ਸੁਰੱਖਿਆ ਏਜੰਸੀਆਂ ਦੀ ਨਜ਼ਰ ਤੋਂ ਬਾਹਰ ਹੈ ਆਨਲਾਈਨ 'ਡਰੋਨ' ਸ਼ਾਪਿੰਗ?

10/31/2019 9:53:25 AM

ਲੁਧਿਆਣਾ (ਨਵੀਨ ਗੋਗਨਾ) - ਵਿਗਿਆਨ ਨੇ ਹਰ ਕੰਮ ਇੰਨਾ ਕੁ ਸੌਖਾ ਕਰ ਦਿੱਤਾ ਹੈ ਕਿ ਹਰ ਚੀਜ਼ ਸਾਨੂੰ ਘਰ ਬੈਠਿਆਂ ਪ੍ਰਾਪਤ ਹੋ ਰਹੀ ਹੈ। ਬੇਸ਼ੱਕ ਉਹ ਚੀਜ਼ ਸਾਡੇ ਲਈ ਫਾਈਦੇਮੰਦ ਅਤੇ ਦੇਸ਼ ਲਈ ਨੁਕਸਾਨਦੇਹ ਹੀ ਕਿਉਂ ਨਾ ਹੋਵੇ। ਭਾਵੇਂ ਸਰਕਾਰ ਵਲੋਂ ਕਈ ਆਨਲਾਈਨ ਸ਼ਾਪਿੰਗ ਕਰਵਾਉਣ ਵਾਲੀਆਂ ਸਾਈਟਾਂ ਨੇ ਗੈਰ-ਕਾਨੂੰਨੀ ਸਾਮਾਨ ਵੇਚਣ ਤੋਂ ਸਖਤ ਮਨ੍ਹਾ ਕੀਤਾ ਹੋਇਆ ਹੈ ਪਰ ਕਈ ਅਜਿਹੀਆਂ ਆਨਲਾਈਨ ਵੈੱਬਸਾਈਟਾਂ ਵੀ ਹਨ, ਜੋ ਲਾਲਚ ਪਿੱਛੇ ਅਜਿਹਾ ਸਾਮਾਨ ਵੇਚ ਰਹੀਆਂ ਹਨ, ਜਿਸ ਦੀ ਸਾਡੇ ਦੇਸ਼ ਦੇ ਅੰਦਰ ਪੂਰਨ ਤੌਰ 'ਤੇ ਪਾਬੰਦੀ ਲੱਗੀ ਹੋਈ ਹੈ, ਉਹ ਹੈ 'ਡਰੋਨ'।

ਪਿਛਲੇ ਕੁਝ ਮਹੀਨਿਆਂ ਤੋਂ ਚਰਚਾ 'ਚ ਹੈ ਪਾਕਿਸਤਾਨੀ ਡਰੋਨ
ਦੱਸ ਦੇਈਏ ਕਿ ਪੰਜਾਬ ਦੀਆਂ ਸਰਹੱਦਾਂ 'ਤੇ ਕੁਝ ਦਿਨ ਪਹਿਲਾਂ ਪਾਕਿਸਤਾਨ ਤੋਂ ਉੱਡ ਕੇ ਆ ਰਹੇ ਡਰੋਨਾਂ ਦਾ ਕਾਫੀ ਜ਼ਿਆਦਾ ਰੌਲਾ ਹੈ। ਪਾਕਿ 'ਤੇ ਦੋਸ਼ ਲੱਗ ਰਿਹਾ ਕਿ ਪਾਕਿ ਵਲੋਂ ਭਾਰਤ ਅੰਦਰ ਡਰੋਨਾਂ ਰਾਹੀਂ ਹਥਿਆਰ ਭੇਜੇ ਜਾ ਰਹੇ ਹਨ। ਭਾਵੇਂ ਕਿ ਪਾਕਿ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਰਿਹਾ ਹੈ ਪਰ ਭਾਰਤੀ ਸੁਰੱਖਿਆ ਏਜੰਸੀਆਂ ਵਲੋਂ ਪਾਕਿ 'ਤੇ ਇਸ ਗੱਲ ਦਾ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਆਪਣੇ 'ਤੇ ਲੱਗੇ ਦੋਸ਼ ਕਬੂਲੇ। ਭਾਵੇਂ ਸਾਡਾ ਦੇਸ਼ ਪਾਕਿ ਨਾਲੋਂ ਤਰੱਕੀ ਪੱਖੋਂ ਕਾਫੀ ਅੱਗੇ ਹੈ ਪਰ ਭਾਰਤੀ ਏਜੰਸੀਆਂ ਹਾਈਟੈੱਕ ਹੋਏ ਪਾਕਿ ਦੇ ਡਰੋਨਾਂ ਨੂੰ ਤਾਂ ਫੜ ਨਹੀਂ ਪਾ ਰਹੀਆਂ, ਜਿਸ ਤੋਂ ਪਤਾ ਲੱਗਦਾ ਕਿ ਸਭ ਡਰਾਮਾ ਹੀ ਹੋ ਰਿਹਾ ਹੈ। ਇਸ ਵੇਲੇ ਡਰੋਨਾਂ ਦਾ ਭਾਰਤੀ ਹੱਦ 'ਚ ਦਾਖਲ ਹੋਣਾ ਭਾਵੇਂ ਖਤਰੇ ਤੋਂ ਖਾਲੀ ਨਹੀਂ ਪਰ ਅਸਲੀਅਤ ਤਾਂ ਇਹ ਹੈ ਕਿ ਡਰੋਨ ਆਖਰ ਪਾਕਿ ਭੇਜ ਕਿਉਂ ਰਿਹਾ ਹੈ? ਕੀ ਹਥਿਆਰ ਪਾਕਿ ਤੋਂ ਡਰੋਨਾਂ ਜ਼ਰੀਏ ਆ ਰਹੇ ਹਨ?

ਦੱਸ ਦਈਏ ਕਿ ਭਾਰਤ ਅੰਦਰ ਅਜਿਹੀਆਂ ਆਨਲਾਈਨ ਸ਼ਾਪਿੰਗ ਵੈੱਬਸਾਈਟਾਂ ਚੱਲ ਰਹੀਆਂ ਹਨ, ਜੋ ਸਸਤੇ ਭਾਅ 'ਡਰੋਨ' ਵੇਚ ਰਹੀਆਂ ਹਨ। ਡਰੋਨਾਂ ਨੂੰ ਕਈ ਲੋਕ ਆਪਣੀਆਂ ਤਸਵੀਰਾਂ ਖਿੱਚਣ ਲਈ ਮੰਗਵਾ ਰਹੇ ਹਨ ਅਤੇ ਕਈ ਵਿਅਕਤੀ ਗਲਤ ਸੋਚ ਰੱਖ ਕੇ ਇਸ ਦਾ ਗਲਤ ਇਸਤੇਮਾਲ ਕਰ ਰਹੇ ਹਨ, ਜਿਸ ਪ੍ਰਤੀ ਸੁਰੱਖਿਆ ਏਜੰਸੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਪਿਛਲੇ ਦਿਨੀਂ ਪ੍ਰਸ਼ਾਸਨ ਨੇ ਬਿਆਨ ਜਾਰੀ ਕਰਦਿਆਂ ਫੋਟੋਗ੍ਰਾਫਰਾਂ ਨੂੰ ਡਰੋਨ ਉਡਾਉਣ ਤੋਂ ਮਨ੍ਹਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ। ਪ੍ਰਸ਼ਾਸਨ ਦੇ ਇਸ ਬਿਆਨ ਦਾ ਫੋਟੋਗ੍ਰਾਫਰਾਂ ਵਲੋਂ ਵਿਰੋਧ ਕੀਤਾ ਗਿਆ ਤੇ ਮੰਗ ਕੀਤੀ ਗਈ ਸੀ ਕਿ ਵਿਆਹਾਂ ਅਤੇ ਹੋਰ ਖੁਸ਼ੀ ਦੇ ਮੌਕਿਆਂ 'ਤੇ ਡਰੋਨ ਉਡਾਉਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਉਨ੍ਹਾਂ ਦੀ ਕਿਸੇ ਨੇ ਇਕ ਨਾ ਸੁਣੀ। ਹਾਲਾਂਕਿ ਖੁੱਲ੍ਹੇਆਮ ਡਰੋਨ ਵੇਚ ਰਹੀਆਂ ਆਨਲਾਈਨ ਵੈਬਸਾਈਟਾਂ ਤੋਂ ਪ੍ਰਸ਼ਾਸਨ ਦਾ ਧਿਆਨ ਪਤਾ ਨਹੀਂ ਕਿਉਂ ਪਾਸੇ ਹੈ? ਜੇਕਰ ਸਰਹੱਦਾਂ 'ਤੇ ਪਾਕਿ ਵਲੋਂ ਡਰੋਨ ਉਡਾਏ ਜਾਣ ਦੀਆਂ ਖਬਰਾਂ ਸੱਚੀਆਂ ਹਨ ਤਾਂ ਭਾਰਤ ਅੰਦਰੋਂ ਖੁੱਲ੍ਹੇਆਮ ਮਿਲ ਰਹੇ ਡਰੋਨਾਂ ਦੀਆਂ ਖਬਰਾਂ ਝੂਠੀਆਂ ਨਹੀਂ। ਜੇਕਰ ਸਰਕਾਰ ਤੇ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਪਾਕਿ ਸਾਡੇ 'ਤੇ ਡਰੋਨਾਂ ਜ਼ਰੀਏ ਹਮਲਾ ਕਰ ਸਕਦੈ ਤਾਂ ਸਰਕਾਰਾਂ ਨੂੰ ਇਹ ਵੀ ਸੋਚ ਲੈਣਾ ਚਾਹੀਦਾ ਹੈ ਕਿ ਖੁੱਲ੍ਹੇਆਮ ਭਾਰਤ ਅੰਦਰ ਡਰੋਨ ਵੇਚ ਰਹੀਆਂ ਆਨਲਾਈਨ ਵੈੱਬਸਾਈਟਾਂ ਕਿਸੇ ਵੇਲੇ ਕਿਸੇ ਦੇ ਹੱਥ 'ਚ ਡਰੋਨ ਫੜਾ ਕੇ ਹਮਲੇ ਕਰਵਾ ਸਕਦੀਆਂ ਹਨ?  


rajwinder kaur

Content Editor

Related News