ਅੰਤਰਰਾਸ਼ਟਰੀ ਅੰਗਹੀਣ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਦਾ ਆਯੋਜਨ

Sunday, Dec 03, 2017 - 09:17 PM (IST)

ਅੰਤਰਰਾਸ਼ਟਰੀ ਅੰਗਹੀਣ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਦਾ ਆਯੋਜਨ

ਲੁਧਿਆਣਾ (ਸਲੂਜਾ)-ਪੰਜਾਬ ਸਰਕਾਰ ਦੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਆਰ. ਵੈਂਕਟਰਤਨਮ ਨੇ ਕਿਹਾ ਕਿ ਸੂਬੇ ਵਿਚ ਇਸ ਵੇਲੇ 6.54 ਲੱਖ ਅੰਗਹੀਣ ਵਿਅਕਤੀ ਹਨ, ਜੋ ਕਿ ਸੂਬੇ ਦੀ ਕੁੱਲ ਆਬਾਦੀ ਦਾ 2 ਫੀਸਦੀ ਹਿੱਸਾ ਬਣਦਾ ਹੈ। ਇਨ੍ਹਾਂ ਦੀ ਸਹੂਲਤ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰੇਕ ਸਰਕਾਰੀ ਦਫ਼ਤਰ ਅਤੇ ਜਨਤਕ ਸਥਾਨ 'ਤੇ ਰੈਂਪ ਦੀ ਸਹੂਲਤ, ਬੈਠਣ ਦੀ ਸਹੂਲਤ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਹੋਣ। ਇਸੇ ਤਰ੍ਹਾਂ ਟਰਾਂਪੋਰਟੇਸ਼ਨ ਸਹੂਲਤ ਨੂੰ ਇਨ੍ਹਾਂ ਦੀ ਸੌਖ ਮੁਤਾਬਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਅੰਗਹੀਣ ਵਿਅਕਤੀਆਂ ਨੂੰ ਹਮਦਰਦੀ ਦੀ ਨਹੀਂ ਸਗੋਂ ਸੰਵੇਦਨਾ ਅਤੇ ਪਿਆਰ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਇਨ੍ਹਾਂ ਨੂੰ ਸਮਾਜਿਕ ਅਤੇ ਆਰਥਿਕ ਪੱਖੋਂ ਉੱਪਰ ਚੁੱਕਣ ਲਈ ਉਸਾਰੂ ਭੂਮਿਕਾ ਅਦਾ ਕਰਨੀ ਚਾਹੀਦੀ ਹੈ।
ਅੱਜ ਇਥੇ ਨੇਤਰਹੀਣ ਵਿਦਿਆਰਥੀਆਂ ਲਈ ਚੱਲ ਰਹੇ ਵਿਸ਼ੇਸ਼ ਸਕੂਲ (ਜਮਾਲਪੁਰ) ਵਿਖੇ ਅੰਤਰਰਾਸ਼ਟਰੀ ਅੰਗਹੀਣਤਾ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਵੈਂਕਟਰਤਨਮ ਨੇ ਕਿਹਾ ਕਿ ਅੰਗਹੀਣ (ਵਿਸ਼ੇਸ਼ ਕਾਬਲੀਅਤ ਵਾਲੇ) ਵਿਅਕਤੀਆਂ ਨੂੰ ਭਰੋਸਾ ਦਿੱਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਭਲਾਈ ਲਈ ਬਣਾਏ ਗਏ 'ਰਾਈਟਸ ਆਫ਼ ਪਰਸਨਜ਼ ਵਿਦ ਡਿਸਏਬਿਲਟੀਜ਼ ਐਕਟ-2016' ਨੂੰ ਸਹੀ ਮਾਅਨਿਆਂ ਵਿਚ ਲਾਗੂ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਭਲਾਈ ਲਈ ਬਣਦੇ ਉਚਿਤ ਕਦਮ ਉਠਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਐਕਟ ਦਾ ਪੰਜਾਬੀ ਰੂਪਾਂਤਰਣ ਕੀਤਾ ਜਾ ਰਿਹਾ ਹੈ, ਜਿਸ ਨਾਲ ਅਜਿਹੇ ਵਿਅਕਤੀਆਂ ਨੂੰ ਉਨ੍ਹਾਂ ਦੇ ਵਿਸ਼ੇਸ਼ ਅਧਿਕਾਰਾਂ ਬਾਰੇ ਆਸਾਨੀ ਨਾਲ ਜਾਣਕਾਰੀ ਮਿਲ ਸਕੇਗੀ।
ਵੈਂਕਟਰਤਨਮ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਜਿਹੇ ਲੋਕਾਂ ਨੂੰ ਇਸ ਐਕਟ ਦਾ ਪੰਜਾਬੀ ਰੂਪਾਂਤਰਣ ਕਰਵਾਉਣ ਦਾ ਫੈਸਲਾ ਕੀਤਾ ਹੈ, ਜੋ ਕਿ ਅਗਲੇ ਇਕ ਮਹੀਨੇ ਦੌਰਾਨ ਮੁਕੰਮਲ ਕਰਨ ਦਾ ਟੀਚਾ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਅੰਗਹੀਣ ਵਿਅਕਤੀਆਂ ਲਈ ਜਿਥੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਉੱਥੇ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਇਨ੍ਹਾਂ ਦੇ ਕੋਟੇ ਦੀਆਂ ਖਾਲੀ ਪਈਆਂ ਬੈਂਕਲਾਗ ਆਸਾਮੀਆਂ ਨੂੰ ਜਲਦ ਤੋਂ ਜਲਦ ਭਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿਖੇ ਅਤਿ-ਆਧੁਨਿਕ ਤਕਨੀਕ ਨਾਲ ਲੈੱਸ ਬਰੇਲ ਭਵਨ ਤਿਆਰ ਕਰਵਾਇਆ ਗਿਆ ਹੈ, ਜਿਥੇ ਕਿ ਨੇਤਰਹੀਣ ਵਿਅਕਤੀਆਂ ਲਈ ਸਿੱਖਿਆ ਸਮੱਗਰੀ ਤਿਆਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜ਼ੀਰਕਪੁਰ ਵਿਖੇ ਖੇਤਰੀ ਖੇਡ ਕੇਂਦਰ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਕੇਂਦਰ ਦੇ ਸ਼ੁਰੂ ਹੋਣ ਨਾਲ ਜਿਥੇ ਅੰਗਹੀਣ ਵਿਅਕਤੀ ਆਪਣੇ ਖੇਡ ਕੌਸ਼ਲ ਨੂੰ ਹੋਰ ਨਿਖ਼ਾਰ ਸਕਣਗੇ, ਉਥੇ ਹੀ ਇਸ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਰਨ ਦੇ ਸਮਰੱਥ ਹੋਣਗੇ।
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਭਰੋਸਾ ਦਿਵਾਇਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਵਿਅਕਤੀਆਂ ਅਤੇ ਸਬੰਧਤ ਸੰਸਥਾਵਾਂ ਦੇ ਵਿਕਾਸ ਲਈ ਉਪਰਾਲੇ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ 8 ਸ਼ਖਸੀਅਤਾਂ ਨੂੰ ਸੂਬਾ ਪੱਧਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ 26 ਵਿਅਕਤੀਆਂ ਨੂੰ ਅਲੱਗ-ਅਲੱਗ ਕੰਪਨੀਆਂ ਵੱਲੋਂ ਨੌਕਰੀਆਂ ਲਈ ਨਿਯੁਕਤੀ ਪੱਤਰ ਦਿੱਤੇ ਗਏ ਅਤੇ 11 ਲੋੜਵੰਦਾਂ ਨੂੰ ਟਰਾਈ ਸਾਈਕਲਾਂ ਦੀ ਵੰਡ ਕੀਤੀ ਗਈ।
ਇਸ ਤੋਂ ਪਹਿਲਾਂ ਸ਼੍ਰੀ ਵੈਂਕਟਰਤਨਮ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਕਵਿਤਾ ਸਿੰਘ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੱਲੋਂ ਵੱਖ-ਵੱਖ ਵਿਭਾਗਾਂ ਵੱਲੋਂ ਲਾਈ ਗਈ ਪ੍ਰਦਰਸ਼ਨੀ ਨੂੰ ਵੀ ਦੇਖਿਆ ਗਿਆ। ਸੰਸਥਾ ਦੇ ਵਿਦਿਆਰਥੀਆਂ ਵੱਲੋਂ ਦੇਸ਼-ਭਗਤੀ ਨਾਲ ਸਬੰਧਤ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਦਫਤਰ ਲੁਧਿਆਣਾ ਤੋਂ ਮਾਸ ਮੀਡੀਆ ਅਫਸਰ, ਹਰਜਿੰਦਰ ਸਿੰਘ ਨੇ 'ਅੰਗਹੀਣਤਾ ਦੇ ਕਾਰਨ ਅਤੇ ਇਸ ਦੇ ਰੋਕਥਾਮ' ਬਾਰੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਇਸ ਸਮੇਂ ਡਿਪਟੀ ਡਾਇਰੈਕਟਰ ਹਰਪਾਲ ਸਿੰਘ, ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਇੰਦਰਪ੍ਰੀਤ ਕੌਰ, ਜ਼ਿਲਾ ਪ੍ਰੋਗਰਾਮ ਅਫਸਰ ਰੁਪਿੰਦਰ ਕੌਰ ਹਾਜ਼ਰ ਸਨ।


Related News