ਸੂਬੇ ਦੇ ਹੋਰਨਾਂ ਸਕੂਲਾਂ ਨੂੰ ਦੋਨਾ ਨਾਨਕਾ ਦੇ ਸਕੂਲ ਤੋਂ ਸਿੱਖਣ ਦੀ ਹੈ ਲੋੜ : ਡੀ. ਸੀ. (ਤਸਵੀਰਾਂ)
Monday, Sep 25, 2017 - 01:58 PM (IST)
ਫਾਜ਼ਿਲਕਾ (ਨਾਗਪਾਲ, ਲੀਲਾਧਰ) - ਭਾਰਤ-ਪਾਕਿਸਤਾਨ ਬਾਰਡਰ 'ਤੇ ਸਥਿਤ ਪਿੰਡ ਦੋਨਾ ਨਾਨਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੇ ਮੁਲਕ ਭਰ 'ਚ ਆਪਣੀ ਵਿਲੱਖਣ ਪਛਾਣ ਬਣਾਈ ਹੈ। ਦੇਸ਼ ਦੇ ਰਾਸ਼ਟਰਪਤੀ ਵਲੋਂ ਇਸ ਸਕੂਲ ਦੇ ਅਧਿਆਪਕ ਨੂੰ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਰਹੱਦ 'ਤੇ ਪੈਂਦੇ ਇਸ ਪੇਂਡੂ ਸਰਕਾਰੀ ਸਕੂਲ ਤੋਂ ਸੂਬੇ ਦੇ ਹੋਰਨਾਂ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਸਿੱਖਣ ਦੀ ਲੋੜ ਹੈ ਤਾਂ ਜੋ ਵਿੱਦਿਆ ਦੇ ਖੇਤਰ 'ਚ ਸੂਬੇ ਦਾ ਨਾਂ ਚਮਕਾਇਆ ਜਾ ਸਕੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਨੇ ਦੱਸਿਆ ਕਿ ਇਸ ਸਕੂਲ ਦੀ ਸ਼ਾਨਦਾਰ ਇਮਾਰਤ, ਹਰਿਆ-ਭਰਿਆ ਵਾਤਾਵਰਣ, ਅੱਵਲ ਦਰਜੇ ਦੀ ਸਾਫ-ਸਫਾਈ, ਛੋਟੇ ਬੱਚਿਆਂ ਲਈ ਸਮਾਰਟ ਕਲਾਸਾਂ ਇਸ ਸਕੂਲ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹਨ। ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਇਸ ਸਕੂਲ ਨੇ ਅਣਗਿਣਤ ਮੱਲਾਂ ਮਾਰੀਆਂ ਹਨ, ਜਿਸ ਦਾ ਸਿਹਰਾ ਸਕੂਲ ਦੇ ਮੁੱਖ ਅਧਿਆਪਕ ਲਵਜੀਤ ਸਿੰਘ ਅਤੇ ਸਮੁੱਚੇ ਸਟਾਫ ਨੂੰ ਜਾਂਦਾ ਹੈ। ਸਕੂਲ ਦੇ ਸਮੁੱਚੇ ਸਟਾਫ ਨੂੰ 15 ਅਗਸਤ ਮੌਕੇ ਵੀ ਵਿਸ਼ੇਸ਼ ਤੌਰ 'ਤੇ ਜ਼ਿਲਾ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਸਕੂਲ ਨੂੰ 2015 'ਚ ਸਟੇਟ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਦੋਨਾ ਨਾਨਕਾ ਸਰਕਾਰੀ ਸਕੂਲ ਦੇ ਮੁੱਖ ਅਧਿਆਪਕ ਲਵਜੀਤ ਸਿੰਘ ਨੇ ਦੱਸਿਆ ਕਿ ਉਸ ਨੇ 10 ਦਸੰਬਰ 2001 ਨੂੰ ਬਤੌਰ ਈ. ਟੀ. ਟੀ. ਅਧਿਆਪਕ ਸਿੱਖਿਆ ਵਿਭਾਗ 'ਚ ਪਿੰਡ ਤੇਜਾ ਰੁਹੇਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਆਪਣੀ ਸੇਵਾ ਨਿਭਾਉਣੀ ਸ਼ੁਰੂ ਕੀਤੀ, ਜਦਕਿ ਜੁਲਾਈ 2006 'ਚ ਸਰਹੱਦੀ ਪਿੰਡ ਦੋਨਾ ਨਾਨਕਾ ਦੇ ਸਰਕਾਰੀ ਸਕੂਲ ਵਿਖੇ ਬਦਲੀ ਹੋਣ ਮਗਰੋਂ ਇਸ ਸਕੂਲ ਵਿਖੇ ਸੇਵਾਵਾਂ ਨਿਭਾ ਰਿਹਾ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਦੀ ਨਿਯੁਕਤੀ ਇਸ ਸਕੂਲ ਵਿਖੇ ਹੋਈ ਤਾਂ ਇਸ ਦੀ ਹਾਲਤ ਕਾਫੀ ਖਸਤਾ ਸੀ। ਇਸ ਸਕੂਲ ਦੇ ਬੱਚਿਆਂ ਵੱਲੋਂ ਸੂਬਾ ਪੱਧਰੀ ਖੇਡਾਂ 'ਚ ਵੀ ਹਿੱਸਾ ਲਿਆ ਜਾ ਰਿਹਾ ਹੈ।
