ਮੋਹਾਲੀ ਦੇ ਮੈਡੀਕਲ ਕਾਲਜ ’ਚ ਲਾਏ ਜਾਣਗੇ 3 ਆਕਸੀਜਨ ਪਲਾਂਟ
Thursday, Jun 17, 2021 - 12:31 PM (IST)
ਮੋਹਾਲੀ (ਜ. ਬ., ਨਿਆਮੀਆਂ) : ਮੋਹਾਲੀ ਦੇ ਡਾ. ਬੀ. ਆਰ. ਅੰਬੇਡਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿਖੇ 1000 ਐੱਲ. ਪੀ. ਐੱਮ. ਦੀ ਸਮਰੱਥਾ ਅਤੇ ਐੱਲ. ਐੱਮ. ਓ. ਲਾਈਨਜ਼ ਸਮੇਤ ਤਿੰਨ ਮੈਡੀਕਲ ਆਕਸੀਜਨ ਪਲਾਂਟ (ਪੀ. ਐੱਸ. ਏ. ਪਲਾਂਟ) ਸਥਾਪਿਤ ਕਰਨ ਲਈ ਡਿਜ਼ਾਈਨ ਅਤੇ ਥਾਂ ਦੀ ਯੋਜਨਾਬੰਦੀ ਦੇ ਕੰਮ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਅਗਲੇ ਪੰਦਰਵਾੜੇ ਵਿਚ ਪਲਾਂਟਾਂ ਦੀ ਸਥਾਪਨਾ ਲਈ ਚੁਣੀ ਗਈ ਥਾਂ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾਣਗੀਆਂ।
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਆਸ਼ਿਕਾ ਜੈਨ ਨੇ ਦੱਸਿਆ ਕਿ ਸਮਾਂਬੱਧ ਢੰਗ ਨਾਲ ਇਸ ਕੰਮ ਨੂੰ ਨੇਪਰੇ ਚੜ੍ਹਾਉਣ, ਤਾਲਮੇਲ ਕਰਨ ਅਤੇ ਕੰਮ ਦਾ ਦਿਨ ਪ੍ਰਤੀ ਦਿਨ ਜਾਇਜ਼ਾ ਲੈਣ ਲਈ ਮੈਡੀਕਲ ਕਾਲਜ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਸਿਹਤ ਵਿਭਾਗ, ਲੋਕ ਨਿਰਮਾਣ ਵਿਭਾਗ ਬੀ. ਐਂਡ ਆਰ. ਅਤੇ ਇਲੈਕਟ੍ਰੀਕਲ ਵਿੰਗ ਦੇ ਨੁਮਾਇੰਦਿਆਂ ਦੀ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ, ਤਾਂ ਜੋ ਪਲਾਂਟ ਸਥਾਪਿਤ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ। ਪੀ. ਐੱਸ. ਏ. ਪਲਾਂਟ ਲਾਉਣ ਲਈ ਲੋੜੀਂਦੇ ਜਰਨੇਟਰ ਸੈੱਟ ਅਤੇ ਬਿਜਲੀ ਦੀਆਂ ਲਾਈਨਾਂ ਪਾਉਣ ਦਾ ਕੰਮ ਨਾਲੋ-ਨਾਲ ਜਾਰੀ ਰਹੇਗਾ।
ਇਸ ਦੌਰਾਨ ਆਰਜ਼ੀ ਹਸਪਤਾਲ ਬਣਾਉਣ ਵਾਲੀ ਕੰਪਨੀ ਵੱਲੋਂ ਜਗ੍ਹਾ ਦਾ ਜਾਇਜ਼ਾ ਲੈ ਲਿਆ ਗਿਆ ਹੈ ਅਤੇ ਮਹੀਨੇ ਦੇ ਅਖ਼ੀਰ ਤੱਕ 100 ਬੈੱਡਾਂ ਵਾਲੇ ਪਹਿਲਾਂ ਤੋਂ ਬਣਾਏ ਗਏ ਢਾਂਚੇ ਵਾਲੇ ਆਰਜ਼ੀ (ਮੇਕ-ਸ਼ਿਫਟ) ਹਸਪਤਾਲ ਦੀ ਸਥਾਪਨਾ ਦਾ ਕੰਮ ਮੁਕੰਮਲ ਹੋਣ ਦੀ ਆਸ ਹੈ। ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਐਕਟਿਵ ਮਾਮਲਿਆਂ ਵਿਚ ਗਿਰਾਵਟ ਦੇ ਨਾਲ ਸਮੇਂ ਅਤੇ ਸਰੋਤਾਂ ਦਾ ਸੁਚੱਜਾ ਉਪਯੋਗ ਕਰਦਿਆਂ ਤੀਸਰੀ ਸੰਭਾਵੀ ਲਹਿਰ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਸ ਸਬੰਧੀ ਸਿਹਤ ਢਾਂਚੇ ਖ਼ਾਸ ਕਰ ਕੇ ਮੈਡੀਕਲ ਆਕਸੀਜਨ ਦੇ ਉਤਪਾਦਨ ਵਿਚ ਵਾਧਾ ਕੀਤਾ ਜਾ ਰਿਹਾ ਹੈ। ਸਿਵਲ ਹਸਪਤਾਲ ਖਰੜ ਵਿਖੇ ਦੋ ਪਲਾਂਟ, ਕਮਿਊਨਿਟੀ ਹੈਲਥ ਸੈਂਟਰ ਢਕੋਲੀ ਵਿਖੇ ਇਕ ਅਤੇ ਜ਼ਿਲ੍ਹਾ ਹਸਪਤਾਲ ਮੋਹਾਲੀ ਵਿਚ 5 ਪੀ. ਐੱਸ. ਏ. ਪਲਾਂਟ ਲਾਉਣ ਸਬੰਧੀ ਹੁਕਮ ਦੇ ਦਿੱਤੇ ਗਏ ਹਨ।