ਜ਼ੋਮੈਟੋ ਦੀ ਇਕ ਵਾਰ ਫਿਰ ਲੋਕ ਕਰ ਰਹੇ ਕਿਰਕਿਰੀ

02/10/2019 9:50:49 AM

ਜਲੰਧਰ (ਮ੍ਰਿਦੁਲ) - ਆਨਲਾਈਨ ਫੂਡ ਪੋਰਟਲ ਜ਼ੋਮੈਟੋ ਦੀ ਖਿਲਾਫਤ ਦਿਨ-ਬ-ਦਿਨ ਵਧਦੀ ਜਾ ਰਹੀ ਹੈ, ਕਿਉਂਕਿ ਜ਼ੋਮੈਟੋ ਤੋਂ ਲਿਆਂਦਾ ਫੂਡ ਬਿਲਕੁਲ ਖਾਣ ਯੋਗ ਨਹੀਂ ਮਿਲ ਰਿਹਾ। ਭਾਵੇਂ ਇਹ ਪਹਿਲੀ ਵਾਰ ਨਹੀਂ ਹੈ ਕਿ ਜ਼ੋਮੈਟੋ ਦੀ ਡਲਿਵਰੀ ਦੌਰਾਨ ਫੂਡ ਨੂੰ ਖਰਾਬ ਕੀਤਾ ਗਿਆ ਹੈ। ਇਸ ਸਬੰਧੀ ਲੋਕ ਸੋਸ਼ਲ ਮੀਡੀਆ 'ਤੇ ਜ਼ੋਮੈਟੋ ਅਤੇ ਨਿੱਜੀ ਰੈਸਟੋਰੈਂਟ ਦੇ ਖਿਲਾਫ ਪੋਸਟ ਪਾ ਰਹੇ ਹਨ। ਤਾਜ਼ੀ ਮਿਸਾਲ ਜਲੰਧਰ ਦੇ ਇਕ ਪਾਸ਼ ਹੋਟਲ ਸੰਨੀ ਸਾਈਡਅਪ ਦੀ ਹੈ, ਜਿਥੇ ਨਿਤਿਨ ਬਹਿਲ ਨੇ ਆਪਣੇ ਅਤੇ ਪਰਿਵਾਰ ਲਈ ਨਾਨ-ਵੈੱਜ਼ ਫੂਡ ਆਰਡਰ ਕੀਤਾ ਸੀ। ਆਰਡਰ ਕਰਨ ਲਈ ਉਨ੍ਹਾਂ ਜ਼ੋਮੈਟੋ ਐਪ ਦੀ ਵਰਤੋਂ ਕੀਤੀ ਸੀ। ਜ਼ੋਮੈਟੋ ਐਪ ਦੇ ਜ਼ਰੀਏ ਉਨ੍ਹਾਂ ਮਾਡਲ ਟਾਊਨ ਦੀ ਨਿਊ ਜਵਾਹਰ ਨਗਰ ਮਾਰਕੀਟ ਵਿਚ ਸਥਿਤ ਸੰਨੀ ਸਾਈਡਅਪ ਦੀ ਕਿਲੋ ਕਿਚਨ ਤੋਂ ਮਟਨ ਬੋਟੀ ਕਬਾਬ ਮੰਗਵਾਇਆ।

ਉਨ੍ਹਾਂ ਦਾ ਦੋਸ਼ ਹੈ ਕਿ ਜਦੋਂ ਉਨ੍ਹਾਂ ਪਹਿਲਾਂ ਆਰਡਰ ਕੀਤਾ ਤਾਂ ਆਰਡਰ ਬਿਲਕੁਲ ਠੀਕ ਸੀ ਪਰ ਜਦੋਂ ਬੀਤੀ ਰਾਤ ਉਨ੍ਹਾਂ ਦੇ ਘਰ ਜ਼ੋਮੈਟੋ ਦੇ ਡਲਿਵਰੀ ਬੁਆਏ ਨੇ ਆਰਡਰ ਘਰ ਪਹੁੰਚਾਇਆ ਤਾਂ ਉਸ ਨੂੰ ਖੋਲ੍ਹ ਕੇ ਵੇਖਿਆ ਤਾਂ ਮਟਨ ਦੀ ਥਾਂ ਇਕ ਅਨੋਖੀ ਡਿਸ਼ ਸੀ, ਜੋ ਕਿ ਦੇਖਣ ਵਿਚ ਮਟਨ ਭੜਥਾ ਬੋਟੀ ਕਬਾਬ ਲੱਗਦਾ ਸੀ। ਉਨ੍ਹਾਂ ਜਦੋਂ ਇਸ ਬਾਰੇ ਸੰਨੀ ਸਾਈਡਅਪ ਰੈਸਟੋਰੈਂਟ 'ਚ ਫੋਨ ਕੀਤਾ ਤਾਂ ਰੈਸਟੋਰੈਂਟ ਦੇ ਮੈਨੇਜਰ ਨੇ ਜਵਾਬ ਦਿੱਤਾ ਕਿ ਜ਼ੋਮੈਟੋ ਦੇ ਡਲਿਵਰੀ ਬੁਆਏ ਆਰਡਰ ਲੈਣ ਲਈ ਸਿੱਧਾ ਰੈਸਟੋਰੈਂਟ ਦੀ ਕਿਚਨ 'ਚ ਚਲੇ ਜਾਂਦੇ ਹਨ, ਜਿਥੋਂ ਆਰਡਰ ਲੈਣ ਤੋਂ ਬਾਅਦ ਵਾਪਸ ਚਲੇ ਜਾਂਦੇ ਹਨ।

ਨਿਤਿਨ ਦਾ ਕਹਿਣਾ ਹੈ ਕਿ ਇਸ ਬਾਰੇ ਉਨ੍ਹਾਂ ਜ਼ੋਮੈਟੋ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ, ਜਿਸ ਬਾਰੇ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਇਸ ਸਬੰਧ ਵਿਚ ਨਿਤਿਨ ਬਹਿਲ ਨੇ ਫੇਸਬੁੱਕ 'ਤੇ ਪੋਸਟ ਸ਼ੇਅਰ ਕਰ ਕੇ ਆਪਣੇ ਨਾਲ ਹੋਏ ਧੋਖੇ ਤੋਂ ਲੋਕਾਂ ਨੂੰ ਜਾਣੂ ਕਰਵਾਉਂਦਿਆਂ ਤਿੱਖੇ ਦੋਸ਼ ਲਾਉਂਦਿਆਂ ਕਿਹਾ ਕਿ ਲੋਕ ਉਨ੍ਹਾਂ ਨਾਲ ਹੋਏ ਧੋਖੇ ਤੋਂ ਸਿੱਖਣ ਅਤੇ ਇਸ ਤਰ੍ਹਾਂ ਦੇ ਸ਼ਹਿਰ ਦੇ ਪੁਰਾਣੇ ਅਤੇ ਮਸ਼ਹੂਰ ਰੈਸਟੋਰੈਂਟ ਤੋਂ ਆਰਡਰ ਨਾ ਹੀ ਕਰਨ ਤਾਂ ਚੰਗਾ ਕਿਉਂਕਿ ਇਸ ਤਰ੍ਹਾਂ ਦੇ ਵੱਡੇ ਰੈਸਟੋਰੈਂਟ ਜੇਕਰ ਆਪਣੀ ਕੁਆਲਿਟੀ ਅਤੇ ਹਾਈਜਿਨ ਨਾਲ ਸਮਝੌਤਾ ਕਰ ਸਕਦੇ ਹਨ ਤਾਂ ਇਸ ਨਾਲ ਸਿਹਤ ਨੂੰ ਨੁਕਸਾਨ ਹੀ ਪੁੱਜੇਗਾ। ਲੋਕਾਂ ਨਾਲ ਇਸ ਤਰ੍ਹਾਂ ਦਾ ਧੋਖਾ ਨਾ ਹੋਵੇ, ਇਸ ਲਈ ਸੰਨੀ ਸਾਈਡਅਪ ਰੈਸਟੋਰੈਂਟ ਦੀ ਕਿਲੋ ਕਿਚਨ ਤੋਂ ਆਰਡਰ ਨਾ ਹੀ ਮੰਗਵਾਓ।


rajwinder kaur

Content Editor

Related News