ਲੈਬੋਰਟਰੀਆਂ ਕਰ ਰਹੀਆਂ ਡੇਂਗੂ ਤੇ ਕੋਰੋਨਾ ਟੈਸਟਾਂ ਦੀ ਓਵਰਚਾਰਜਿੰਗ

Monday, Oct 12, 2020 - 01:09 AM (IST)

ਲੈਬੋਰਟਰੀਆਂ ਕਰ ਰਹੀਆਂ ਡੇਂਗੂ ਤੇ ਕੋਰੋਨਾ ਟੈਸਟਾਂ ਦੀ ਓਵਰਚਾਰਜਿੰਗ

ਲੁਧਿਆਣਾ, (ਸਹਿਗਲ)– ਭਾਵੇਂ ਸਰਕਾਰ ਨੇ ਡੇਂਗੂ ਅਤੇ ਕੋਰੋਨਾ ਦੇ ਟੈਸਟਾਂ ਦੇ ਮੁੱਲ ਨਿਰਧਾਰਤ ਕਰ ਦਿੱਤੇ ਪਰ ਕਈ ਲੈਬੋਰਟਰੀਆਂ ਨਿਰੰਤਰ ਇਨ੍ਹਾਂ ਨਿਰਦੇਸ਼ਾਂ ਦੀ ਉਲੰਘਣਾ ਕਰਦੀਆਂ ਦਿਖਾਈ ਦੇ ਰਹੀਆਂ ਹਨ।

ਇਸ ਤਰ੍ਹਾਂ ਦਾ ਹੀ ਇਕ ਮਾਮਲਾ ਲੈਬੋਰਟਰੀ ਚੇਨ ਦੇ ਮਾਮਲੇ ਵਿਚ ਸਾਹਮਣੇ ਆਇਆ ਹੈ। ਜਿਸ ਵਿਚ ਗਿਆਨ ਵਿਹਾਰ ਨਿਵਾਸੀ ਰਾਜਿੰਦਰ ਸਿੰਘ ਨੇ ਲਿਖਤੀ ਰੂਪ ਵਿਚ ਇਹ ਦੋਸ਼ ਲਾਇਆ ਹੈ ਕਿ ਉਪਰੋਕਤ ਲੈਬੋਰਟਰੀ ਸਰਕਾਰੀ ਨਿਰਦੇਸ਼ਾਂ ਦੀ ਉਲੰਘਣਾ ਕਰ ਕੇ ਲੋਕਾਂ ਤੋਂ ਕੋਰੋਨਾ ਅਤੇ ਡੇਂਗੂ ਦੇ ਟੈਸਟਾਂ ਦੇ ਮਨਮਾਨੇ ਮੁੱਲ ਵਸੂਲ ਰਹੀ ਹੈ। ਆਪਣੀ ਸ਼ਿਕਾਇਤ ਵਿਚ ਉਨ੍ਹਾਂ ਕਿਹਾ ਕਿ ਉਪਰੋਕਤ ਲੈਬ ਦੀਆਂ ਬਰਾਚਾਂ ਵਿਚ ਸਸਤੇ ਮੁੱਲ ਲਿਖਤੀ ਰੂਪ ਵਿਚ ਲਾਏ ਗਏ ਹਨ ਪਰ ਮਰੀਜ਼ਾਂ ਤੋਂ ਉਸ ਤੋਂ ਜ਼ਿਆਦਾ ਮੁੱਲ ਵਸੂਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਐਂਟੀਬਾਡੀ ਦੇ ਮੁੱਲ 250 ਰੁਪਏ ਨਿਰਧਾਰਿਤ ਕੀਤੇ ਗਏ ਹਨ, ਜਿਸ ਨਾਲ 950 ਲਿਖ ਕੇ ਲੈਬ ਦੀ ਸ਼ਾਖਾ ਵਿਚ ਲਗਾਇਆ ਗਿਆ ਹੈ ਪਰ ਜਦ ਉਨ੍ਹਾਂ ਨੇ ਟੈਸਟ ਕਰਵਾਇਆ ਤਾਂ ਉਨ੍ਹਾਂ ਤੋਂ 1200 ਰੁਪਏ ਵਸੂਲੇ ਗਏ। ਇਸੇ ਤਰ੍ਹਾਂ ਕੋਰੋਨਾ ਦੇ ਆਰ. ਟੀ. ਪੀ. ਸੀ. ਆਰ. ਟੈਸਟ ਦੇ ਮੁੱਲ ਸਰਕਾਰ ਵੱਲੋਂ 1600 ਨਿਰਧਾਰਿਤ ਕੀਤੇ ਗਏ ਹਨ ਪਰ ਜਦ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਟੈਸਟ ਕਰਵਾਏ ਤਾਂ ਉਨ੍ਹਾਂ ਤੋਂ 2000 ਰੁਪਏ ਪ੍ਰਤੀ ਟੈਸਟ ਵਸੂਲੇ ਗਏ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ ਦੀ ਉਲੰਘਣਾ ਹੋਣ ’ਤੇ ਵੀ ਸਿਹਤ ਵਿਭਾਗ ਇਸ ’ਤੇ ਕਾਰਵਾਈ ਨਹੀਂ ਕਰ ਰਿਹਾ। ਉਹ ਵਿਜੀਲੈਂਸ ਵਿਭਾਗ ਨੂੰ ਬੇਨਤੀ ਕਰਨਗੇ ਕਿ ਪੂਰੇ ਮਾਮਲੇ ਦੀ ਛਾਣਬੀਨ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਨੇ ਆਪਣੀ ਸ਼ਿਕਾਇਤ ਲਿਖਤੀ ਰੂਪ ਵਿਚ ਦਿੱਤੀ ਤਾਂ ਲੈਬ ਪ੍ਰਬੰਧਕ ਉਨ੍ਹਾਂ ਦੇ ਸਾਰੇ ਪੈਸੇ ਵਾਪਸ ਕਰਨ ’ਤੇ ਆ ਗਏ ਅਤੇ ਸ਼ਿਕਾਇਤ ਨਾ ਕਰਨ ਦੀਆਂ ਮਿੰਨਤਾਂ ਕਰਨ ਲੱਗੇ ਪਰ ਉਨ੍ਹਾਂ ਨੇ ਇਹ ਫੈਸਲਾ ਕੀਤਾ ਹੈ ਕਿ ਲੋਕਹਿੱਤ ਵਿਚ ਉਹ ਇਸ ਮਾਮਲੇ ਨੂੰ ਅੰਜ਼ਾਮ ਤੱਕ ਪਹੁੰਚਾ ਕੇ ਰਹਿਣਗੇ। ਵਰਨਣਯੋਗ ਹੈ ਕਿ ਕਈ ਹਸਪਤਾਲ ਵੀ ਡੇਂਗੂ ਅਤੇ ਕੋਰੋਨਾ ਟੈਸਟਾਂ ਦੇ ਜ਼ਿਆਦਾ ਮੁੱਲ ਵਸੂਲ ਰਹੇ ਹਨ ਪਰ ਹਾਲੇ ਤੱਕ ਕਿਸੇ ’ਤੇ ਵੀ ਕਾਰਵਾਈ ਨਹੀਂ ਕੀਤੀ ਗਈ ਹੈ।

ਕੋਰੋਨਾ ਨਾਲ 5 ਮਰੀਜ਼ਾਂ ਦੀ ਮੌਤ, 102 ਪਾਜ਼ੇਟਿਵ

ਸ਼ਹਿਰ ਦੇ ਹਸਪਤਾਲਾਂ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਨਾਲ 5 ਲੋਕਾਂ ਦੀ ਮੌਤ ਹੋ ਗਈ, ਜਦਕਿ 102 ਮਰੀਜ਼ ਪਾਜ਼ੇਟਿਵ ਹਨ, ਜਿਨਾਂ ਵਿਚੋਂ 11 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਮਹਾਨਗਰ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 19,174 ਹੋ ਗਈ ਹੈ। ਇਨ੍ਹਾਂ ’ਚੋਂ 799 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬਾਹਰੀ ਜ਼ਿਲਿਆਂ ਜਾਂ ਪ੍ਰਦੇਸ਼ਾਂ ਤੋਂ ਇਲਾਜ ਲਈ ਆਉਣ ਵਾਲੇ ਲੋਕਾਂ ’ਚੋਂ 2475 ਕੋਰੋਨਾ ਪਾਜ਼ੇਟਿਵ ਪਾਏ ਗਏ, ਜਦਕਿ 289 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਅਨੁਸਾਰ ਜ਼ਿਲੇ ਵਿਚ 17,985 ਮਰੀਜ਼ ਠੀਕ ਹੋ ਚੁੱਕੇ ਹਨ, ਵਰਤਮਾਨ ਵਿਚ ਜ਼ਿਲੇ ਵਿਚ 490 ਐਕਟਿਵ ਮਰੀਜ਼ ਰਹਿ ਗਏ ਹਨ। ਇਸ ਤੋਂ ਇਲਾਵਾ 96 ਐਕਟਿਵ ਮਰੀਜ਼ ਦੂਜੇ ਜ਼ਿਲਿਆਂ ਅਤੇ ਸੂਬਿਅਾਂ ਆਦਿ ਨਾਲ ਸਬੰਧਤ ਹਨ।

25 ਅੰਡਰ ਟਰਾਇਲ ਆਏ ਕੋਰੋਨਾ ਦੀ ਲਪੇਟ ’ਚ

ਜ਼ਿਲੇ ਵਿਚ ਅੱਜ ਸਾਹਮਣੇ ਆਏ 91 ਕੋਰੋਨਾ ਮਰੀਜ਼ਾਂ ’ਚੋਂ 25 ਅੰਡਰ ਟਰਾਇਲ ਸ਼ਾਮਲ ਹਨ। ਜਿਸ ਨਾਲ ਵਿਭਾਗ ਵਿਚ ਵੀ ਭੱਜ-ਦੌੜ ਦੀ ਸਥਿਤੀ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਪਾਜ਼ੇਟਿਵ ਮਰੀਜ਼ਾਂ ’ਚੋਂ 2 ਪੁਲਸ ਕਰਮਚਾਰੀ 3 ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਹੋਏ ਅਤੇ 51 ਮਰੀਜ਼ ਓ. ਪੀ. ਡੀ. ਵਿਚ ਸਾਹਮਣੇ ਆਏ।

4263 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਨੇ ਅੱਜ 4263 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦਕਿ 1821 ਸੈਂਪਲਾਂ ਦੀ ਰਿਪੋਰਟ ਪੈਂਡਿੰਗ ਹੈ।

80 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ

ਜ਼ਿਲੇ ਵਿਚ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹੌਲੀ-ਹੌਲੀ ਘੱਟ ਹੋ ਰਹੀ ਹੈ। ਇਸੇ ਤਰ੍ਹਾਂ ਹੋਮ ਆਈਸੋਲੇਸ਼ਨ ਵਿਚ ਭੇਜਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਵੀ ਕਮੀ ਆਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਸ¬ਕ੍ਰੀਨਿੰਗ ਉਪਰੰਤ 80 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਹੈ। ਸਿਹਤ ਵਿਭਾਗ ਅਧਿਕਾਰੀਆਂ ਅਨੁਸਾਰ ਵਰਤਮਾਨ ਵਿਚ ਜ਼ਿਲੇ ਵਿਚ 2048 ਮਰੀਜ਼ ਹੋਮ ਆਈਸੋਲੇਸ਼ਨ ਵਿਚ ਹਨ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ :

ਇਲਾਕਾ                      ਉਮਰ/Çਲੰਗ                      ਹਸਪਤਾਲ

ਸ਼ਕਤੀ ਨਗਰ        65/ਪੁਰਸ਼        ਐੱਸ. ਪੀ. ਐੱਸ.

ਮਿਲਰਗੰਜ        71/ਮਹਿਲਾ        ਫੋਰਟਿਸ

ਸਮਰਾਲਾ        73/ਪੁਰਸ਼        ਸਿਵਲ

ਰਾਹੋਂ ਰੋਡ        64/ਪੁਰਸ਼        ਸਿਵਲ

ਮੁਹੱਲਾ ਭੋਰਾ        62/ਮਹਿਲਾ        ਸਿਵਲ


author

Bharat Thapa

Content Editor

Related News