ਨਸ਼ੇ ਦੀ ਓਵਰਡੋਜ਼ ਕਾਰਨ ਮਾਂਪਿਆਂ ਦੇ ਇਕਲੌਤੇ ਪੁੱਤ ਦੀ ਮੌਤ
Saturday, Dec 22, 2018 - 07:26 PM (IST)

ਭਦੌੜ (ਰਾਕੇਸ਼) : ਕਸਬਾ ਭਦੌੜ ਵਿਖੇ ਇਕ ਨੌਜਵਾਨ ਦੀ ਚਿੱਟੇ ਦੀ ਓਵਰ ਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾਂ ਤੋਂ ਬਾਅਦ ਸਥਾਨਕ ਲੋਕਾਂ ਵਿਚ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਮਨਜਿੰਦਰ ਸਿੰਘ (24) ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਕਿ ਪਿਛਲੇ 4 ਸਾਲ ਤੋਂ ਦੁਬਈ ਵਿਚ ਰੋਜ਼ੀ ਰੋਟੀ ਲਈ ਗਿਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਪਿੰਡ ਆਇਆ ਸੀ।
ਸ਼ਨੀਵਾਰ ਸਵੇਰੇ ਜਦੋਂ ਮਨਜਿੰਦਰ ਸਿੰਘ ਦੀ ਮਾਤਾ ਨੇ ਆਪਣੇ ਪੁੱਤਰ ਨੂੰ ਚਾਹ ਪੀਣ ਲਈ ਆਵਾਜ਼ ਮਾਰੀ ਤਾਂ ਅੱਗੋਂ ਕੋਈ ਜਵਾਬ ਨਾ ਮਿਲਿਆ ਤਾਂ ਉਸ ਦੇ ਪਿਤਾ ਨੇ ਭੱਜ ਕੇ ਚੁਬਾਰੇ ਦੀ ਬਾਰੀ ਭੰਨ ਦਿੱਤੀ ਤੇ ਪੁੱਤਰ ਦੀ ਹਾਲਤ ਗੰਭੀਰ ਸੀ ਤੇ ਨੱਕ 'ਚੋਂ ਖੂਨ ਵਗ ਰਿਹਾ ਸੀ ਜਦੋਂ ਡਾਕਟਰ ਨੇ ਆ ਕੇ ਦੇਖਿਆ ਤਾਂ ਨੌਜਵਾਨ ਮਨਜਿੰਦਰ ਸਿੰਘ ਮ੍ਰਿਤਕ ਪਾਇਆ ਗਿਆ।