ਜਲੰਧਰ : ਕਰਫਿਊ 'ਚ ਢਿੱਲ ਨੂੰ ਲੈ ਕੇ ਡੀ. ਸੀ. ਵਲੋਂ ਹੁਕਮ ਜਾਰੀ
Thursday, Apr 30, 2020 - 11:44 PM (IST)
ਜਲੰਧਰ— ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਵਲੋਂ ਕੋਵਿਡ-19 ਨੂੰ ਪਹਿਲਾਂ ਹੀ ਮਹਾਂਮਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ ਅਤੇ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਵਲੋਂ ਵੀ ਕੋਵਿਡ-19 ਮਹਾਂਮਾਰੀ ਨੂੰ ਦੇਸ਼ ਲਈ ਖਤਰਾ ਮੰਨਦੇ ਹੋਏ ਪੂਰੇ ਦੇਸ਼ 'ਚ ਲਾਕਡਾਊਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਕੋਵਿਡ-19 ਮਹਾਂਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਜਲੰਧਰ ਦੇ ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਵਲੋਂ ਕਰਫਿਊ ਲਾਗੂ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਉਨ੍ਹਾਂ ਨੇ ਕਿਹਾ ਕਿ ਕੰਟੇਨਮੈਂਟ ਜ਼ੋਨ 'ਚ ਸਰਕਾਰ ਵਲੋਂ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਜੇਕਰ ਇਨ੍ਹਾਂ ਕੰਟੇਨਮੈਂਟ ਜ਼ੋਨ 'ਚ ਕੋਈ ਦੁਕਾਨ ਖੋਲੇਗਾ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਲੰਧਰ ਦੇ ਡੀ.ਸੀ. ਵਲੋਂ ਹੇਠ ਲਿਖੇ ਅਨੁਸਾਰ ਹੁਕਮ ਜਾਰੀ ਕੀਤੇ ਗਏ ਹਨ :-
(1.) ਪੇਂਡੂ ਖੇਤਰਾਂ 'ਚ ਦੁਕਾਨਾਂ ਨੂੰ 50 ਪ੍ਰਤੀਸ਼ਤ ਕਾਮਿਆਂ ਦੇ ਨਾਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤਕ ਹੀ ਦੁਕਾਨਾ ਖੋਲਣ ਦੀ ਆਗਿਆ ਹੋਵੇਗੀ। ਇਸ ਦੇ ਨਾਲ ਹੀ ਕਿਸੇ ਵੀ ਮਾਲ ਨੂੰ ਖੋਲਣ ਦੀ ਆਗਿਆ ਨਹੀਂ ਹੋਵੇਗੀ।
(2.) ਸ਼ਹਿਰੀ ਖੇਤਰਾਂ 'ਚ ਕਿਸੇ ਵੀ ਬਾਜ਼ਾਰ ਜਾਂ ਮਾਰਕਿਟ ਨੂੰ ਖੋਲਣ ਦੀ ਇਜਾਜ਼ਤ ਨਹੀਂ ਹੋਵੇਗੀ। ਪਰ ਇਨ੍ਹਾਂ ਖੇਤਰਾਂ 'ਚ ਸਟੈਂਡ ਅਲੋਨ ਦੁਕਾਨਾਂ, ਨੇਬਰਹੁੱਡ ਦੁਕਾਨਾਂ ਤੇ ਰਿਹਾਇਸ਼ੀ ਕਲੋਨੀਆਂ ਤੇ ਗੇਟਡ ਕਲੋਨੀਆਂ ਜਾਂ ਵਿਹੜੀਆਂ 'ਚ ਇੱਕਲੀਆਂ-ਇੱਕਲੀਆਂ ਦੁਕਾਨਾਂ ਨੂੰ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤਕ ਹੀ ਖੋਲਣ ਦੀ ਆਗਿਆ ਹੋਵੇਗੀ। ਇਹ ਸਿਰਫ ਉਹ ਦੁਕਾਨਾਂ ਹੋਣਗੀਆਂ ਜਿਹੜੀਆਂ ਵਸਤੂ ਵੇਚਦੀਆਂ ਹਨ। ਇਸ ਤੋਂ ਇਲਾਵਾ ਸੈਲੂਨ, ਨਾਈ ਦੀਆਂ ਦੁਕਾਨਾਂ, ਬਿਊਟੀ ਪਾਰਲਰ ਆਦਿ ਦੁਕਾਨਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਬਾਜ਼ਾਰਾਂ 'ਚ ਜਿਹੜੀਆਂ ਦੁਕਾਨਾਂ ਇਕ ਦੁਸਰੇ ਨਾਲ ਜੁੜੀਆਂ ਹੋਣਗੀਆਂ ਅਜਿਹੀਆਂ ਦੁਕਾਨਾਂ ਨੂੰ ਖੋਲਣ ਦੀ ਆਗਿਆ ਨਹੀਂ ਹੋਵੇਗੀ ਅਤੇ ਮਾਲ ਤੇ ਮਲਟੀਪਲੈਕਸ ਬੰਦ ਰਹਿਣਗੇ।
(3.) ਈ-ਕਾਮਰਸ ਕੰਪਨੀਆਂ ਨੂੰ ਸਿਰਫ ਜ਼ਰੂਰੀ ਵਸਤਾਂ ਹੀ ਘਰ-ਘਰ ਵੇਚਣ ਦੀ ਆਗਿਆ ਹੋਵੇਗੀ।
(4.) ਸ਼ਰਾਬ ਦੇ ਠੇਕੇ ਅਤੇ ਦੁਕਾਨਾਂ ਨੂੰ ਖੋਲਣ ਦੀ ਇਜਾਜ਼ਤ ਨਹੀਂ ਹੋਵੇਗੀ।
(5.) ਹਰ ਦੁਕਾਨ ਦੇ ਬਾਹਰ ਚਿੱਟੇ ਰੰਗ ਦੇ ਗੋਲੇ ਬਣਾਏ ਜਾਣਗੇ ਤਾਂ ਜੋ ਸਮਾਜਿਕ ਦੂਰੀ ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਘੱਟੋ-ਘੱਟ 1.5 ਮੀਟਰ ਦਾ ਫਾਸਲਾ ਰੱਖਿਆ ਜਾਵੇ। ਸਾਰੇ ਦੁਕਾਨਦਾਰਾਂ ਤੇ ਦੁਕਾਨ 'ਤੇ ਕੰਮ ਕਰਦੇ ਵਿਅਕਤੀਆਂ ਵਲੋਂ ਮਾਸਕ ਤੇ ਸੈਨੀਟਾਈਜ਼ਰ ਦਾ ਇਸਤੇਮਾਲ ਕਰਨਾ ਤੇ ਸਮੇਂ-ਸਮੇਂ 'ਤੇ ਕੋਵਿਡ-19 ਸਬੰਧੀ ਪ੍ਰਾਪਤ ਹੋਈਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣਗੇ।
(6.) ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਜਿਵੇਂ ਕਿ ਥੋਕ ਤੇ ਪਰਚੁਨ ਕੈਮਿਸਟਾਂ ਦੀਆਂ ਦੁਕਾਨਾਂ ਨੂੰ ਇਸ ਦਫਤਰ ਪਿੱਠ ਅੰਕਣ ਨੰ. 6193-6210/ਐੱਮ.ਸੀ. 4/ਐੱਮ.ਏ. ਮਿਤੀ 16.04.2020 ਤੇ ਥੋਕ ਕਰਿਆਨੇ ਦੀਆਂ ਮੰਡੀ ਫੈਨਟਨ ਗੰਜ 'ਚ ਸਥਿਤ ਦੁਕਾਨਾਂ ਸਬੰਧੀ ਇਸ ਦਫਤਰ ਦੇ ਪਿੱਠ ਅੰਕਣ ਨੰ. 5618-29/ਐੱਮ.ਸੀ.4/ਐੱਮ.ਏ. ਮਿਤੀ 08.04.2020 ਰਾਹੀਂ ਜੋ ਪਹਿਲਾਂ ਆਗਿਆ ਦਿੱਤੀ ਗਈ ਸੀ ਉਹ ਜਾਰੀ ਰਹੇਗੀ ਅਤੇ ਉਨ੍ਹਾਂ ਦੇ ਸਮੇਂ 'ਚ ਇਨ੍ਹਾਂ ਹੁਕਮਾਂ ਨਾਲ ਕੋਈ ਅਸਰ ਨਹੀਂ ਹੋਵੇਗਾ ਭਾਵ ਉਨ੍ਹਾਂ ਨੂੰ ਖੁਲ੍ਹਣ ਲਈ ਜੋ ਪਹਿਲਾਂ ਸਮਾਂ ਦਿੱਤਾ ਗਿਆ ਸੀ ਉਹ ਉਸ ਅਨੁਸਾਰ ਹੀ ਖੁਲ੍ਹਣਗੀਆਂ।
(7.) ਪਰਿਵਾਰ ਦੇ ਇਕ ਮੈਂਬਰ ਨੂੰ ਹੀ ਜ਼ਰੂਰੀ ਵਸਤਾਂ ਖਰੀਦਣ ਲਈ ਸਵੇਰੇ 7 ਵਜੇ ਤੋਂ 11 ਵਜੇ ਤਕ ਘਰ ਤੋਂ ਬਾਹਰ ਪੈਦਲ ਜਾਣ ਦੀ ਆਗਿਆ ਹੋਵੇਗੀ। ਜੇਕਰ ਕੋਈ ਵਿਅਕਤੀ ਪੈਦਲ ਦੀ ਥਾਂ ਕੋਈ ਵਹੀਕਲ ਲੈ ਕੇ ਸਾਮਾਨ ਲੈਣ ਜਾਂਦਾ ਹੈ ਤਾਂ ਉਸ ਦਾ ਵਹੀਕਲ ਜ਼ਬਤ ਕਰ ਲਿਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹ ਮੈਂਬਰ ਮਾਸਕ ਪਾ ਕੇ ਹੀ ਘਰ ਤੋਂ ਬਾਹਰ ਨਿਕਲੇਗਾ ਅਤੇ ਸਮਾਜਿਕ ਦੂਰੀ ਦੀ ਪਾਲਣਾ ਨੂੰ ਯਕੀਨੀ ਬਣਾਏਗਾ।