ਇੱਕ ਗਲਤੀ ਨੇ ਕਿਸਾਨਾਂ ਦੇ 4200 ਕਰੋੜ ਡੁਬੋਏ! ਜਾਣੋ, ਕਿਵੇਂ ਸੁਧਰੇਗੀ ਗਲਤੀ

Monday, May 25, 2020 - 05:52 PM (IST)

ਇੱਕ ਗਲਤੀ ਨੇ ਕਿਸਾਨਾਂ ਦੇ 4200 ਕਰੋੜ ਡੁਬੋਏ! ਜਾਣੋ, ਕਿਵੇਂ ਸੁਧਰੇਗੀ ਗਲਤੀ

ਨਵੀਂ ਦਿੱਲੀ — ਕਾਗਜ਼ਾਂ ਵਿਚ ਹੋਈ ਸਿਰਫ ਇਕ ਗੜਬੜੀ ਕਾਰਨ ਦੇਸ਼ ਦੇ ਕਿਸਾਨਾਂ ਨੂੰ ਤਕਰੀਬਨ 4200 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਨੁਕਸਾਨ ਹੋਇਆ ਹੈ। ਜਦੋਂ ਤੱਕ ਇਹ ਗਲਤੀ ਠੀਕ ਨਹੀਂ ਹੋ ਜਾਂਦੀ ਉਸ ਸਮੇਂ ਤੱਕ ਇੰਨੀ ਵੱਡੀ ਸੰਖਿਆ ਵਿਚ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ(Pradhan Mantri Kisan Samman Nidhi Scheme) ਦਾ ਲਾਭ ਨਹੀਂ ਮਿਲ ਸਕੇਗਾ।

ਗਲਤੀ ਕਿੱਥੇ ਹੋਈ?

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਬਿਨੈਕਾਰਾਂ ਦੇ ਨਾਮ ਅਤੇ ਬੈਂਕ ਖਾਤਾ ਨੰਬਰ ਵਿਚ ਇਹ ਗੜਬੜ ਸਾਹਮਣੇ ਆਈ ਹੈ। ਬੈਂਕ ਖਾਤਿਆਂ ਅਤੇ ਹੋਰ ਦਸਤਾਵੇਜ਼ਾਂ ਵਿਚ ਨਾਮ ਦੇ ਅੱਖਰ(ਸਪੈਲਿੰਗ) ਵੱਖਰੀ ਹੈ। ਜਿਸ ਕਰਕੇ ਸਕੀਮ ਦਾ ਆਟੋਮੈਟਿਕ ਸਿਸਟਮ ਇਸ ਨੂੰ ਪਾਸ ਨਹੀਂ ਕਰਦਾ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਸੀ.ਈ.ਓ. ਵਿਵੇਕ ਅਗਰਵਾਲ ਨੇ ਦੱਸਿਆ ਕਿ 'ਅਜਿਹੀਆਂ ਗੜਬੜੀਆਂ ਕਰਨ ਵਾਲੇ ਬਿਨੈਕਾਰ ਕਿਸਾਨਾਂ ਦੀ ਗਿਣਤੀ ਲਗਭਗ 70 ਲੱਖ ਹੈ। ਜਦੋਂ ਕਿ ਤਕਰੀਬਨ 60 ਲੱਖ ਲੋਕਾਂ ਦੇ ਆਧਾਰ ਕਾਰਡ ਵਿਚ ਗੜਬੜੀ ਹੈ।'

ਪੰਦਰਾਂ ਲੱਖ ਕੇਸ ਪੜਤਾਲ ਲਈ ਵਿਚਾਰ ਅਧੀਨ

ਇਸਦਾ ਅਰਥ ਇਹ ਹੈ ਕਿ ਸਕੀਮ ਦੇ ਪੈਸੇ ਲਈ ਅਰਜ਼ੀ ਦੇਣ ਦੇ ਬਾਵਜੂਦ ਦੇਸ਼ ਭਰ ਦੇ ਲਗਭਗ 1.3 ਕਰੋੜ ਕਿਸਾਨ ਸਾਲਾਨਾ 6000 ਰੁਪਏ ਦੇ ਲਾਭ ਤੋਂ ਵਾਂਝੇ ਹਨ। ਬਹੁਤ ਸਾਰੇ ਜ਼ਿਲ੍ਹੇ ਅਜਿਹੇ ਹਨ ਜਿਥੇ ਸਵਾ-ਸਵਾ ਲੱਖ ਕਿਸਾਨਾਂ ਦਾ ਡਾਟਾ ਵੈਰੀਫਿਕੇਸ਼ਨ ਲਈ ਲਟਕ ਰਿਹਾ ਹੈ। ਜਦੋਂ ਸੂਬਾ ਸਰਕਾਰ ਕਿਸਾਨੀ ਦੇ ਅੰਕੜਿਆਂ ਦੀ ਪੜਤਾਲ ਕਰਕੇ ਅਤੇ ਇਸਨੂੰ ਕੇਂਦਰ ਨੂੰ ਭੇਜਦੀ ਹੈ ਤਾਂ ਕਿਸਾਨ ਨੂੰ ਪੈਸੇ ਮਿਲਦੇ ਹਨ।

9.68 ਕਰੋੜ ਕਿਸਾਨਾਂ ਨੂੰ ਮਿਲਿਆ ਲਾਭ

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਬਜਟ 75 ਹਜ਼ਾਰ ਕਰੋੜ ਰੁਪਏ ਹੈ। ਮੋਦੀ ਸਰਕਾਰ ਸਾਲਾਨਾ 14.5 ਕਰੋੜ ਲੋਕਾਂ ਨੂੰ ਪੈਸੇ ਦੇਣਾ ਚਾਹੁੰਦੀ ਹੈ। ਪਰ ਸਿਰਫ 9.68 ਕਰੋੜ ਕਿਸਾਨਾਂ ਨੂੰ ਹੀ ਇਸ ਦਾ ਲਾਭ ਮਿਲਿਆ ਹੈ। ਕੁਲ ਮਿਲਾ ਕੇ ਯੋਜਨਾ ਨੂੰ ਚਾਲੂ ਹੋਏ 17 ਮਹੀਨੇ ਲੰਘ ਗਏ ਹਨ। ਵੱਧ ਤੋਂ ਵੱਧ ਕਿਸਾਨਾਂ ਨੂੰ ਰਜਿਸਟਰਡ ਕਰਾਉਣ ਲਈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਆਪਣਾ ਰਜਿਸਟਰੇਸ਼ਨ ਖੁਦ ਕਰਵਾਉਣ ਦੀ ਸਹੂਲਤ ਦੇ ਦਿੱਤੀ ਗਈ ਹੈ।

ਗਲਤੀ ਕਿਵੇਂ ਸੁਧਾਰੀ ਜਾਏ?

-ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ ਅਧਿਕਾਰਤ ਵੈਬਸਾਈਟ 'ਤੇ ਜਾਓ। ਇਸਦੇ ਫਾਰਮਰ ਕਾਰਨਰ ਦੇ ਅੰਦਰ ਜਾ ਕੇ Edit Aadhaar Details  ਵਿਕਲਪ 'ਤੇ ਕਲਿੱਕ ਕਰੋ।

-ਇਥੇ ਤੁਹਾਨੂੰ ਆਪਣਾ ਅਧਾਰ ਨੰਬਰ ਦੇਣਾ ਪਵੇਗਾ। ਇਸ ਤੋਂ ਬਾਅਦ ਕੈਪਚਾ ਕੋਡ ਦਰਜ ਕਰਕੇ ਸਬਮਿਟ ਕਰ ਦਿਓ।

-ਜੇਕਰ ਤੁਹਾਡਾ ਸਿਰਫ ਨਾਮ ਗਲਤ ਹੈ, ਯਾਨੀ ਕਿ ਅਰਜ਼ੀ ਅਤੇ ਆਧਾਰ ਵਿਚ ਜਿਹੜਾ ਨਾਮ ਹੈ ਉਹ ਵੱਖਰਾ ਹੈ, ਤਾਂ ਇਸ ਨੂੰ ਤੁਸੀਂ ਆਨਲਾਈਨ ਠੀਕ ਕਰ ਸਕਦੇ ਹੋ। ਜੇਕਰ ਕੋਈ ਹੋਰ ਗਲਤੀ ਹੈ, ਤਾਂ ਤੁਸੀਂ ਇਸ ਲਈ ਖੇਤੀਬਾੜੀ ਵਿਭਾਗ ਦੇ ਦਫਤਰ ਨਾਲ ਸੰਪਰਕ ਕਰ ਸਕਦੇ ਹੋ।


author

Harinder Kaur

Content Editor

Related News