ਮੰਡਿਆਲਾ ਵਿਖੇ ਘਰਾਂ ਨੇੜੇ ਖੋਲ੍ਹੇ ਠੇਕੇ ਦਾ ਲੋਕਾਂ ਕੀਤਾ ਡਟ ਕੇ ਵਿਰੋਧ

Tuesday, Jul 25, 2017 - 01:56 AM (IST)

ਨਸਰਾਲਾ/ਸ਼ਾਮਚੁਰਾਸੀ, (ਚੁੰਬਰ)- ਤਲਵੰਡੀ ਲਿੰਕ ਸੜਕ 'ਤੇ ਮੰਡਿਆਲਾ ਵਿਖੇ ਕੁਝ ਘਰਾਂ ਨੇੜੇ ਸ਼ਰਾਬ ਦਾ ਠੇਕਾ ਖੋਲ੍ਹੇ ਜਾਣ 'ਤੇ ਪਿੰਡ ਮੰਡਿਆਲਾ ਦੇ ਸਰਪੰਚ ਦੀ ਅਗਵਾਈ ਵਿਚ ਪਿੰਡ ਦੀਆਂ ਬਹੁ-ਗਿਣਤੀ ਔਰਤਾਂ ਅਤੇ ਪਿੰਡ ਵਾਸੀਆਂ ਨੇ ਡਟ ਕੇ ਵਿਰੋਧ ਕੀਤਾ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਉਕਤ ਠੇਕਾ ਇਥੋਂ ਤੁਰੰਤ ਚੁੱਕਵਾਉਣ ਦੀ ਮੰਗ ਕੀਤੀ। 
ਇਸ ਸਬੰਧੀ ਸਰਪੰਚ ਰੇਸ਼ਮ ਸਿੰਘ, ਨਰਿੰਦਰ ਸਿੰਘ, ਪ੍ਰਕਾਸ਼ ਸਿੰਘ, ਸ਼ਿੰਗਾਰਾ ਸਿੰਘ, ਤਰਸੇਮ ਸਿੰਘ, ਸਾਬਕਾ ਸਰਪੰਚ ਤਰਸੇਮ ਲਾਲ, ਪੰਚ ਮਲਕੀਤ ਸਿੰਘ, ਬੂਟਾ ਸਿੰਘ, ਪਰਮਜੀਤ ਪੰਮਾ, ਅਰਚਨਾ ਦੇਵੀ, ਜਸਵਿੰਦਰ ਕੌਰ, ਸੁਰਜੀਤ ਕੌਰ, ਜਗੀਰ ਕੌਰ, ਸ਼ਕੁੰਤਲਾ ਦੇਵੀ, ਦਲਵੀਰ ਸਿੰਘ, ਦਰਸ਼ਨ ਸਿੰਘ, ਦਿਲਬਾਗ ਸਿੰਘ, ਮਨਜੀਤ ਜੰਡਾ, ਦਲਜਿੰਦਰ ਸਿੰਘ, ਨਰਿੰਦਰ ਸਿੰਘ ਸਮੇਤ ਕਈ ਹੋਰ ਲੋਕਾਂ ਨੇ ਕਿਹਾ ਕਿ ਉਕਤ ਠੇਕਾ ਇਥੇ ਨਾ ਖੋਲ੍ਹਿਆ ਜਾਵੇ ਕਿਉਂਕਿ ਇਹ ਠੇਕਾ ਵੱਸੋਂ ਦੇ ਬਿਲਕੁਲ ਨੇੜੇ ਹੈ, ਜਿਸ ਨਾਲ ਹਰੇਕ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਇਹ ਠੇਕਾ ਮੰਡਿਆਲਾ ਦੀ ਜ਼ਮੀਨ ਲਈ ਮਨਜ਼ੂਰ ਹੋਇਆ ਸੀ ਪਰ ਬਾਦੋਵਾਲ ਦੀ ਜ਼ਮੀਨ 'ਤੇ ਉਕਤ ਠੇਕਾ ਬਣਾ ਦਿੱਤਾ ਗਿਆ। ਠੇਕੇ ਦੇ ਸਾਹਮਣੇ ਕੁਝ ਘਰ ਵੀ ਹਨ। ਉਕਤ ਲਿੰਕ ਸੜਕ ਤੋਂ ਰੋਜ਼ਾਨਾ ਆਸ-ਪਾਸ ਦੇ ਪਿੰਡਾਂ ਦੀਆਂ ਲੜਕੀਆਂ ਸਕੂਲਾਂ ਵਿਚ ਪੜ੍ਹਨ ਲਈ ਜਾਂਦੀਆਂ ਹਨ ਜਿਨ੍ਹਾਂ ਨੂੰ ਇਸ ਠੇਕੇ ਦੇ ਖੁੱਲ੍ਹ ਜਾਣ ਨਾਲ ਸ਼ਰਾਬੀ ਵਿਅਕਤੀਆਂ ਵੱਲੋਂ ਤੰਗ-ਪ੍ਰੇਸ਼ਾਨ ਕਰਨ ਦੀ ਵੀ ਸ਼ੰਕਾ ਹੈ। ਇਸ ਕਰ ਕੇ ਆਵਾਜਾਈ ਵਿਚ ਵੀ ਭਾਰੀ ਵਿਘਨ ਪਵੇਗਾ। ਇਸ ਠੇਕੇ ਦੇ ਖੁੱਲ੍ਹ ਜਾਣ ਨਾਲ ਨੌਜਵਾਨ ਸ਼ਰਾਬ ਪੀਣ ਦੀ ਭੈੜੀ ਲਤ ਦੇ ਸ਼ਿਕਾਰ ਹੋਣਗੇ, ਜਿਸ ਨਾਲ ਨੌਜਵਾਨ ਪੀੜ੍ਹੀ ਦਾ ਵੱਡੀ ਪੱਧਰ 'ਤੇ ਆਰਥਿਕ ਤੇ ਸਰੀਰਕ ਨੁਕਸਾਨ ਹੋਵੇਗਾ। ਉਕਤ ਪੰਚਾਇਤ ਨੇ ਕਿਹਾ ਕਿ ਜੇਕਰ ਇਹ ਠੇਕਾ ਨਾ ਬੰਦ ਕੀਤਾ ਗਿਆ ਤਾਂ ਪਿੰਡ ਵਾਸੀ ਰੋਸ ਵਿਚ ਅਗਲੀ ਰਣਨੀਤੀ ਤਿਆਰ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।


Related News