ਏਲਾਂਤੇ ਮਾਲ ਦੀ ਪਾਰਕਿੰਗ ’ਚ ਓਵਰਚਾਰਜਿੰਗ, ਕੁੱਟ-ਮਾਰ

07/18/2018 6:03:12 AM

ਚੰਡੀਗਡ਼੍ਹ, (ਰਾਏ)- ਚੰਡੀਗਡ਼੍ਹ ’ਚ ਨਗਰ ਨਿਗਮ ਦੀ ਸਖਤੀ ਦੇ ਬਾਵਜੂਦ ਵੀ ਪਾਰਕਿੰਗ ਸਥਾਨਾਂ ’ਤੇ ਤਾਇਨਾਤ ਕਾਰਿੰਦਿਆਂ ਦੀ ਮਨਮਰਜ਼ੀ ਤੋਂ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ ਹੈ। ਮੰਗਲਵਾਰ ਨੂੰ ਵੀ ਏਲਾਂਤੇ ਮਾਲ ਦੀ ਪਾਰਕਿੰਗ ਵਿਚ 50 ਰੁਪਏ  ਤੋਂ ਜੰਮ ਕੇ ਹੰਗਾਮਾ ਹੋਇਆ ਤੇ ਮਾਮਲਾ ਪੁਲਸ ਤਕ ਜਾ ਪਹੁੰਚਿਆ। ਇਥੇ ਪਾਰਕਿੰਗ ’ਚ ਉਸ ਸਮੇਂ ਕਰਮਚਾਰੀਆਂ ਤੇ ਨੌਜਵਾਨਾਂ ’ਚ ਜੰਮ ਕੇ ਕੁੱਟ-ਮਾਰ ਹੋ ਗਈ, ਜਦੋਂ ਉਥੇ ਤਾਇਨਾਤ ਕਰਮਚਾਰੀ ਨੇ ਨੌਜਵਾਨ ਤੋਂ 150 ਦੀ ਜਗ੍ਹਾ 200 ਰੁਪਏ ਮੰਗੇ। ਨੌਜਵਾਨ ਵਲੋਂ 50 ਰੁਪਏ ਜ਼ਿਆਦਾ ਮੰਗਣ ’ਤੇ ਦੋਵਾਂ ’ਚ ਬਹਿਸ ਸ਼ੁਰੂ ਹੋਈ, ਜੋ ਵੇਖਦਿਅਾਂ ਹੀ ਵੇਖਦਿਅਾਂ ਕੁੱਟ-ਮਾਰ ਵਿਚ ਬਦਲ ਗਈ।  ਮਾਲ ਵਿਚ ਮੌਜੂਦ ਹੋਰ ਕਰਮਚਾਰੀਆਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ’ਤੇ ਇੰਡਸਟ੍ਰੀਅਲ ਏਰੀਆ ਦੇ ਐੱਸ. ਐੱਚ. ਓ. ਤੇ ਪੀ. ਸੀ. ਆਰ. ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ। 
 ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ 
 ਚਸ਼ਮਦੀਦਾਂ ਨੇ ਦੱਸਿਆ ਕਿ ਦੋ ਨੌਜਵਾਨ ਏਲਾਂਤੇ ਮਾਲ  ਦੀ ਪਾਰਕਿੰਗ  ’ਚੋਂ ਅਾਪਣੀ ਕਾਰ ਵਾਪਸ ਲੈਣ ਆਏ ਤਾਂ ਕਰਮਚਾਰੀ ਨੇ 150 ਰੁਪਏ ਦੀ ਜਗ੍ਹਾ 200 ਰੁਪਏ ਮੰਗ ਲਏ। ਨੌਜਵਾਨ ਨੇ ਪੁੱਛਿਆ ਕਿ 200 ਰੁਪਏ ਕਦੋਂ ਤੋਂਂ ਲੱਗਣ ਲੱਗੇ, ਬਸ ਇਸ ਗੱਲ ਤੋਂ ਦੋਵਾਂ ’ਚ ਬਹਿਸ ਹੋ ਗਈ। ਸੋਸ਼ਲ ਮੀਡੀਆ ’ਤੇ ਵੀ ਇਸਦੀ ਵੀਡੀਓ ਵਾਇਰਲ ਹੋ ਗਈ। ਕੁੱਟ-ਮਾਰ ਵਿਚ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਸ ਸਬੰਧੀ ਉਦਯੋਗਿਕ ਖੇਤਰ ਦੇ ਐੱਸ. ਐੱਚ. ਓ. ਦਾ ਕਹਿਣਾ ਸੀ ਕਿ ਸੂਚਨਾ ਮਿਲਦਿਅਾਂ ਹੀ ਉਹ ਉਥੇ ਪੁੱਜੇ ਤਾਂ ਨੌਜਵਾਨ ਜਾ ਚੁੱਕੇ ਸਨ। ਉਹ ਕਾਰਿੰਦਿਆਂ ਨੂੰ ਫਡ਼ ਕੇ ਥਾਣੇ ਲੈ ਆਏ।  ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਕੋਈ ਸ਼ਿਕਾਇਤ ਦਿੰਦਾ ਹੈ ਤਾਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।    
 


Related News