ਜਲੰਧਰ ''ਚ ਸ਼ਰਮਸਾਰ ਘਟਨਾ! ਪੁੱਤ ਦੇ ਸਾਹਮਣੇ ਪਿਓ ਨੂੰ ਨੰਗਾ ਕਰ ਕੇ ਕੁੱਟਿਆ, ਤਮਾਸ਼ਬੀਨ ਬਣੇ ਲੋਕ

Sunday, Apr 20, 2025 - 07:36 PM (IST)

ਜਲੰਧਰ ''ਚ ਸ਼ਰਮਸਾਰ ਘਟਨਾ! ਪੁੱਤ ਦੇ ਸਾਹਮਣੇ ਪਿਓ ਨੂੰ ਨੰਗਾ ਕਰ ਕੇ ਕੁੱਟਿਆ, ਤਮਾਸ਼ਬੀਨ ਬਣੇ ਲੋਕ

ਜਲੰਧਰ, (ਜ.ਬ.)– ਜਲੰਧਰ ਦੇ ਚੁਨਮੁਨ ਚੌਕ ਵਿਚ ਸਕਾਰਪੀਓ ਅਤੇ ਸਵਿਫਟ ਦੀ ਮਾਮੂਲੀ ਟੱਕਰ ਨੇ ਹਿੰਸਕ ਰੂਪ ਧਾਰ ਲਿਆ। ਟੱਕਰ ਤੋਂ ਬਾਅਦ ਸਵਿਫਟ ਡਰਾਈਵਰ ਨੇ ਇਕ ਨੌਜਵਾਨ ’ਤੇ ਹੱਥ ਚੁੱਕ ਲਿਆ ਪਰ ਦੇਖਦੇ ਹੀ ਦੇਖਦੇ ਸਕਾਰਪੀਓ ਗੱਡੀ ਵਿਚੋਂ ਨਿਕਲੇ 5-6 ਨੌਜਵਾਨਾਂ ਨੇ ਪਿਓ-ਪੁੱਤ ਦੋਵਾਂ ਨੂੰ ਕਾਬੂ ਕਰ ਲਿਆ। ਪੁੱਤ ਦੇ ਸਾਹਮਣੇ ਉਸ ਦੇ ਪਿਓ ਨੂੰ ਨੰਗਾ ਕਰ ਕੇ ਬੇਰਹਿਮੀ ਨਾਲ ਸੜਕ ’ਤੇ ਭਜਾ-ਭਜਾ ਕੇ ਬੈਲਟਾਂ ਨਾਲ ਕੁੱਟਿਆ, ਜਦਕਿ ਬਾਅਦ ਵਿਚ ਪੁੱਤ ਨਾਲ ਵੀ ਕੁੱਟਮਾਰ ਕੀਤੀ ਗਈ।

ਇਸ ਸਾਰੇ ਵਿਵਾਦ ਦੀ ਵੀਡੀਓ ਵਾਇਰਲ ਹੋਈ ਹੈ। ਲੱਗਭਗ ਸਵਾ 3 ਮਿੰਟ ਦੀ ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਕੁੱਟਮਾਰ ਕਰਨ ਵਾਲਿਆਂ ਵਿਚ ਪੁਲਸ ਦਾ ਕੋਈ ਖੌਫ ਨਹੀਂ ਸੀ। ਇਸ ਦੌਰਾਨ ਮਾਡਲ ਟਾਊਨ ਰੋਡ ’ਤੇ ਕਾਫੀ ਜਾਮ ਵੀ ਲੱਗ ਗਿਆ ਸੀ। ਰਾਹਗੀਰਾਂ ਦੀ ਮੰਨੀਏ ਤਾਂ ਚੁਨਚੁਨ ਚੌਕ ਵਿਚ ਸਕਾਰਪੀਓ ਅਤੇ ਸਵਿਫਟ ਗੱਡੀ ਦੀ ਮਾਮੂਲੀ ਟੱਕਰ ਹੋ ਗਈ ਸੀ। ਪਹਿਲਾਂ ਸਵਿਫਟ ਕਾਰ ਦੇ ਡਰਾਈਵਰ ਨੇ ਸਕਾਰਪੀਓ ਸਵਾਰ ’ਤੇ ਹੱਥ ਚੁੱਕਿਆ, ਜਿਸ ਦੇ ਬਾਅਦ ਇਹ ਵਿਵਾਦ ਵਧ ਗਿਆ।

ਸਕਾਰਪੀਓ ਵਿਚੋਂ ਉਤਰੇ ਲੱਗਭਗ ਅੱਧੀ ਦਰਜਨ ਨੌਜਵਾਨਾਂ ਨੇ ਪਿਓ-ਪੁੱਤ ਦੋਵਾਂ ਨੂੰ ਘੇਰ ਲਿਆ। ਨੌਜਵਾਨਾਂ ਨੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਨੌਜਵਾਨ ਭੱਜ ਕੇ ਇਕ ਦੁਕਾਨ ਵਿਚ ਵੜ ਗਿਆ ਪਰ ਉਸ ਦੇ ਪਿਓ ਨੂੰ ਹਮਲਾਵਰ ਨੌਜਵਾਨਾਂ ਨੇ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ। ਦੂਜੀ ਧਿਰ ਦੇ ਨੌਜਵਾਨ ਦੀ ਵੀ ਕਮੀਜ਼ ਪਾਟ ਗਈ ਪਰ ਹਮਲਾਵਰਾਂ ਨੇ ਲਗਾਤਾਰ ਸਵਿਫਟ ਦੇ ਡਰਾਈਵਰ ’ਤੇ ਬੈਲਟਾਂ ਨਾਲ ਵਾਰ ਕੀਤੇ ਅਤੇ ਥੱਪੜ ਵੀ ਮਾਰੇ।

ਕੁਝ ਨੌਜਵਾਨ ਦੁਕਾਨ ਵਿਚ ਵੜੇ ਨੌਜਵਾਨ ਨੂੰ ਵੀ ਕੱਢ ਕੇ ਬਾਹਰ ਲੈ ਆਏ ਅਤੇ ਫਿਰ ਪਿਓ ਦੇ ਸਾਹਮਣੇ ਉਸ ਨਾਲ ਵੀ ਕੁੱਟਮਾਰ ਕੀਤੀ, ਹਾਲਾਂਕਿ ਲੋਕ ਮੂਕਦਰਸ਼ਕ ਬਣ ਕੇ ਸਭ ਕੁਝ ਦੇਖਦੇ ਰਹੇ। ਤਮਾਸ਼ਬੀਨ ਲੋਕਾਂ ਨੇ ਆਪਣੇ ਮੋਬਾਈਲ ਨਾਲ ਸਵਾ 3 ਮਿੰਟ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਪਰ ਪਿਓ-ਪੁੱਤ ਨੂੰ ਛੁਡਾਉਣ ਲਈ ਕਿਸੇ ਨੇ ਯਤਨ ਨਹੀਂ ਕੀਤਾ। ਆਖਿਰਕਾਰ ਇਕ ਔਰਤ ਨੇ ਵਿਚ ਪੈ ਕੇ ਕੁੱਟਮਾਰ ਰੁਕਵਾਈ, ਜਿਸ ਤੋਂ ਬਾਅਦ ਪੀ. ਸੀ. ਆਰ. ਟੀਮ ਵੀ ਮੌਕੇ ’ਤੇ ਪਹੁੰਚ ਗਈ ਸੀ।

ਓਧਰ ਥਾਣਾ ਨੰਬਰ 6 ਦੇ ਇੰਚਾਰਜ ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਹੈ। ਜੇਕਰ ਉਨ੍ਹਾਂ ਕੋਲ ਸ਼ਿਕਾਇਤ ਆਉਂਦੀ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।


author

Rakesh

Content Editor

Related News