ਆਨਲਾਈਨ ਨਿਵੇਸ਼ ਦੇ ਨਾਂ ’ਤੇ 7.50 ਲੱਖ ਦੀ ਠੱਗੀ
Saturday, Jul 27, 2024 - 11:59 AM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਸਾਈਬਰ ਠੱਗਾਂ ਨੇ ਆਨਲਾਈਨ ਨਿਵੇਸ਼ ’ਚ ਚੰਗਾ ਰਿਟਰਨ ਦਿਵਾਉਣ ਦਾ ਝਾਂਸਾ ਦੇ ਕੇ ਟੈਲੀਗ੍ਰਾਮ ਐਪ ਰਾਹੀਂ 7.50 ਲੱਖ ਰੁਪਏ ਦੀ ਠੱਗੀ ਮਾਰ ਲਈ। ਸੈਕਟਰ-41 ਦੇ ਵਸਨੀਕ ਨੀਰਜ ਕੁਮਾਰ ਨੇ ਦੱਸਿਆ ਕਿ ਉਹ ਪੰਜਾਬ ਏ. ਜੀ. ਦਫ਼ਤਰ ’ਚ ਕੰਮ ਕਰਦਾ ਹੈ। ਜਨਵਰੀ ’ਚ ਕਿੱਕ ਸਟਾਰਟਰ ਲਿਮਟਿਡ ਤੋਂ ਦੀਪਿਕਾ ਨਾਂ ਦੀ ਔਰਤ ਦਾ ਵਟਸਐਪ ’ਤੇ ਮੈਸਜ ਆਇਆ ਸੀ। ਔਰਤ ਨੇ ਕਿਹਾ ਕਿ ਉਹ ਆਨਲਾਈਨ ਰੇਟਿੰਗ ਦੇ ਕੇ ਪੈਸੇ ਕਮਾ ਸਕਦੇ ਹਨ।
ਸ਼ਿਕਾਇਤਕਰਤਾ ਉਲਝ ਗਿਆ ਅਤੇ ਤਿੰਨ ਹੋਟਲਾਂ ਦੀ ਰੇਟਿੰਗ ਦਾ ਕੰਮ ਪੂਰਾ ਕਰਨ ਤੋਂ ਬਾਅਦ ਉਸ ਦੇ ਖ਼ਾਤੇ ’ਚ 150 ਰੁਪਏ ਆ ਗਏ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਟੈਲੀਗ੍ਰਾਮ ਸਮੂਹ ’ਚ ਸ਼ਾਮਲ ਕੀਤਾ ਗਿਆ ਤੇ ਆਨਲਾਈਨ ਵਪਾਰ ਅਤੇ ਨਿਵੇਸ਼ ਲਈ ਖ਼ਾਤਾ ਖੋਲ੍ਹਿਆ ਗਿਆ। ਮੁਲਜ਼ਮਾਂ ਦੇ ਕਹਿਣ ’ਤੇ 1 ਹਜ਼ਾਰ ਦਾ ਨਿਵੇਸ਼ ਕੀਤਾ ਤੇ ਖ਼ਾਤੇ ’ਚ 1625 ਰੁਪਏ ਆ ਗਏ। ਇਸ ਤੋਂ ਬਾਅਦ ਧੋਖੇਬਾਜ਼ਾਂ ਨੇ ਨਿਵੇਸ਼ ਸਬੰਧੀ ਹਦਾਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮੁਲਜ਼ਮਾਂ ਦੇ ਕਹਿਣ ’ਤੇ ਕਰੀਬ ਸਾਢੇ ਸੱਤ ਲੱਖ ਰੁਪਏ ਵੱਖ-ਵੱਖ ਖ਼ਾਤਿਆਂ ’ਚ ਜਮ੍ਹਾਂ ਕਰਵਾਏ ਪਰ ਕੋਈ ਲਾਭ ਨਹੀਂ ਹੋਇਆ। ਧੋਖੇਬਾਜ਼ ਹੋਰ ਪੈਸੇ ਲਾਉਣ ਦੀ ਮੰਗ ਕਰਦੇ ਰਹੇ। ਅਖ਼ੀਰ ਸ਼ਿਕਾਇਤਕਰਤਾ ਨੇ ਠੱਗੀ ਦਾ ਅਹਿਸਾਸ ਹੋਣ ’ਤੇ ਪੁਲਸ ਨੂੰ ਸ਼ਿਕਾਇਤ ਕੀਤੀ।