'ਯੁੱਧ ਨਸ਼ਿਆਂ ਵਿਰੁੱਧ' ਦੇ ਦਾਅਵਿਆਂ ਦੀ ਖੁੱਲ੍ਹੀ ਪੋਲ! ਇੰਜੈਕਸ਼ਨ ਲਗਾਉਂਦੇ ਨੌਜਵਾਨਾਂ ਦੀਆਂ ਵੀਡੀਓ ਵਾਇਰਲ
Monday, Feb 16, 2026 - 07:17 PM (IST)
ਬਠਿੰਡਾ (ਵਿਜੈ ਵਰਮਾ) : ਪੰਜਾਬ ਸਰਕਾਰ ਦੇ ਨਸ਼ਾ ਮੁਕਤ ਅਭਿਆਨ ਦੇ ਦਾਵਿਆਂ ਦਰਮਿਆਨ ਬਠਿੰਡਾ ਤੋਂ ਸਾਹਮਣੇ ਆਈਆਂ ਤਸਵੀਰਾਂ ਡਰਾਉਣੀ ਹਕੀਕਤ ਨੂੰ ਬੇਨਕਾਬ ਕਰ ਰਹੀਆਂ ਹਨ। ਪਿਛਲੇ ਦੋ ਦਿਨਾਂ ਵਿੱਚ ਸ਼ਹਿਰ ਨਾਲ ਜੁੜੀਆਂ ਤਿੰਨ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ, ਜਿਨ੍ਹਾਂ ਵਿੱਚ ਨੌਜਵਾਨ ਖੁੱਲ੍ਹੇਆਮ ਚਿੱਟੇ (ਹੈਰੋਇਨ) ਦੇ ਇੰਜੈਕਸ਼ਨ ਲਗਾਉਂਦੇ ਨਜ਼ਰ ਆ ਰਹੇ ਹਨ। ਸੋਮਵਾਰ ਨੂੰ ਸਾਹਮਣੇ ਆਈ ਇਕ ਹੋਰ ਵੀਡੀਓ ਨੇ ਪ੍ਰਸ਼ਾਸਨ ਅਤੇ ਪੁਲਸ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਸੰਤਪੁਰਾ ਰੋਡ ਰੇਲਵੇ ਲਾਈਨਾਂ ਦੇ ਨੇੜੇ ਵਾਇਰਲ ਵੀਡੀਓ 'ਚ ਚਾਰ-ਪੰਜ ਨੌਜਵਾਨ ਸੁੰਨਸਾਨ ਥਾਂ ‘ਤੇ ਬੇਖੌਫ਼ ਹੋ ਕੇ ਇੰਜੈਕਸ਼ਨ ਲਗਾਉਂਦੇ ਦਿੱਖ ਰਹੇ ਹਨ। ਇਹ ਦ੍ਰਿਸ਼ ਦੱਸਦਾ ਹੈ ਕਿ ਨਸ਼ਾ ਤਸਕਰ ਅਤੇ ਨਸ਼ੇੜੀ ਕਿੰਨੇ ਨਿਡਰ ਹੋ ਕੇ ਸ਼ਹਿਰ ਵਿੱਚ ਸਰਗਰਮ ਹਨ। ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਇਹ ਵੀਡੀਓ ਆਪਣੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ, ਜਿਸ ਤੋਂ ਬਾਅਦ ਸ਼ਹਿਰ ਵਿੱਚ ਹੜਕੰਪ ਮਚ ਗਿਆ।
ਇਸ ਤੋਂ ਪਹਿਲਾਂ ਨਸ਼ੇ ਦੀ ਹਾਲਤ 'ਚ ਚੋਰੀ ਕਰਦੇ ਫੜੇ ਗਏ ਇਕ ਨੌਜਵਾਨ ਨੇ ਪੁਲਸ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਸੀ ਕਿ ਸੰਤਪੁਰਾ ਰੋਡ ਰੇਲਵੇ ਲਾਈਨਾਂ ਉੱਪਰ ਸਵੇਰੇ ਤੋਂ ਸ਼ਾਮ ਤੱਕ ਨਸ਼ਾ ਵੇਚਣ ਵਾਲੇ ਖੁੱਲ੍ਹੇਆਮ ਖੜ੍ਹੇ ਰਹਿੰਦੇ ਹਨ। ਮਾਲ ਰੋਡ ਇਲਾਕੇ ਤੋਂ ਵੀ ਨਸ਼ਾ ਵੇਚਣ ਦੀ ਇਕ ਹੋਰ ਵੀਡੀਓ ਵਾਇਰਲ ਹੋ ਚੁੱਕੀ ਹੈ, ਜਿਸ ਨਾਲ ਸਾਫ਼ ਹੈ ਕਿ ਸ਼ਹਿਰ ਦੇ ਕਈ ਹਿੱਸੇ ਨਸ਼ੇ ਦੇ ਹਾਟਸਪਾਟ ਬਣ ਚੁੱਕੇ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਾਰਕ, ਸੁੰਨਸਾਨ ਗਲੀਆਂ ਤੇ ਛੱਡੀਆਂ ਹੋਈਆਂ ਇਮਾਰਤਾਂ ਨਸ਼ੇੜੀਆਂ ਦੇ ਅੱਡੇ ਬਣ ਗਈਆਂ ਹਨ। ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਠੋਸ ਕਾਰਵਾਈ ਨਹੀਂ ਹੋ ਰਹੀ, ਜਿਸ ਨਾਲ ਤਸਕਰਾਂ ਦੇ ਹੌਂਸਲੇ ਬੁਲੰਦ ਹਨ। ਮਾਪਿਆਂ ਨੇ ਚਿੰਤਾ ਜਤਾਈ ਹੈ ਕਿ ਨਸ਼ੇ ਦੀ ਲਤ ਨਾਲ ਨੌਜਵਾਨ ਪੀੜ੍ਹੀ ਬਰਬਾਦੀ ਦੇ ਕਿਨਾਰੇ ਪਹੁੰਚ ਰਹੀ ਹੈ, ਪਰਿਵਾਰ ਆਰਥਿਕ ਅਤੇ ਸਮਾਜਿਕ ਤੌਰ ‘ਤੇ ਟੁੱਟ ਰਹੇ ਹਨ।
ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ ਹੈ ਅਤੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ। ਨੌਜਵਾਨਾਂ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਲਗਾਤਾਰ ਸਾਹਮਣੇ ਆ ਰਹੀਆਂ ਵੀਡੀਓ ਇਹ ਸਵਾਲ ਖੜ੍ਹਾ ਕਰ ਰਹੀਆਂ ਹਨ ਕਿ ਕੀ ਨਸ਼ਿਆਂ ਵਿਰੁੱਧ ਸਰਕਾਰੀ ਮੁਹਿੰਮ ਸਿਰਫ਼ ਕਾਗਜ਼ੀ ਸਾਬਤ ਹੋ ਰਹੀ ਹੈ? ਬਠਿੰਡਾ ਦੀਆਂ ਸੜਕਾਂ ‘ਤੇ ਇੰਜੈਕਸ਼ਨ ਦਾ ਇਹ ਖੁੱਲ੍ਹਾ ਖੇਡ ਪ੍ਰਸ਼ਾਸਨ ਲਈ ਗੰਭੀਰ ਚਿਤਾਵਨੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
