ਸਾਢੇ 7 ਘੰਟੇ ਚੱਲੇ ਆਪਰੇਸ਼ਨ ਤੋਂ ਬਾਅਦ ਪੀ. ਜੀ. ਆਈ. ਦੇ ਡਾਕਟਰਾਂ ਨੇ ਜੋੜਿਆ ਏ. ਐੱਸ. ਆਈ. ਦਾ ਹੱਥ
Sunday, Apr 12, 2020 - 06:57 PM (IST)
ਪਟਿਆਲਾ (ਜੋਸਨ) : ਪਟਿਆਲਾ ਪੁਲਸ ਦੇ ਏ.ਐੱਸ.ਆਈ. ਹਰਜੀਤ ਸਿੰਘ ਜਿਸ ਦਾ ਹੱਥ ਐਤਵਾਰ ਸਵੇਰੇ ਸਬਜ਼ੀ ਮੰਡੀ ਵਿਖੇ ਹੋਏ ਘਾਤਕ ਹਮਲੇ 'ਚ ਕੱਟਿਆ ਗਿਆ ਸੀ, ਦਾ ਪੀ.ਜੀ.ਆਈ. ਦੇ ਪਲਾਸਟਿਕ ਸਰਜਰੀ ਵਿਭਾਗ ਦੇ ਡਾਕਟਰਾਂ ਨੇ ਸਾਢੇ ਸੱਤ ਘੰਟਿਆਂ ਦੇ ਸਫ਼ਲ ਉਪਰੇਸ਼ਨ ਮਗਰੋਂ ਜੋੜ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਪੀ.ਜੀ.ਆਈ. ਦੇ ਡਾਕਟਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਸਿੱਧੂ ਨੇ ਦੱਸਿਆ ਕਿ ਪੀ.ਜੀ.ਆਈ. ਦੇ ਡਾਕਟਰਾਂ ਨੇ ਏ.ਐਸ.ਆਈ. ਹਰਜੀਤ ਸਿੰਘ ਦਾ ਕੱਟਿਆ ਹੱਥ ਜੋੜਨ ਲਈ ਸਵੇਰੇ 10 ਤੋਂ ਸ਼ਾਮ ਸਾਢੇ 5 ਵਜੇ ਤੱਕ ਲਗਾਤਾਰ ਸਾਢੇ 7 ਘੰਟੇ ਉਪਰੇਸ਼ਨ ਕੀਤਾ ਅਤੇ ਇਹ ਉਪਰੇਸ਼ਨ ਕਾਮਯਾਬ ਰਿਹਾ ਹੈ। ਸਿੱਧੂ ਨੇ ਦੱਸਿਆ ਕਿ ਪੁਲਸ ਦਾ ਇਹ ਜਾਂਬਾਜ਼ ਅਧਿਕਾਰੀ ਹੌਂਸਲੇ ਵਿਚ ਹੈ ਅਤੇ ਇਸ ਦੀ ਅਸਲ ਸਥਿਤੀ ਦਾ 5 ਦਿਨਾਂ ਬਾਅਦ ਪਤਾ ਲੱਗ ਸਕੇਗੀ।
ਇਹ ਵੀ ਪੜ੍ਹੋ : ਏ. ਐੱਸ. ਆਈ. ਦਾ ਹੱਥ ਵੱਢਣ ਤੋਂ ਬਾਅਦ ਪੁਲਸ ਦੀ ਨਿਹੰਗਾਂ ''ਤੇ ਕਾਰਵਾਈ, ਗੋਲੀਬਾਰੀ ਪਿੱਛੋਂ 7 ਗ੍ਰਿਫਤਾਰ
ਇਸੇ ਦੌਰਾਨ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਪਟਿਆਲਾ ਵਿਖੇ ਕਰਫਿਊ ਅਤੇ ਰਾਹਤ ਕਾਰਜਾਂ 'ਚ ਲੱਗੀ ਪੁਲਸ ਉਪਰ ਹਮਲੇ ਨੇ ਪੰਜਾਬ ਤੇ ਪੰਜਾਬੀਅਤ ਨੂੰ ਸ਼ਰਮਸਾਰ ਕੀਤਾ ਹੈ। ਐੱਸ.ਐੱਸ.ਪੀ. ਨੇ ਕਿਹਾ ਕਿ ਇਹ ਬਹੁਤ ਅਫ਼ਸੋਸਨਾਕ ਵਰਤਾਰਾ ਹੈ ਜਦੋਂ ਪੁਲਸ ਦੇ ਉਸ ਹੱਥ ਨੂੰ ਹੀ ਵੱਢ ਦਿੱਤਾ ਗਿਆ, ਜਿਹੜੇ ਆਪਣੀ ਡਿਊਟੀ ਦੇ ਨਾਲ-ਨਾਲ ਲੋੜਵੰਦਾਂ ਦੀ ਮਦਦ ਕਰਦੇ ਹੋਏ ਕਰਫਿਊ ਦੇ ਸ਼ੁਰੂ ਤੋਂ ਹੀ ਲੰਗਰ ਅਤੇ ਰਾਸ਼ਨ ਵੰਡ ਰਹੇ ਸਨ।
ਇਹ ਵੀ ਪੜ੍ਹੋ : ਲੰਬੇ ਆਪ੍ਰੇਸ਼ਨ ਪਿੱਛੋਂ 9 ਨਿਹੰਗ ਕਾਬੂ, 2 ਰਿਵਾਲਵਰ, ਪੈਟਰੋਲ ਬੰਬ, ਕਿਰਪਾਨਾਂ ਤੇ ਭੁੱਕੀ ਬਰਾਮਦ
ਜ਼ਿਲਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਹ ਵਿਅਕਤੀ ਜਿਹੜੇ ਕਿ ਨਿਹੰਗਾਂ ਦੇ ਬਾਣੇ ਵਿਚ ਸਨ, ਨੇ ਬਾਣੇ ਦਾ ਵੀ ਨਿਰਾਦਰ ਕੀਤਾ ਹੈ ਅਤੇ ਇਸ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਉਹ ਥੋੜੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਸ ਨੇ ਜ਼ਿਲੇ ਵਿਚ ਜਿੱਥੇ ਸੰਕਟ ਦੀ ਇਸ ਘੜੀ ਵਿਚ ਆਮ ਲੋਕਾਂ ਨੂੰ ਮਹਾਮਾਰੀ ਤੋਂ ਬਚਾਉਣ ਲਈ ਅਤੇ ਕਰਫਿਊ ਨੂੰ ਲਾਗੂ ਕਰਨ ਲਈ ਦਿਨ ਰਾਤ ਇਕ ਕੀਤਾ ਹੈ, ਉਥੇ ਹੀ ਪੁਲਸ ਨੇ ਲੋੜਵੰਦਾਂ ਨੂੰ ਵੀ ਲੰਗਰ ਤੇ ਰਾਸ਼ਨ ਪਹੁੰਚਾਉਂਦੇ ਹੋਏ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਸ ਉਪਰ ਹਮਲਾ ਕਰਨ ਵਾਲੇ ਅਨਸਰਾਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ ਅਤੇ ਕਿਸੇ ਨੂੰ ਵੀ ਕਾਨੂੰਨ ਨੂੰ ਹੱਥਾਂ 'ਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗਾ।
ਇਹ ਵੀ ਪੜ੍ਹੋ : ਨਿਹੰਗ ਸਿੰਘ ਵਲੋਂ ਪੁਲਸ 'ਤੇ ਕੀਤੇ ਹਮਲੇ 'ਤੇ ਡੀ. ਜੀ. ਪੀ. ਦਾ ਟਵੀਟ, ਸਖਤ ਕਾਰਵਾਈ ਦੇ ਹੁਕਮ