਟਲ ਵਿਚ ਉਨ੍ਹਾਂ ਨੂੰ ਖਾਣਾ ਠੀਕ ਤਰ੍ਹਾਂ ਨਹੀਂ ਪਰੋਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਟੇ ਵਿਚ ਚਾਵਲ ਦੀ ਕਣੀ ਮਿਕਸ ਹੋਣ ਕਰ ਕੇ ਰੋਟੀਆਂ ਖੁਸ਼ਕ ਰਹਿੰਦੀਆਂ ਹਨ, ਜਿਸ ਨਾਲ ਪੇਟ ਦੀਆਂ ਬੀਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਹੋਸਟਲ ਵਿਚ 40 ਰੁਪਏ ਡਾਇਟ ਕੀਤੀ ਹੋਈ ਹੈ ਜਦੋਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਇਹੋ ਡਾਇਟ 33 ਰੁਪਏ ਦੇ ਲਗਭਗ ਹੈ। ਜਿਹੜਾ ਕਿ 7 ਰੁਪਏ ਸਿੱਧਾ ਹੀ ਵਾਧਾ ਕੀਤਾ ਹੋਇਆ ਹੈ।