23.27 ਲੱਖ ਦੀ ਆਨਲਾਈਨ ਠੱਗੀ ’ਚ ਇਕ ਮੁਲਜ਼ਮ ਗ੍ਰਿਫ਼ਤਾਰ

Monday, Aug 17, 2026 - 01:36 PM (IST)

23.27 ਲੱਖ ਦੀ ਆਨਲਾਈਨ ਠੱਗੀ ’ਚ ਇਕ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ (ਪ੍ਰੀਕਸ਼ਿਤ) : ਸਾਈਬਰ ਕ੍ਰਾਈਮ ਥਾਣਾ ਪੁਲਸ ਨੇ ਆਨਲਾਈਨ ਵਿੱਤੀ ਧੋਖਾਧੜੀ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮੂਲ ਰੂਪ ਤੋਂ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਰਹਿਣ ਵਾਲੇ ਮੁਹੰਮਦ ਉਮਰ ਵਜੋਂ ਹੋਈ ਹੈ, ਜੋ ਮਾਰਟਿਨ ਪਾਰਾ, ਵੀ. ਆਈ. ਪੀ. ਨਗਰ, ਦੱਖਣੀ 24 ਪਰਗਨਾ, ਪੱਛਮੀ ਬੰਗਾਲ ’ਚ ਰਹਿੰਦਾ ਹੈ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਚੰਡੀਗੜ੍ਹ ਵਾਸੀ ਔਰਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਨਿਵੇਸ਼ ਦੇ ਨਾਮ ’ਤੇ ਉਸ ਨਾਲ ਸਾਈਬਰ ਧੋਖਾਧੜੀ ਕੀਤੀ ਗਈ। ਮੁਲਜ਼ਮਾਂ ਨੇ ਉਸ ਦੇ ਬੈਂਕ ਖਾਤੇ ਤੋਂ ਕੁੱਲ 23 ਲੱਖ 27 ਹਜ਼ਾਰ ਰੁਪਏ ਵੱਖ-ਵੱਖ ਬੈਂਕ ਖਾਤਿਆਂ ’ਚ ਟਰਾਂਸਫਰ ਕਰਵਾ ਲਏ। ਜਾਂਚ ਦੌਰਾਨ ਸਾਹਮਣੇ ਆਇਆ ਕਿ ਪੀੜਤਾ ਨੇ ਆਪਣੇ ਫੇਸਬੁੱਕ ਖਾਤੇ ’ਤੇ ਨਿਵੇਸ਼ ਨਾਲ ਸਬੰਧਤ ਇਕ ਇਸ਼ਤਿਹਾਰ ਦੇਖਿਆ ਸੀ। ਇਸ ਦੇ ਬਾਅਦ ਠੱਗਾਂ ਦੇ ਨਿਰਦੇਸ਼ ’ਤੇ ਉਸਨੂੰ ਇਕ ਵਟਸਐਪ ਗਰੁੱਪ ’ਚ ਜੋੜਿਆ ਗਿਆ।
17.30 ਲੱਖ ਮੁਲਜ਼ਮ ਦੇ ਖ਼ਾਤੇ ’ਚ ਪਹੁੰਚੇ
ਗਰੁੱਪ ਐਡਮਿਨ ਦੇ ਨਿਰਦੇਸ਼ਾਂ ’ਤੇ ਔਰਤ ਨੇ ਵੱਖ-ਵੱਖ ਬੈਂਕ ਖਾਤਿਆਂ ’ਚ ਕੁੱਲ 23.27 ਲੱਖ ਰੁਪਏ ਟਰਾਂਸਫਰ ਕੀਤੇ। ਤਕਨੀਕੀ ਜਾਂਚ ਅਤੇ ਮਨੀ ਟਰੇਲ ਦੇ ਵਿਸ਼ਲੇਸ਼ਣ ’ਚ ਸਾਹਮਣੇ ਆਇਆ ਕਿ ਠੱਗੀ ਦੀ ਰਕਮ ’ਚੋਂ 17 ਲੱਖ 30 ਹਜਾਰ ਰੁਪਏ ਮੁਹੰਮਦ ਉਮਰ ਦੇ ਬੈਂਕ ਖਾਤੇ ’ਚ ਜਮ੍ਹਾਂ ਹੋਏ ਸਨ। ਇਸ ਦੇ ਬਾਅਦ ਸਾਈਬਰ ਕ੍ਰਾਈਮ ਥਾਣਾ ਪੁਲਸ ਦੀ ਟੀਮ ਨੇ ਤਕਨੀਕੀ ਅਤੇ ਫੀਲਡ ਜਾਂਚ ਦੇ ਆਧਾਰ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਥਿਤ ਤੌਰ ’ਤੇ ਸਾਈਬਰ ਕ੍ਰਾਈਮ ’ਚ ਦੋ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ। ਪੁਲਸ ਹੁਣ ਉਨ੍ਹਾਂ ਦੀ ਪਛਾਣ ਤੇ ਗ੍ਰਿਫਤਾਰੀ ਲਈ ਅੱਗੇ ਦੀ ਜਾਂਚ ਕਰ ਰਹੀ ਹੈ। ਮਾਮਲੇ ’ਚ ਤਕਨੀਕੀ ਸਬੂਤਾਂ ਅਤੇ ਮਨੀ ਟਰੇਲ ਦੇ ਆਧਾਰ ’ਤੇ ਹੋਰਨਾ ਮੁਲਜ਼ਮਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

Babita

Content Editor

Related News