ਪੰਜਾਬ ਯੂਨੀਵਰਸਿਟੀ ''ਚ ਵਿਦਿਆਰਥਣ ਦੀ ਮੌਤ ਮਾਮਲੇ ''ਚ ਮੈਜਿਸਟ੍ਰੇਟ ਜਾਂਚ ਦੇ ਹੁਕਮ
Monday, Aug 03, 2026 - 03:04 PM (IST)
ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ ਕੈਂਪਸ ’ਚ 28 ਜੁਲਾਈ ਨੂੰ ਕਰੰਟ ਲੱਗਣ ਕਾਰਨ ਪੀ. ਐੱਚ. ਡੀ. ਖੋਜਾਰਥਣ ਜੋਤੀ ਦੀ ਮੌਤ ਦੇ ਮਾਮਲੇ ’ਚ ਪ੍ਰਸ਼ਾਸਨ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡੀ. ਸੀ. ਨਿਸ਼ਾਤ ਯਾਦਵ ਨੇ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਨੂੰ ਇਕ ਹਫ਼ਤੇ ਅੰਦਰ ਆਪਣੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਂਚ ਕਮੇਟੀ ਦੀ ਅਗਵਾਈ ਯੂ. ਟੀ. ਚੰਡੀਗੜ੍ਹ ਦੇ ਸਮਾਜ ਭਲਾਈ ਨਿਰਦੇਸ਼ਕ ਨਵੀਨ ਰੱਤੂ ਕਰਨਗੇ। ਕਮੇਟੀ ’ਚ ਡੀ. ਐੱਸ. ਪੀ. (ਟ੍ਰੈਫਿਕ) ਲਕਸ਼ਯ ਪਾਂਡੇ ਤੇ ਐਕਸੀਅਨ (ਇਲੈਕਟ੍ਰੀਕਲ) ਗੁਰਪ੍ਰੀਤ ਸਿੰਘ ਬੈਂਸ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਕਮੇਟੀ ਇਹ ਜਾਂਚ ਕਰੇਗੀ ਕਿ ਹਾਦਸਾ ਕਿਹੜੇ ਹਾਲਾਤਾਂ ’ਚ ਵਾਪਰਿਆ, ਮੌਤ ਦਾ ਅਸਲ ਕਾਰਨ ਕੀ ਸੀ ਅਤੇ ਕੀ ਇਸ ਮਾਮਲੇ ’ਚ ਕਿਸੇ ਅਧਿਕਾਰੀ, ਮੁਲਾਜ਼ਮ, ਵਿਭਾਗ ਜਾਂ ਸੰਸਥਾ ਦੀ ਲਾਪਰਵਾਹੀ ਜਾਂ ਜ਼ਿੰਮੇਵਾਰੀ ਬਣਦੀ ਹੈ।
ਸੁਰੱਖਿਆ ਪ੍ਰਬੰਧਾਂ ਦੀ ਵੀ ਹੋਵੇਗੀ ਸਮੀਖਿਆ
ਜਾਂਚ ਦੌਰਾਨ ਪੰਜਾਬ ਯੂਨੀਵਰਸਿਟੀ ਕੈਂਪਸ ’ਚ ਬਿਜਲੀ ਪ੍ਰਬੰਧਾਂ, ਸੁਰੱਖਿਆ ਮਾਪਦੰਡਾਂ ਤੇ ਐਮਰਜੈਂਸੀ ਰਿਸਪਾਂਸ ਸਿਸਟਮ ਦੀ ਵੀ ਸਮੀਖਿਆ ਕੀਤੀ ਜਾਵੇਗੀ। ਕਮੇਟੀ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਲੋੜੀਂਦੇ ਸੁਧਾਰ ਅਤੇ ਸਿਫ਼ਾਰਸ਼ਾਂ ਵੀ ਆਪਣੀ ਰਿਪੋਰਟ ਵਿੱਚ ਸ਼ਾਮਲ ਕਰੇਗੀ। ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਮੁਤਾਬਕ ਕਮੇਟੀ ਨੂੰ ਘਟਨਾ ਸਥਾਨ ਦਾ ਦੌਰਾ ਕਰਨ, ਸਬੰਧਿਤ ਅਧਿਕਾਰੀਆਂ, ਮੁਲਾਜ਼ਮਾਂ ਤੇ ਚਸ਼ਮਦੀਦਾਂ ਦੇ ਬਿਆਨ ਦਰਜ ਕਰਨ ਦੇ ਨਾਲ-ਨਾਲ ਸੀ. ਸੀ. ਟੀ. ਵੀ. ਫੁਟੇਜ, ਤਕਨੀਕੀ ਰਿਪੋਰਟਾਂ ਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਲੋੜ ਪੈਣ ’ਤੇ ਕਮੇਟੀ ਹੋਰ ਸਬੂਤ ਵੀ ਇਕੱਠੇ ਕਰ ਸਕੇਗੀ। ਪ੍ਰਸ਼ਾਸਨ ਨੇ ਪੰਜਾਬ ਯੂਨੀਵਰਸਿਟੀ ਨੂੰ ਜਾਂਚ ’ਚ ਪੂਰਾ ਸਹਿਯੋਗ ਦੇਣ ਲਈ ਵੀ ਕਿਹਾ ਹੈ।
ਹੁਣ ਤੱਕ ਇਹ ਹੋਈ ਕਾਰਵਾਈ
ਜੋਤੀ ਦੀ ਮੌਤ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਪਰਿਵਾਰ ਲਈ 16 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ’ਚ 5 ਲੱਖ ਰੁਪਏ ਕੁਲਪਤੀ ਦੇ ਵਿਵੇਕਾਧੀਨ ਫੰਡ ’ਚੋਂ 11 ਲੱਖ ਰੁਪਏ ਡੀਨ ਸਟੂਡੈਂਟ ਵੈਲਫੇਅਰ (ਡੀ.ਐੱਸ.ਡਬਲਿਊ.) ਦਫ਼ਤਰ ਰਾਹੀਂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜੋਤੀ ਦੇ ਭਰਾ ਨੂੰ ਇਲੈਕਟ੍ਰੀਸ਼ੀਅਨ ਦੇ ਅਹੁਦੇ ’ਤੇ ਨੌਕਰੀ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਉੱਧਰ, ਇਸ ਮਾਮਲੇ ’ਚ ਲਾਪਰਵਾਹੀ ਦੇ ਦੋਸ਼ਾਂ ਤਹਿਤ ਦੋ ਇੰਜੀਨੀਅਰਾਂ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ। ਹੁਣ ਮੈਜਿਸਟ੍ਰੇਟ ਜਾਂਚ ਦੀ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
