ਸੜਕ ''ਤੇ ਖੜ੍ਹੇ ਪਾਣੀ ਨੇ ਖੋਲ੍ਹੀ ਮਹਿਕਮੇ ਦੀ ਪੋਲ

07/08/2017 1:53:11 AM

ਟਾਂਡਾ, (ਜਸਵਿੰਦਰ)- ਕਹਿਣ ਨੂੰ ਤਾਂ ਪੇਂਡੂ ਸੜਕਾਂ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਹਨ ਪਰ ਜਦੋਂ ਇਨ੍ਹਾਂ ਸੜਕਾਂ ਵੱਲ ਧਿਆਨ ਮਾਰੀਏ ਤਾਂ ਇਨ੍ਹਾਂ ਸੜਕਾਂ ਦੀ ਹਾਲਤ ਥੋੜ੍ਹਾ ਜਿਹਾ ਮੀਂਹ ਪੈਣ 'ਤੇ ਬਦ ਤੋਂ ਬਦਤਰ ਬਣ ਜਾਂਦੀ ਹੈ। ਇਸ ਦੀ ਮਿਸਾਲ ਪੇਸ਼ ਕਰ ਰਹੀ ਹੈ ਮੂਨਕਾਂ ਫਾਟਕ ਤੋਂ ਅਨੇਕਾਂ ਪਿੰਡਾਂ ਤੋਂ ਇਲਾਵਾ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਨੂੰ ਜੋੜਦੀ ਲਿੰਕ ਸੜਕ। ਬਾਦਲ ਸਰਕਾਰ ਦੌਰਾਨ ਭਾਵੇਂ ਇਸ ਸੜਕ 'ਤੇ ਲੁੱਕ-ਬੱਜਰੀ ਆਦਿ ਤਾਂ ਪਵਾ ਦਿੱਤੀ ਗਈ ਪਰ ਇਸ ਸੜਕ ਦੀ ਇਕਸਾਰਤਾ ਨਾ ਹੋਣ ਕਾਰਨ ਸੜਕ 'ਤੇ ਖੜ੍ਹਾ ਗੋਡੇ-ਗੋਡੇ ਪਾਣੀ ਇਸ ਸੜਕ 'ਤੇ ਵਰਤੀ ਮਹਿਕਮੇ ਵੱਲੋਂ ਕੁਤਾਹੀ ਬਿਆਨ ਕਰਦਾ ਹੈ। ਮਹਿਕਮੇ ਵੱਲੋਂ ਭਾਵੇਂ ਜ਼ਿਆਦਾ ਟੁੱਟੀ ਸੜਕ 'ਤੇ ਪੱਥਰ ਪਾਇਆ ਗਿਆ ਤੇ ਸਾਫ਼ ਸੜਕ 'ਤੇ ਸਿਰਫ਼ ਬੱਜਰੀ ਤੇ ਲੁੱਕ ਦੀ ਪੋਚਾ- ਪੋਚੀ ਕੀਤੀ ਪਰ ਇਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪਿਆ। 
ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਵਾਰ-ਵਾਰ ਉਸ ਸਮੇਂ ਦੇ ਡੀ. ਸੀ., ਮਹਿਕਮੇ ਦੇ ਐੱਸ. ਸੀ. ਤੇ ਹੋਰ ਮਹਿਕਮੇ ਦੇ ਅਧਿਕਾਰੀਆਂ ਨੂੰ ਇਕਸਾਰਤਾ 'ਚ ਸੜਕ ਬਣਾਉਣ ਸਬੰਧੀ ਮਿਲਿਆ ਸੀ ਪਰ ਕਿਸੇ ਵੀ ਅਫ਼ਸਰ ਨੇ ਉਸ ਦੀ ਸੁਣਵਾਈ ਨਹੀਂ ਕੀਤੀ, ਜਿਸ ਦਾ ਖਮਿਆਜ਼ਾ ਹੁਣ ਲੋਕਾਂ ਤੇ ਰਾਹਗੀਰਾਂ ਨੂੰ ਭੁਗਤਣਾ ਪਿਆ। ਉਨ੍ਹਾਂ ਕਿਹਾ ਕਿ ਸੜਕ ਨੂੰ ਜੇਕਰ ਇਕਸਾਰ ਰੱਖਿਆ ਗਿਆ ਹੁੰਦਾ ਤਾਂ ਅਜਿਹੀ ਨੌਬਤ ਨਾ ਆਉਂਦੀ। ਉਨ੍ਹਾਂ ਮੌਕੇ ਦੀ ਕਾਂਗਰਸ ਸਰਕਾਰ ਤੋਂ ਮੰਗ ਕੀਤੀ ਕਿ ਸੜਕ ਦੀ ਮਾੜੀ ਦੁਰਦਸ਼ਾ ਨੂੰ ਸੁਧਾਰਿਆ ਜਾਵੇ ਤਾਂ ਜੋ ਰੋਜ਼ਾਨਾ ਲੰਘਣ ਵਾਲੇ ਰਾਹਗੀਰਾਂ ਨੂੰ ਨਿਜਾਤ ਮਿਲ ਸਕੇ। ਮਨਜੀਤ ਸਿੰਘ ਨੇ ਇਸ ਸੜਕ 'ਤੇ ਪਏ ਮਟੀਰੀਅਲ ਦੀ ਸਰਕਾਰ ਤੋਂ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪਿੰਡ ਵਾਸੀ ਵੀ ਹਾਜ਼ਰ ਸਨ।


Related News