ਚਿੱਟੇ ਦੀ ਓਵਰਡੋਜ਼ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ, 5 ਵਿਰੁੱਧ ਮਾਮਲਾ ਦਰਜ

Tuesday, May 03, 2022 - 02:27 PM (IST)

ਮੋਗਾ (ਅਜ਼ਾਦ) : ਮੋਗਾ ਜ਼ਿਲ੍ਹੇ ਵਿਚ ਚਿੱਟੇ ਦੀ ਵੱਧ ਰਹੀ ਵਿੱਕਰੀ ਘਟਣ ਦਾ ਨਾਮ ਨਹੀਂ ਲੈ ਰਹੀ ਅਤੇ ਆਏ ਦਿਨ ਨੌਜਵਾਨ ਚਿੱਟੇ ਦਾ ਸ਼ਿਕਾਰ ਹੋ ਰਹੇ ਹਨ ਪਰ ਪ੍ਰਸ਼ਾਸਨਿਕ ਅਧਿਕਾਰੀ ਉਕਤ ਮਾਮਲੇ ’ਚ ਕਈ ਸਮੱਗਲਰਾਂ ਨੂੰ ਕਾਬੂ ਤਾਂ ਕਰਦਾ ਹੈ ਪਰ ਮੁੱਖ ਤਸਕਰ ਪੁਲਸ ਦੀ ਪਕੜ ਤੋਂ ਬਾਹਰ ਹੈ, ਜਿਸ ਕਾਰਨ ਸ਼ਰੇਆਮ ਚਿੱਟੇ ਦੀ ਵਿੱਕਰੀ ਹੋ ਰਹੀ ਹੈ। ਬੀਤੇ ਦਿਨ ਮੋਗਾ ਜ਼ਿਲ੍ਹੇ ਦੇ ਪਿੰਡ ਮੰਡੀਰਾਂਵਾਲਾ ਬਸਤੀ ਚੜਿੱਕ ਦੇ 21 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਦੀ ਬੀਤੀ 29 ਅਪ੍ਰੈਲ ਨੂੰ ਚਿੱਟੇ ਦੀ ਓਵਰਡੋਜ਼ ਨੇ ਜਾਨ ਲੈ ਲਈ ਸੀ। ਇਸ ਮਾਮਲੇ ਦੀ ਜਾਂਚ ਥਾਣਾ ਚੜਿੱਕ ਦੇ ਇੰਚਾਰਜ ਥਾਣੇਦਾਰ ਬਲਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਉਰਫ ਜ਼ੋਰਾ ਨੇ ਕਿਹਾ ਕਿ ਬੀਤੀ 28 ਅਪ੍ਰੈਲ ਨੂੰ ਸ਼ਾਮ ਸਵਾ 6 ਵਜੇ ਕਥਿਤ ਦੋਸ਼ੀ ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ, ਲਖਵੀਰ ਸਿੰਘ ਅਤੇ ਗੁਰਦੇਵ ਸਿੰਘ ਮੇਰੇ ਬੇਟੇ ਹਰਪ੍ਰੀਤ ਸਿੰਘ ਨੂੰ ਆਪਣੇ ਨਾਲ ਲੈ ਗਏ ਅਤੇ ਰਾਤ ਸਵਾ 8 ਵਜੇ ਦੇ ਕਰੀਬ ਘਰ ਵਾਪਸ ਆਏ ਤਾਂ ਉਸ ਸਮੇਂ ਮੇਰੇ ਬੇਟੇ ਦੇ ਕੱਪੜੇ ਅਤੇ ਸਿਰ ਪਾਣੀ ਨਾਲ ਭਿੱਜਿਆ ਹੋਇਆ ਸੀ ਉਹ ਬੇਹੋਸ਼ੀ ਦੀ ਹਾਲਤ ’ਚ ਸੀ। ਜਦ ਮੈਂ ਉਕਤ ਲੜਕਿਆਂ ਤੋਂ ਆਪਣੇ ਬੇਟੇ ਦੇ ਸਬੰਧ ’ਚ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਸ਼ਵਿੰਦਾ ਨਿਵਾਸੀ ਪਿੰਡ ਘੋਲੀਆ ਕਲਾ ਤੋਂ ਚਿੱਟਾ ਲੈ ਕੇ ਆਏ ਸਨ ਅਤੇ ਸਾਡੇ ਨਾਲ ਹਰਪ੍ਰੀਤ ਸਿੰਘ ਨੇ ਚਿੱਟੇ ਦੀ ਜ਼ਿਆਦਾ ਓਵਰਡੋਜ਼ ਟੀਕੇ ਨਾਲ ਲਾ ਲਈ, ਜਿਸ ਕਾਰਨ ਉਸਦੀ ਹਾਲਤ ਵਿਗੜ ਗਈ।

ਉਨ੍ਹਾ ਕਿਹਾ ਕਿ ਕਥਿਤ ਦੋਸ਼ੀ ਲੜਕੇ ਮੇਰੇ ਬੇਟੇ ਨੂੰ ਬੇਹੋਸ਼ੀ ਦੀ ਹਾਲਤ ’ਚ ਛੱਡ ਕੇ ਚਲੇ ਗਏ। ਬੀਤੀ 29 ਅਪ੍ਰੈਲ ਨੂੰ ਮੇਰੇ ਬੇਟੇ ਨੇ ਘਰ ’ਚ ਹੀ ਦੇਰ ਰਾਤ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਲੜਕੇ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਅਤੇ ਬਾਅਦ ’ਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਦੇ ਲਈ ਕਥਿਤ ਦੋਸ਼ੀ ਜ਼ਿੰਮੇਵਾਰ ਹਨ, ਜਿਸ ’ਤੇ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ। ਥਾਣਾ ਮੁਖੀ ਨੇ ਕਿਹਾ ਕਿ ਉਕਤ ਮਾਮਲੇ ’ਚ ਕਾਨੂੰਨੀ ਰਾਏ ਹਾਸਲ ਕਰਨ ਦੇ ਬਾਅਦ ਕਥਿਤ ਦੋਸ਼ੀਆਂ ਦੇ ਖਿਲਾਫ ਥਾਣਾ ਸਿਟੀ ਸਾਊਥ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਗ੍ਰਿਫਤਾਰੀ ਅਜੇ ਬਾਕੀ ਹੈ।


Gurminder Singh

Content Editor

Related News