ਪੰਜਾਬ ''ਚ ਚੱਲ ਰਹੀਆਂ 65 ਤੋਂ ਜ਼ਿਆਦਾ ਲਿਫਾਫੇ ਬਣਾਉਣ ਵਾਲੀਆਂ ਫੈਕਟਰੀਆਂ ਬੰਦ
Thursday, Aug 22, 2019 - 06:44 PM (IST)
ਦਿੜ੍ਹਬਾ ਮੰਡੀ (ਅਜੈ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਪਾਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਨੂੰ ਰੋਕਣ ਲਈ ਕਾਫੀ ਸਖਤਾਈ ਵਰਤੀ ਜਾ ਰਹੀ ਹੈ। ਜਿਸ ਕਰਕੇ ਰਾਜ ਅੰਦਰ ਚੱਲ ਰਹੀਆਂ ਤਕਰੀਬਨ 65 ਫੈਕਟਰੀਆਂ ਵੱਲੋਂ ਹਾਨੀਕਾਰਕ ਲਿਫਾਫੇ ਬਣਾਉਣੇ ਬੰਦ ਕਰ ਕੇ ਪੈਕਿੰਗ ਆਦਿ ਕਰਨ ਵਾਲਾ ਮਟੀਰੀਅਲ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਜ਼ਿਲਿਆਂ ਅੰਦਰ ਪਿਛਲੇ 12 ਸਾਲਾਂ ਦੌਰਾਨ ਕੋਈ ਵੀ ਪਾਲੀਥੀਨ ਦੇ ਲਿਫਾਫੇ ਬਣਾਉਣ ਵਾਲੀ ਫੈਕਟਰੀ ਨਹੀਂ ਲਾਈ ਗਈ।
ਆਰ. ਟੀ. ਆਈ. ਮਾਹਰ ਬ੍ਰਿਸ ਭਾਨ ਬੁਜਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਚਨਾ ਅਧਿਕਾਰ ਐਕਟ 2005 ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੋਲੋਂ ਸਾਲ 2008 ਤੋਂ ਲੈ ਕੇ 31 ਮਈ 2019 ਤੱਕ ਰਾਜ ਅੰਦਰ ਚੱਲ ਰਹੇ ਅਤੇ ਬੰਦ ਹੋਏ ਪਾਲੀਥੀਨ ਉਦਯੋਗਾਂ ਦੀ ਗਿਣਤੀ 'ਤੇ ਕੀਤੀ ਗਈ ਕਾਰਵਾਈ ਸਬੰਧੀ ਪੁੱਛਿਆ ਗਿਆ ਸੀ, ਜਿਸ ਦੇ ਜਵਾਬ 'ਚ ਪ੍ਰਦੂਸ਼ਣ ਬੋਰਡ ਦੇ ਖੇਤਰੀ ਦਫਤਰ ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਵੱਲੋਂ ਲਿਖਿਆ ਗਿਆ ਹੈ ਕਿ ਉਕਤ ਸਮੇਂ ਦੌਰਾਨ ਜ਼ਿਲੇ ਅੰਦਰ ਕੋਈ ਵੀ ਪਾਲੀਥੀਨ ਬਣਾਉਣ ਵਾਲਾ ਉਦਯੋਗ ਨਹੀਂ ਲੱਗਿਆ।
ਖੇਤਰੀ ਦਫਤਰ ਅੰਮ੍ਰਿਤਸਰ ਦੇ ਅਧਿਕਾਰ ਖੇਤਰ 'ਚ 31 ਇਕਾਈਆਂ ਚੱਲ ਰਹੀਆਂ ਸਨ। ਜਿਹੜੀਆਂ ਹੁਣ ਪਾਲੀਥੀਨ ਦੇ ਲਿਫਾਫੇ ਤਿਆਰ ਨਹੀਂ ਕਰ ਰਹੀਆਂ। ਇਸੇ ਤਰ੍ਹਾਂ ਹੀ ਪਟਿਆਲੇ ਜ਼ਿਲੇ 'ਚ 17, ਸੰਗਰੂਰ 'ਚ 6, ਬਟਾਲਾ 'ਚ 6, ਬਠਿੰਡਾ 'ਚ 5 ਫੈਕਟਰੀਆਂ ਨੇ ਹਾਨੀਕਾਰਕ ਲਿਫਾਫੇ ਬਣਾਉਣੇ ਬੰਦ ਕਰ ਦਿੱਤੇ ਹਨ ਜਾਂ ਫਿਰ ਪੈਕਿੰਗ ਮਟੀਰੀਅਲ ਤਿਆਰ ਕਰਨ ਲੱਗ ਪਏ ਹਨ। ਕਿਉਂਕਿ ਪਾਣੀ ਐਕਟ 1974 ਅਤੇ ਹਵਾ ਐਕਟ 1981 ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਾਲ 2016 'ਚ ਖਾਰਜ ਕਰ ਦਿੱਤਾ ਗਿਆ ਸੀ, ਜਿਸ ਕਰਕੇ ਪਾਲੀਥੀਨ ਉਤਪਾਦਨ ਬੰਦ ਹੋ ਗਿਆ ਹੈ। ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਹਾਨੀਕਾਰਕ ਲਿਫਾਫਿਆਂ ਦੇ ਉਤਪਾਦਨ ਬੰਦ ਹੋਣ ਨਾਲ ਸੀਵਰੇਜ ਰੁਕਣ ਦੇ ਨਾਲ ਹੀ ਹੋਰ ਪ੍ਰਦੂਸ਼ਣ ਨਾਲ ਸਬੰਧਤ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ।