ਨਸ਼ੇ ਦੀ ਓਵਰਡੋਜ਼ ਦੇ ਕੇ ਵਿਅਕਤੀ ਨੂੰ ਮਾਰਨ ਦੇ ਦੋਸ਼ਾਂ ਹੇਠ ਇਕ ਨਾਮਜ਼ਦ
Sunday, Sep 25, 2022 - 05:01 PM (IST)
 
            
            ਗੁਰਦਾਸਪੁਰ (ਜੀਤ ਮਠਾਰੂ) : ਥਾਣਾ ਤਿੱਬੜ ਦੀ ਪੁਲਸ ਨੇ ਨਸ਼ੇ ਦੀ ਓਵਰਡੋਜ਼ ਦੇ ਕੇ ਇਕ ਲੜਕੇ ਨੂੰ ਮਾਰਨ ਦੇ ਦੋਸ਼ਾਂ ਹੇਠ ਇਕ ਵਿਅਕਤੀ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਦੀਪ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਸਹਾਏਪੁਰ ਥਾਣਾ ਕਾਹਨੂੰਵਾਨ ਨੇ ਦੱਸਿਆ ਕਿ ਉਸ ਦੇ ਲੜਕਾ ਤਜਿੰਦਰਜੀਤ ਸਿੰਘ ਦਾ ਵਿਆਹ ਹੋ ਚੁੱਕਾ ਹੈ ਅਤੇ ਉਸਦੇ ਦੋ ਬੱਚੇ ਹਨ। 24 ਸਤੰਬਰ ਨੂੰ ਉਸ ਦੇ ਲੜਕੇ ਤਜਿੰਦਰਜੀਤ ਸਿੰਘ ਨੂੰ ਨਿਸ਼ਾਨ ਸਿੰਘ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਕਿ ਘੁੰਮ ਫਿਰ ਕੇ ਆਉਂਦੇ ਹਾਂ। ਜਦੋਂ ਉਸ ਦਾ ਲੜਕਾ ਕਾਫੀ ਦੇਰ ਤੱਕ ਘਰ ਨਾ ਆਇਆ ਤਾਂ ਗੁਰਦੀਪ ਕੌਰ ਨੇ ਲੜਕੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।
ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਮੁਸਤਫਾਬਾਦ ਜੱਟਾਂ ਨੇੜੇ ਗੁਜਰਾਂ ਦੇ ਕੁੱਲ ਤੋਂ ਕੁਝ ਦੂਰੀ ’ਤੇ ਨਹਿਰ ਕਿਨਾਰੇ ਇਕ ਲਾਸ਼ ਪਈ ਹੈ। ਜਦੋਂ ਗੁਰਦੀਪ ਕੌਰ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਇਹ ਡੈੱਡ ਬਾਡੀ ਤਜਿੰਦਰਜੀਤ ਸਿੰਘ ਦੀ ਸੀ। ਗੁਰਦੀਪ ਕੌਰ ਨੂੰ ਪੂਰਾ ਯਕੀਨ ਹੈ ਕਿ ਉਸ ਦੇ ਲੜਕੇ ਨੂੰ ਨਿਸ਼ਾਨ ਸਿੰਘ ਨੇ ਨਸ਼ੇ ਦਾ ਓਵਰਡੋਜ਼ ਟੀਕਾ ਲਗਾਇਆ ਹੈ, ਜਿਸ ਨਾਲ ਤਜਿੰਦਰਜੀਤ ਸਿੰਘ ਦੀ ਮੌਤ ਹੋ ਗਈ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            