ਕਾਰ ਸਵਾਰ 70 ਗ੍ਰਾਮ ਹੈਰੋਇਨ ਤੇ 3 ਪਿਸਤੌਲਾਂ ਸਮੇਤ ਹੋਇਆ ਗ੍ਰਿਫਤਾਰ, ਸਾਥੀ ਫਰਾਰ

09/24/2017 4:36:44 PM

ਹੁਸ਼ਿਆਰਪੁਰ(ਅਸ਼ਵਨੀ)— ਜ਼ਿਲਾ ਪੁਲਸ ਨੇ ਇਕ ਹੈਰੋਇਨ ਤਸਕਰ ਦੇ ਕਬਜ਼ੇ 'ਚੋਂ 70 ਗ੍ਰਾਮ ਹੈਰੋਇਨ ਅਤੇ ਤਿਨ ਪਿਸਤੌਲਾਂ ਅਤੇ ਮੈਗਜ਼ੀਨ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਜੇ. ਏਲੀਚੇਲਿਅਨ ਨੇ ਐਤਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਸੰਮੇਲਨ 'ਚ ਦੱਸਿਆ ਕਿ ਆਈ. ਜੀ. ਪੁਲਸ ਜੋਨਲ ਜਲੰਧਰ ਅਰਪਿਤ ਸ਼ੁਕਲਾ ਅਤੇ ਡੀ.ਆਈ.ਜੀ ਜਲੰਧਰ ਰੇਂਜ ਜਸਕਰਨ ਸਿੰਘ ਦੇ ਆਦੇਸ਼ ਅਨੁਸਾਰ ਤਿਉਹਾਰਾਂ ਦੇ ਦਿਹਾੜੇ 'ਤੇ ਕੀਤੇ ਗਏ ਸਖਤ ਸੁਰੱਖਿਆ ਨਾਕਿਆਂ ਦੇ ਦੌਰਾਨ ਪੁਲਸ ਨੇ ਵੱਡੀ ਸਫਲਤਾ ਪ੍ਰਾਪਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਐੱਸ. ਪੀ. ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਅਤੇ ਡੀ. ਐੱਸ. ਪੀ. ਦਸੂਹਾ ਉਪ ਮੰਡਲ ਰਾਜਿੰਦਰ ਕੁਮਾਰ ਦੇ ਮਾਰਗ ਦਰਸ਼ਨ 'ਚ ਦਸੂਹਾ ਪੁਲਸ ਨੇ ਬੀਤੀ ਰਾਤ ਮਿਆਣੀ ਰੋਡ 'ਤੇ ਪਿੰਡ ਸਫਦਰਪੁਰ ਕੁਲਿਆ ਨਜ਼ਦੀਕ ਦੇ ਮੋੜ 'ਤੇ ਇਕ ਵਰਨਾ ਕਾਰ ਨੰ ਪੀ. ਬੀ. 07 ਕਿਊ 4331 ਨੂੰ ਰੁਕਣ ਦਾ ਇਸ਼ਾਰਾ ਦਿੱਤਾ। ਕਾਰ ਚਾਲਕ ਕਾਰ ਖੜੀ ਕਰਕੇ ਹਨੇਰੇ 'ਚ ਕਮਾਦ ਵੱਲ ਫਰਾਰ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਕਾਰ 'ਚ ਦੂਜੇ ਸਵਾਰ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ। ਉਸ ਨੇ ਆਪਣਾ ਨਾਮ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਜੈਤੋ ਸਰਜ, ਥਾਣਾ ਰੰਗੜ ਨੰਗਲ ਬਟਾਲਾ ਜ਼ਿਲਾ ਗੁਰਦਾਸਪੁਰ ਦੱਸਿਆ। ਸੁਖਦੇਵ ਸਿੰਘ ਨੇ ਕਾਰ ਤੋਂ ਫਰਾਰ ਹੋਏ ਡਰਾਇਵਰ ਦਾ ਨਾਮ ਸੁਰਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਡੱਲਾ ਥਾਣਾ ਕਾਦਿਆ ਜ਼ਿਲਾ ਗੁਰਦਾਸਪੁਰ ਦੱਸਿਆ। 
ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਸੁਖਦੇਵ ਉਰਫ ਸੁੱਖਾ ਜੋ ਕਿ ਕਬੱਡੀ ਦਾ ਖਿਡਾਰੀ ਹੈ ਦੇ ਕਬਜ਼ੇ 'ਚੋਂ 30 ਗ੍ਰਾਮ ਹੈਰੋਹਿਨ ਅਤੇ ਇਕ ਦੇਸੀ ਪਿਸਤੌਲ ਮੈਗਜ਼ੀਨ ਅਤੇ ਕਾਰ ਦੇ ਡੈਸ਼ ਬੋਰਡ ਤੋਂ 40 ਗ੍ਰਾਮ ਹੈਰੋਹਿਨ ਅਤੇ ਦੋ ਦੇਸੀ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤੇ। ਫਰਾਰ ਹੋਏ ਸੁਰਜੀਤ ਸਿੰਘ ਦਾ ਆਧਾਰ ਕਾਰਡ ਅਤੇ ਡਰਾਈਵਿੰਗ ਲਾਇਸੈਂਸ ਵੀ ਬਰਾਮਦ ਹੋਇਆ।
ਐੱਸ. ਐੱਸ. ਪੀ. ਨੇ ਦੱਸਿਆ ਕਿ ਸੁਖਦੇਵ ਸਿੰਘ ਉਰਫ ਸੁੱਖਾ ਨੂੰ ਨਾਰਕੋਟਿਸ ਐਕਟ ਦੀ ਧਾਰਾ 21-54-59 ਦੇ ਅਧੀਨ 'ਤੇ ਹਥਿਆਰ ਐਕਟ ਦੀ ਧਾਰਾ 25-54-59 ਦੇ ਅਧੀਨ ਗ੍ਰਿਫਤਾਰ ਕਰ ਲਿਆ ਹੈ। ਫਰਾਰ ਹੋਏ ਡਰਾਈਵਰ ਦੀ ਗ੍ਰਿਫਤਾਰੀ ਦੇ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
ਸੁਖਦੇਵ ਸਿੰਘ ਦੇ ਵਿਰੁੱਧ ਪਹਿਲਾਂ ਵੀ ਚੋਰੀ ਅਤੇ ਝਗੜੇ ਦੇ ਦੋਸ਼ 'ਚ ਕੇਸ ਹਨ ਦਰਜ
ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਸੁਖਦੇਵ ਸਿੰਘ ਸੁੱਖਾ ਨੇ ਦੱਸਿਆ ਕਿ ਉਹ ਅਤੇ ਸੁਰਜੀਤ ਸਿੰਘ ਹੈਰੋਇਨ ਸਮੇਤ ਹਥਿਆਰ ਸਪਲਾਈ ਕਰਨ ਦਾ ਦਾ ਧੰਦਾ ਕਰਦੇ ਹਨ। ਉਸ ਨੇ ਦੱਸਿਆ ਕਿ ਕਾਰ 'ਚ ਭੱਜਦੇ ਸਮੇਂ ਸੁਰਜੀਤ ਸਿੰਘ ਕਾਰਤੂਸਾਂ ਵਾਲਾ ਬੈਗ ਵੀ ਲੈ ਗਿਆ ਸੀ। 
ਐੱਸ. ਐੱਸ. ਪੀ. ਦੇ ਅਨੁਸਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਵਿਰੁੱਧ ਪਹਿਲਾਂ ਵੀ ਚੋਰੀ ਅਤੇ ਝਗੜੇ ਦੇ ਦੋਸ਼ 'ਚ ਥਾਣਾ ਜਡਿਆਲਾ ਅਤੇ ਥਾਣਾ ਰੰਗੜ ਨੰਗਲ 'ਚ ਮਾਮਲੇ ਦਰਜ ਹਨ। ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਉਸ ਦਾ ਪੁਲਸ ਰਿਮਾਂਡ ਪ੍ਰਾਪਤ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ ਐੱਸ. ਪੀ. ਇੰਨਵੈਸਟੀਗ੍ਰੇਸ਼ਨ ਹਰਪ੍ਰੀਤ ਸਿੰਘ ਮੰਡੇਰ, ਡੀ. ਐੱਸ. ਪੀ. ਦਸੂਹਾ ਰਾਜਿੰਦਰ ਕੁਮਾਰ, ਇੰਸਪੈਕਟਰ ਪਲਵਿੰਦਰ ਸਿੰਘ ਆਦਿ ਹਾਜ਼ਰ ਸਨ।


Related News