ਜਲੰਧਰ ਵਿਖੇ ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, ਵਾਹਨਾਂ ਦੇ ਉੱਡੇ ਪਰਖੱਚੇ, 1 ਦੀ ਹੋਈ ਦਰਦਨਾਕ ਮੌਤ

03/21/2024 6:41:31 PM

ਮਲਸੀਆਂ (ਅਰਸ਼ਦੀਪ)- ਸਥਾਨਕ ਲੋਹੀਆਂ ਰੋਡ ’ਤੇ ਪਿੰਡ ਮੱਲੀਵਾਲ ਦੇ ਨਜ਼ਦੀਕ ਵਾਪਰੇ ਭਿਆਨਕ ਸੜਕ ਹਾਦਸੇ ’ਚ ਇਕ ਦੀ ਮੌਤ ਅਤੇ ਇਕ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਆਈ-20 ਗੱਡੀ ਰੂਪੇਵਾਲ ਤੋਂ ਮਲਸੀਆਂ ਵੱਲ ਆ ਰਹੀ ਸੀ ਅਤੇ ਸਾਹਮਣੇ ਤੋਂ ਡਿਸਕਵਰ ਮੋਟਰਸਾਈਕਲ ਮਲਸੀਆਂ ਤੋਂ ਲੋਹੀਆਂ ਵੱਲ ਜਾ ਰਿਹਾ ਸੀ, ਜਿਸ ਨੂੰ ਕੁਲਵੰਤ (26) ਪੁੱਤਰ ਮੰਗਤ ਰਾਮ ਵਾਸੀ ਢੰਡੋਵਾਲ ਚਲਾ ਰਿਹਾ ਸੀ, ਜਿਸ ਨਾਲ ਮੋਟਰਸਾਈਕਲ ਦੇ ਪਿੱਛੇ ਸ਼ੰਕਰ ਕੁਮਾਰ (20) ਪੁੱਤਰ ਮੋਹਣ ਵਾਸੀ (ਬਿਹਾਰ) ਹਾਲ ਵਾਸੀ ਮੋਗਾ ਰੋਡ ਸ਼ਾਹਕੋਟ ਸਵਾਰ ਸੀ।

ਇਹ ਦੋਵੇਂ ਜਦੋਂ ਵਾਹਨ ਪਿੰਡ ਮੱਲੀਵਾਲ ਨਜ਼ਦੀਕ ਕ੍ਰਿਸ਼ਨਾ ਕੋਲਡ ਸਟੋਰ ਸਾਹਮਣੇ ਪਹੁੰਚੇ ਤਾਂ ਆਹਮੋ-ਸਾਹਮਣੇ ਆਪਸ ’ਚ ਟਕਰਾ ਗਏ। ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਕੁਲਵੰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੋਟਰਸਾਈਕਲ ਦੇ ਪਿੱਛੇ ਬੈਠਾ ਸ਼ੰਕਰ ਕੁਮਾਰ ਲੱਤ ਟੁੱਟਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਆਈ-20 ਕਾਰ ਦੇ ਏਅਰਬੈਗ ਖੁੱਲ੍ਹਣ ਕਾਰਨ ਕਾਰ ਸਵਾਰ ਵਾਲ-ਵਾਲ ਬਚ ਗਿਆ। ਇਸ ਹਾਦਸੇ ’ਚ ਜ਼ਖ਼ਮੀ ਸ਼ੰਕਰ ਕੁਮਾਰ ਨੂੰ 108 ਐਂਬੂਲੈਂਸ ਦੇ ਰਾਹੀਂ ਸਰਕਾਰੀ ਹਸਪਤਾਲ ਸ਼ਾਹਕੋਟ ’ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਜਲੰਧਰ ਰੈਫਰ ਕਰ ਦਿੱਤਾ। ਪੁਲਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤੀ।

ਇਹ ਵੀ ਪੜ੍ਹੋ: ਕਿਸਾਨੀ ਮਸਲੇ 'ਤੇ ਖੁੱਲ੍ਹ ਕੇ ਬੋਲੇ ਸੁਨੀਲ ਜਾਖੜ, ਕਿਹਾ-ਕਿਸਾਨੀ ਮੁੱਦੇ ਨੂੰ ਗੰਭੀਰਤਾ ਨਾਲ ਘੋਖਣਾ ਪਵੇਗਾ

PunjabKesari

ਮਲਸੀਆਂ ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਟਰੈਕਟਰ ਦੇ ਮਗਰ ਰੱਖ ਕੇ ਲਿਜਾਇਆ ਗਿਆ
ਇਕ ਪਾਸੇ ਸੂਬਾ ਸਰਕਾਰ ਪੁਲਸ ਨੂੰ ਹਾਈਟੈਕ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਮੁੱਖ ਮੰਤਰੀ ਵੱਲੋਂ ਕਰੋੜਾਂ ਰੁਪਏ ਖ਼ਰਚ ਕੇ ਪੁਲਸ ਨੂੰ ਮਹਿੰਗੀਆਂ ਗੱਡੀਆਂ ਦਿੱਤੀਆਂ ਗਈਆਂ ਹਨ ਤਾਂ ਜੋ ਸੜਕ ਹਾਦਸੇ ਦੌਰਾਨ ਲੋਕਾਂ ਦੀ ਦੇਖਭਾਲ ਕਰ ਸਕਣ। ਦੂਜੇ ਪਾਸੇ ਮਲਸੀਆਂ ਪੁਲਸ ਵੱਲੋਂ ਭਿਆਨਕ ਸੜਕ ਹਾਦਸੇ ’ਚ ਮਾਰੇ ਗਏ ਨੌਜਵਾਨ ਕੁਲਵੰਤ ਦੀ ਲਾਸ਼ ਨੂੰ ਕਿਸੇ ਗੱਡੀ ’ਚ ਸਿਵਲ ਹਸਪਤਾਲ ਨਕੋਦਰ ਭੇਜਣ ਦੀ ਬਜਾਏ ਟਰੈਕਟਰ ਦੇ ਮਗਰ ਜੁਗਾੜੂ ਤਰੀਕੇ ਨਾਲ ਰੱਖ ਕੇ ਪੋਸਟਮਾਰਟਮ ਲਈ ਨਕੋਦਰ ਭੇਜਣ ਕਾਰਨ ਇਲਾਕੇ ਦੇ ਲੋਕਾਂ ’ਚ ਮਲਸੀਆਂ ਪੁਲਸ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਇਕ ਇਨਸਾਨ ਨਾਲ ਜਾਨਵਰਾਂ ਵਰਗਾ ਵਿਵਹਾਰ ਕਰਨਾ ਅਤਿ ਨਿੰਦਣਯੋਗ ਹੈ।

ਜ਼ਿਕਰਯੋਗ ਹੈ ਕਿ ਜਿਸ ਜੁਗਾੜੂ ਤਰੀਕੇ ਨਾਲ ਲਾਸ਼ ਨੂੰ ਰੱਖ ਕੇ ਲਿਜਾਇਆ ਗਿਆ, ਉਹ ਪਿੱਛਿਓਂ ਬੰਦ ਨਹੀਂ ਸੀ। ਰਸਤੇ ’ਚ ਝਟਕਾ ਪੈਣ ਕਾਰਨ ਲਾਸ਼ ਉਸ ’ਚੋਂ ਡਿੱਗ ਵੀ ਸਕਦੀ ਸੀ। ਹਾਦਸੇ ਵਾਲੀ ਜਗ੍ਹਾ ਤੋਂ ਸਿਵਲ ਹਸਪਤਾਲ ਨਕੋਦਰ ਕਰੀਬ 20 ਕਿਲੋਮੀਟਰ ਦੀ ਦੂਰੀ ’ਤੇ ਹੈ। ਪੁਲਸ ਵੱਲੋਂ ਅਪਣਾਏ ਵਿਲੱਖਣ ਤਰੀਕੇ ਨਾਲ ਲਾਸ਼ ਨੂੰ ਲਿਜਾਣ ਦੀ ਚਰਚਾ ਪੂਰੇ ਇਲਾਕੇ ’ਚ ਹੁੰਦੀ ਰਹੀ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ਨੂੰ ਮਿਲੇ ਨਵੇਂ ਡੀ.ਸੀ., ਵਿਸ਼ੇਸ਼ ਸਾਰੰਗਲ ਗੁਰਦਾਸਪੁਰ 'ਚ ਨਿਭਾਉਣਗੇ ਸੇਵਾਵਾਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News