ਪੀ. ਜੀ. ਆਈ. ਨੇ ਇਸ ਸਾਲ ਕੀਤਾ 38ਵਾਂ ਆਰਗਨ ਟਰਾਂਸਪਲਾਂਟ, 4 ਲੋਕਾਂ ਨੂੰ ਮਿਲੀ ਨਵੀਂ ਜ਼ਿੰਦਗੀ
Saturday, Nov 11, 2017 - 11:53 AM (IST)
ਚੰਡੀਗੜ੍ਹ (ਪਾਲ) : ਬ੍ਰੇਨ ਡੈੱਡ ਮਰੀਜ਼ਾਂ ਦੇ ਆਰਗਨ ਟਰਾਂਸਪਲਾਂਟ ਕਰਨ ਵਿਚ ਪੀ. ਜੀ. ਆਈ. ਦੇਸ਼ ਦੇ ਚੋਣਵੇਂ ਹਸਪਤਾਲਾਂ ਵਿਚੋਂ ਇਕ ਹੈ। ਸ਼ੁੱਕਰਵਾਰ ਨੂੰ ਪੀ. ਜੀ. ਆਈ. ਨੇ ਇਸ ਸਾਲ ਆਪਣਾ 38ਵਾਂ ਆਰਗਨ ਟਰਾਂਸਪਲਾਂਟ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਕਿਸੇ ਵੀ ਸਰਕਾਰੀ ਹਸਪਤਾਲ ਵਲੋਂ ਕੀਤੇ ਗਏ ਇਹ ਸਭ ਤੋਂ ਵੱਧ ਟਰਾਂਸਪਲਾਂਟ ਹਨ। ਪੀ. ਜੀ. ਆਈ. ਆਰਗਨ ਟਰਾਂਸਪਲਾਂਟ ਵਿਭਾਗ (ਰੋਟੋ) ਦੇ ਨੋਡਲ ਅਫਸਰ ਡਾ. ਵਿਪਨ ਕੌਸ਼ਲ ਦੀ ਮੰਨੀਏ ਤਾਂ ਇਹ ਪੀ. ਜੀ. ਆਈ. ਦੇ ਲਈ ਇਕ ਬੜੇ ਮਾਣ ਦੀ ਗੱਲ ਹੈ ਕਿ ਉਹ ਇੰਨੇ ਬ੍ਰੇਨ ਡੈੱਡ ਮਰੀਜ਼ਾਂ ਦੇ ਅੰਗ ਟਰਾਂਸਪਲਾਂਟ ਕਰ ਕੇ ਲੋੜਵੰਦ ਮਰੀਜ਼ਾਂ ਨੂੰ ਇਕ ਨਵਾਂ ਜੀਵਨ ਦੇ ਰਿਹਾ ਹੈ। ਪਿਛਲੇ 2 ਸਾਲਾਂ ਤੋਂ ਪੀ. ਜੀ. ਆਈ. ਟਰਾਂਸਪਲਾਂਟ ਵਿਚ ਇਕ ਨਵਾਂ ਰਿਕਾਰਡ ਕਾਇਮ ਕਰ ਰਿਹਾ ਹੈ।
ਡਾ. ਕੌਸ਼ਲ ਦੀ ਮੰਨੀਏ ਤਾਂ ਬ੍ਰੇਨ ਡੈੱਡ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀ ਰਜ਼ਾਮੰਦੀ ਦੇ ਬਿਨਾਂ ਡਾਕਟਰ ਅਤੇ ਸਾਡਾ ਵਿਭਾਗ ਕੁਝ ਨਹੀਂ ਕਰ ਸਕਦਾ। ਅਸੀਂ ਉਨ੍ਹਾਂ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀ ਸ਼ੁੱਕਰ ਗੁਜ਼ਾਰ ਹਾਂ, ਜਿਨ੍ਹਾਂ ਦੀ ਬਦੌਲਤ ਇੰਨੇ ਲੋਕਾਂ ਨੂੰ ਨਵਾਂ ਜੀਵਨ ਮਿਲ ਸਕਿਆ ਹੈ। ਲੋਕਾਂ ਵਿਚ ਅਵੇਅਰਨੈੱਸ ਆ ਰਹੀ ਹੈ। ਲੋਕ ਹੁਣ ਅੱਗੇ ਆ ਕੇ ਨਾ ਸਿਰਫ ਇਸ ਦੇ ਬਾਰੇ ਗੱਲ ਕਰਦੇ ਹਨ, ਸਗੋਂ ਸਮਾਂ ਆਉਣ 'ਤੇ ਆਰਗਨ ਡੋਨੇਟ ਕਰਨ ਲਈ ਆਪਣੀ ਸਹਿਮਤੀ ਵੀ ਦੇਣ ਤੋਂ ਪਿੱਛੇ ਨਹੀਂ ਹਟਦੇ।
4 ਲੋਕਾਂ ਨੂੰ ਮਿਲਿਆ ਨਵਾਂ ਜੀਵਨ
ਸੋਲਨ ਦੇ ਰਹਿਣ ਵਾਲੇ ਭੁਪਿੰਦਰ ਕੁਮਾਰ ਦਾ 6 ਨਵੰਬਰ ਨੂੰ ਐਕਸੀਡੈਂਟ ਹੋ ਗਿਆ ਸੀ। ਹਾਦਸੇ ਵਿਚ ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਉਸੇ ਦਿਨ ਹੀ ਲੋਕਲ ਡਾਕਟਰਾਂ ਨੇ ਉਨ੍ਹਾਂ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਸੀ ਪਰ 3 ਦਿਨਾਂ ਦੀ ਜੱਦੋ-ਜਹਿਦ ਤੋਂ ਬਾਅਦ ਵੀ ਉਨ੍ਹਾਂ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਡਾਕਟਰਾਂ ਦੀ ਮੰਨੀਏ ਤਾਂ ਜਿਸ ਸਮੇਂ ਉਨ੍ਹਾਂ ਨੂੰ ਪੀ. ਜੀ. ਆਈ. ਲਿਆਂਦਾ ਗਿਆ ਸੀ, ਉਸ ਸਮੇਂ ਉਨ੍ਹਾਂ ਦੇ ਸਿਰ ਵਿਚ ਕਾਫੀ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਨ੍ਹਾਂ ਦੀ ਹਾਲਤ ਹੋਰ ਜ਼ਿਆਦਾ ਖਰਾਬ ਹੋ ਰਹੀ ਸੀ। ਇਲਾਜ ਦੇ ਬਾਵਜੂਦ ਡਾਕਟਰਾਂ ਨੇ 47 ਸਾਲਾ ਭੁਪਿੰਦਰ ਕੁਮਾਰ ਨੂੰ 9 ਨਵੰਬਰ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਸੀ। ਭਰਾ ਪ੍ਰਦੀਪ ਕੁਮਾਰ ਦੀ ਮੰਨੀਏ ਤਾਂ ਉਨ੍ਹਾਂ ਨੇ ਆਪਣੇ ਭਰਾ ਦੀ ਮੌਤ ਨੂੰ ਵਿਅਰਥ ਨਹੀਂ ਜਾਣ ਦਿੱਤਾ। ਆਰਗਨ ਡੋਨੇਟ ਕਰਨ ਦਾ ਫੈਸਲਾ ਲੈਣਾ ਥੋੜ੍ਹਾ ਮੁਸ਼ਕਿਲ ਸੀ ਪਰ ਉਨ੍ਹਾਂ ਦੇ ਭਰਾ ਦੀ ਬਦੌਲਤ 4 ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਭਰਾ ਵੀ ਉਨ੍ਹਾਂ ਦੇ ਫੈਸਲੇ ਤੋਂ ਸੰਤੁਸ਼ਟ ਹੋਣਗੇ। ਪੀ. ਜੀ. ਆਈ. ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ 2 ਮਰੀਜ਼ਾਂ ਨੂੰ ਕਿਡਨੀ ਟਰਾਂਸਪਲਾਂਟ ਕੀਤੀ ਗਈ ਹੈ, ਉਧਰ 2 ਲੋਕਾਂ ਨੂੰ ਕਾਰਨੀਆ ਟਰਾਂਸਪਲਾਂਟ ਕੀਤੇ ਗਏ ਹਨ।
