ਪੰਜਾਬ ’ਚ ਆਕਸੀਜਨ ਦੀ ਮੰਗ ਵਧੀ, ਮੁੱਖ ਮੰਤਰੀ ਵਲੋਂ ਕੰਟਰੋਲ ਰੂਮ ਬਣਾਉਣ ਦੇ ਹੁਕਮ
Sunday, Apr 25, 2021 - 11:51 AM (IST)
ਚੰਡੀਗੜ੍ਹ (ਅਸ਼ਵਨੀ) : ਪੰਜਾਬ ’ਚ ਬੀਤੇ ਕੁਝ ਦਿਨਾਂ ਦੌਰਾਨ ਆਕਸੀਜਨ ਦੀ ਮੰਗ ’ਚ ਕਾਫੀ ਵਾਧਾ ਹੋਇਆ ਹੈ। ਇਹ ਮੰਗ ਮੌਜੂਦਾ ਸਮੇਂ ਦੌਰਾਨ 250 ਐੱਮ. ਟੀ. ’ਤੇ ਖੜ੍ਹੀ ਹੈ। ਕੋਵਿਡ ਕੇਸਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਵਿਚ ਇਹ ਮੰਗ 300 ਐੱਮ. ਟੀ. ਤਕ ਪਹੁੰਚ ਸਕਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਪਹਿਲਾਂ ਮਨਜੂਰ ਕੀਤੇ 50 ਆਕਸੀਜਨ ਕੰਸਨਟ੍ਰੇਟਰਾਂ ਸਮੇਤ 100 ਹੋਰ ਆਕਸੀਜਨ ਕੰਸਨਟ੍ਰੇਟਰਾਂ ਦਾ ਇੰਤਜ਼ਾਮ ਕਰਨ ਲਈ ਕਿਹਾ, ਜੋ ਕਿ ਕੋਵਿਡ ਸੰਸਥਾਨਾਂ ਵਿਚ ਪਹਿਲਾਂ ਹੀ ਇਸਤੇਮਾਲ ਕੀਤੇ ਜਾ ਰਹੇ ਆਕਸੀਜਨ ਕੰਸਨਟ੍ਰੇਟਰਾਂ ਤੋਂ ਵਾਧੂ ਤੌਰ ’ਤੇ ਹੋਣ। ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਆਕਸੀਜਨ ਦੀ ਕਮੀ ਕਰਕੇ 6 ਮੌਤਾਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਸੂਬਾ ਅਤੇ ਜ਼ਿਲ੍ਹਾ ਪੱਧਰ ’ਤੇ ਆਕਸੀਜਨ ਕੰਟਰੋਲ ਰੂਮ ਸਥਾਪਿਤ ਕਰਨ ਦੇ ਵੀ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਮੋਗਾ ਦੇ ਹਸਪਤਾਲਾਂ ’ਚ ਆਕਸੀਜਨ ਦਾ ਸਟਾਕ ਮੁੱਕਣ ਕਿਨਾਰੇ, ਵਾਪਰ ਸਕਦੀ ਮੰਦਭਾਗੀ ਘਟਨਾ
ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਉਦਯੋਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਫ਼ੌਰੀ ਤੌਰ ’ਤੇ ਉਦਯੋਗ ਭਵਨ, ਚੰਡੀਗੜ੍ਹ ਵਿਖੇ ਇਕ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇ, ਜਿਸ ਵਿਚ ਡਾਇਰੈਕਟਰ ਉਦਯੋਗ ਅਤੇ ਵਣਜ ਤੋਂ ਇਲਾਵਾ ਪਰਸੋਨਲ ਵਿਭਾਗ ਵਲੋਂ ਲੋੜ ਪੈਣ ’ਤੇ ਆਪਣੇ ਅਫ਼ਸਰ ਮੁਹੱਈਆ ਕਰਵਾ ਕੇ ਮਦਦ ਕੀਤੀ ਜਾ ਸਕੇ। ਪ੍ਰਮੁੱਖ ਸਕੱਤਰ ਉਦਯੋਗ ਨੂੰ ਜਲਦੀ ਹੀ ਜ਼ਿਲ੍ਹਿਆਂ ਵਿਚ ਵੀ ਕੰਟਰੋਲ ਰੂਮ ਸਥਾਪਿਤ ਕਰਨ ਲਈ ਕਿਹਾ ਗਿਆ ਹੈ। ਕੰਟਰੋਲ ਰੂਮ ਇਹ ਯਕੀਨੀ ਬਣਾਏਗਾ ਕਿ ਪੰਜਾਬ ਦੇ ਅੰਦਰੋਂ ਤੇ ਬਾਹਰੋਂ ਆਉਣ ਵਾਲੀ ਆਕਸੀਜਨ ਦੀ ਸਾਰੀ ਸਪਲਾਈ ’ਤੇ ਸਰਕਾਰ ਕਰੜੀ ਨਜ਼ਰ ਬਣਾਈ ਰੱਖੇ। ਮੁੱਖ ਸਕੱਤਰ ਵਿਨੀ ਮਹਾਜਨ ਨੇ ਇਸ ਦੌਰਾਨ ਕਿਹਾ ਕਿ 2 ਸੀਨੀਅਰ ਅਧਿਕਾਰੀਆਂ ਹਰਪ੍ਰੀਤ ਸੂਦਨ (ਆਈ.ਏ.ਐੱਸ.) ਰਾਹੁਲ ਗੁਪਤਾ (ਪੀ.ਸੀ.ਐੱਸ.) ਦੀ ਤਾਇਨਾਤੀ ਸਾਰੀਆਂ ਗਤੀਵਿਧੀਆਂ ਸਬੰਧੀ ਤਾਲਮੇਲ ਬਣਾਉਣ ਲਈ ਕੰਟਰੋਲ ਰੂਮ ਵਿਖੇ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਫਿਲਹਾਲ ਕੋਵਿਡ ਸਬੰਧੀ ਨਵੀਆਂ ਪਾਬੰਦੀਆਂ ਲਾਉਣ ਸਬੰਧੀ ਕੋਈ ਫੈਸਲਾ ਨਹੀਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ