ਮਾਨਸਾ ਵਿਖੇ ਬੇਰੁਜ਼ਗਾਰ ਅਧਿਆਪਕਾਂ ’ਤੇ ਹੋਏ ਲਾਠੀਚਾਰਜ ਦੀ ਮੈਜਿਸਟੀਰੀਅਲ ਜਾਂਚ ਦੇ ਹੁਕਮ

Saturday, Dec 11, 2021 - 11:31 PM (IST)

ਮਾਨਸਾ ਵਿਖੇ ਬੇਰੁਜ਼ਗਾਰ ਅਧਿਆਪਕਾਂ ’ਤੇ ਹੋਏ ਲਾਠੀਚਾਰਜ ਦੀ ਮੈਜਿਸਟੀਰੀਅਲ ਜਾਂਚ ਦੇ ਹੁਕਮ

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮਾਨਸਾ ਵਿਖੇ ਰੈਲੀ ਦੌਰਾਨ ਬੀ. ਐੱਡ. ਟੈੱਟ ਪਾਸ ਅਤੇ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ’ਤੇ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਅਨੁਰਾਗ ਵਰਮਾ ਆਈ. ਏ. ਐੱਸ. ਪ੍ਰਮੁੱਖ ਸਕੱਤਰ ਗ੍ਰਹਿ ਪੰਜਾਬ ਨੇ ਮੈਜਿਸਟੀਰੀਅਲ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਗ੍ਰਹਿ-4 ਸ਼ਾਖਾ ਵੱਲੋਂ ਜਾਰੀ ਹੁਕਮ ’ਚ ਲਿਖਿਆ ਗਿਆ ਹੈ ਕਿ 10 ਦਸੰਬਰ ਨੂੰ ਮਾਨਸਾ ਵਿਖੇ ਹੋਏ ਪੁਲਸ ਲਾਠੀਚਾਰਜ ਦੀ ਮੈਜਿਸਟੀਰੀਅਲ ਜਾਂਚ ਕਰਨ ਲਈ ਅਨਮੋਲ ਸਿੰਘ ਧਾਲੀਵਾਲ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਦੀ ਡਿਊਟੀ ਲਗਾਈ ਜਾਂਦੀ ਹੈ। ਇਸ ’ਚ ਲਿਖਿਆ ਗਿਆ ਹੈ ਕਿ ਧਾਲੀਵਾਲ ਆਪਣੀ ਪੜਤਾਲ ਰਿਪੋਰਟ ਮੁਕੰਮਲ ਕਰਕੇ ਇਕ ਹਫ਼ਤੇ ਦੇ ਅੰਦਰ-ਅੰਦਰ ਸਰਕਾਰ ਨੂੰ ਸੌਂਪਣਗੇ ।

PunjabKesari

ਇਹ ਵੀ ਪੜ੍ਹੋ : BSF ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ ਪੰਜਾਬ ਨੇ ਕੀਤਾ SC ਦਾ ਰੁਖ਼, ਸਿੱਧੂ ਨੇ ਸਰਕਾਰ ਨੂੰ ਦਿੱਤੀ ਵਧਾਈ

ਕੀ ਕਹਿਣੈ ਡਿਪਟੀ ਕਮਿਸ਼ਨਰ ਸੰਗਰੂਰ ਦਾ
ਪ੍ਰਮੁੱਖ ਸਕੱਤਰ ਗ੍ਰਹਿ ਵੱਲੋਂ ਜਾਰੀ ਹੋਏ ਇਸ ਪੱਤਰ ਸਬੰਧੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ-ਮੈਜਿਸਟ੍ਰੇਟ ਸੰਗਰੂਰ ਰਾਮਵੀਰ ਨੇ ਦੱਸਿਆ ਕਿ ਇਹ ਪੱਤਰ ਸਰਕਾਰ ਵੱਲੋਂ ਉਨ੍ਹਾਂ ਨੂੰ ਭੇਜਿਆ ਗਿਆ ਸੀ, ਜਿਸ ਨੂੰ ਪ੍ਰਾਪਤ ਕਰਨ ਉਪਰੰਤ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

PunjabKesari

ਲਾਠੀਚਾਰਜ ਦੀ ਜਾਂਚ ਦੇ ਹੁਕਮ ਬੇਰੁਜ਼ਗਾਰਾਂ ਦੀ ਪਹਿਲੀ ਜਿੱਤ : ਸੁਖਵਿੰਦਰ ਸਿੰਘ ਢਿੱਲਵਾਂ
ਪਿਛਲੇ ਦਿਨੀਂ 10 ਦਸੰਬਰ ਨੂੰ ਮਾਨਸਾ ਵਿਖੇ ਮੁੱਖ ਮੰਤਰੀ ਦੀ ਆਮਦ ਮੌਕੇ ਰੁਜ਼ਗਾਰ ਲਈ ਰੋਸ ਪ੍ਰਦਰਸ਼ਨ ਕਰਦੇ ਬੇਰੁਜ਼ਗਾਰ ਅਧਿਆਪਕਾਂ ਉੱਤੇ ਇਕ ਡੀ. ਐੱਸ. ਪੀ. ਵੱਲੋਂ ਕੀਤੇ ਗਏ ਗੈਰ-ਮਨੁੱਖੀ ਅੱਤਿਆਚਾਰ ਵਿਰੁੱਧ ਸਮੁੱਚੇ ਪੰਜਾਬ ’ਚ ਉੱਭਰੇ ਲਾਵੇ ਨੂੰ ਠੱਲ੍ਹਣ ਲਈ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਦੀ ਜਾਂਚ ਲਈ ਨਿਯੁਕਤੀ ਬੇਰੁਜ਼ਗਾਰ ਅਧਿਆਪਕਾਂ ਦੀ ਪਹਿਲੀ ਜਿੱਤ ਹੈ। ਇਸ ਸਬੰਧੀ ਹੋਰ ਗੱਲਬਾਤ ਕਰਦਿਆਂ ਬੇਰੁਜ਼ਗਾਰ ਬੀ. ਐੱਡ. ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਹੰਕਾਰੇ ਡੀ. ਐੱਸ. ਪੀ. ਵੱਲੋ ਬੇਰੁਜ਼ਗਾਰਾਂ ਉੱਤੇ ਜਿਹੜਾ ਜਬਰ ਕੀਤਾ ਗਿਆ ਸੀ, ਇਸ ਦੇ ਵਿਰੁੱਧ ਬੇਰੁਜ਼ਗਾਰਾਂ ਵੱਲੋਂ ਮਾਨਸਾ ਅਤੇ ਜਲੰਧਰ ਸਮੇਤ ਅਨੇਕਾਂ ਥਾਵਾਂ ਉੱਤੇ ਅਰਥੀ ਫੂਕ ਮੁਜ਼ਾਹਰੇ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ ਸਨ।

PunjabKesari

ਨਾਲ ਹੀ ਡਿਪਟੀ ਕਮਿਸ਼ਨਰ ਜਲੰਧਰ ਦਫ਼ਤਰ ਦਾ ਘਿਰਾਓ ਕਰ ਕੇ ਪੰਜਾਬ ਸਰਕਾਰ ਦੇ ਨਾਂ ਮੰਗ ਪਤੱਰ ਭੇਜਿਆ ਸੀ। ਇਨਸਾਫ ਲੈਣ ਲਈ ਆਉਂਦੀ 14 ਦਸੰਬਰ ਨੂੰ ਸੰਗਰੂਰ ਵਿਖੇ ਮੁੜ ਮੁੱਖ ਮੰਤਰੀ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਅਜਿਹੀ ਜਾਂਚ ਦੇ ਹੁਕਮ ਜਾਰੀ ਹੋਣੇ ਬੇਰੁਜ਼ਗਾਰਾਂ ਦੀ ਜਿੱਤ ਹੈ। ਢਿੱਲਵਾਂ ਨੇ ਕਿਹਾ ਕਿ ਬੇਰੁਜ਼ਗਾਰ ਆਪਣਾ ਹੱਕ ਮੰਗ ਰਹੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ’ਤੇ ਇਸ ਤਰ੍ਹਾਂ ਤਸ਼ੱਦਦ ਢਾਹਿਆ ਜਾ ਰਿਹਾ ਹੈ, ਜਿਵੇਂ ਕੋਈ ਉਹ ਸਰਕਾਰ ਲਈ ਖਤਰਾ ਬਣੇ ਹੋਣ ।


author

Manoj

Content Editor

Related News