ਸਿਲੰਡਰਾਂ ''ਚੋਂ ਗੈਸ ਚੋਰੀ ਕਰਦਾ ਨੌਜਵਾਨ ਪੁਲਸ ਨੇ ਰੰਗੇ ਹੱਥੀਂ ਫੜਿਆ

04/26/2018 5:48:31 PM

ਜਲੰਧਰ (ਜਸਪ੍ਰੀਤ)— ਆਈ. ਪੀ. ਐੱਸ. ਗੁਰਪ੍ਰੀਤ ਸਿੰਘ ਭੁੱਲਰ ਸੀਨੀਅਰ ਪੁਲਸ ਕਪਤਾਨ ਜਲੰਧਰ (ਦਿਹਾਤੀ) ਦੇ ਦਿਸ਼ਾਂ-ਨਿਰਦੇਸ਼ਾਂ 'ਚ ਪੀ. ਪੀ. ਐੱਸ. ਪੁਲਸ ਕਪਤਾਨ (ਇਨਵੈਸਟੀਗੇਸ਼ਨ) ਅਤੇ ਸਰਬਜੀਤ ਰਾਏ, ਪੀ. ਪੀ. ਐੱਸ. ਉੱਪ ਕਪਤਾਨ ਸਬ ਡਿਵੀਜ਼ਨ ਕਰਤਾਰਪੁਰ ਦੀਆਂ ਹਦਾਇਤਾਂ ਮੁਤਾਬਕ ਐੱਸ. ਆਈ. ਪੁਸ਼ਪ ਬਾਲੀ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਸ ਪਾਰਟੀ ਵੱਲੋਂ ਗੈਸ ਚੋਰੀ ਕਰਨ ਵਾਲੇ ਗਿਰੋਹ ਦੇ 1 ਵਿਅਕਤੀ ਨੂੰ ਗ੍ਰਿ੍ਰਫਤਾਰ ਕੀਤਾ ਗਿਆ। ਫੜੇ ਗਏ ਦੋਸ਼ੀ ਤੋਂ 1 ਛੋਟਾ ਹਾਥੀ, 50 ਸਿਲੰਡਰ ਅਤੇ 2 ਬੰਸਰੀਆਂ ਬਰਾਮਦ ਹੋਈਆਂ ਹਨ। ਫੜੇ ਗਏ ਵਿਅਕਤੀ ਦੀ ਪਛਾਣ ਗੁਰਮੇਲ ਚੰਦ ਪੁੱਤਰ ਦਰਸ਼ਨ ਲਾਲ ਵਾਸੀ ਸਹਿਝੰਗੀ ਦੇ ਤੌਰ 'ਤੇ ਹੋਈ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਬਜੀਤ ਰਾਏ ਅਤੇ ਪੁਸ਼ਪ ਬਾਲੀ ਨੇ ਦੱਸਿਆ ਕਿ ਉਹ ਥਾਣਾ ਲਾਂਬੜਾ ਦੀ ਪੁਲਸ ਪਾਰਟੀ ਨਾਲ ਚੋਗਾਵਾ ਅੱਡੇ ਮੌਜੂਦ ਸੀ। ਇਸੇ ਦੌਰਾਨ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਗੁਰਮੇਲ ਚੰਦ ਨਾਂ ਦਾ ਵਿਅਕਤੀ ਗੈਸ ਏਜੰਸੀ 'ਚ ਕੰਮ ਕਰਦਾ ਹੈ ਅਤੇ ਉਹ ਗੱਡੀ ਨੰਬਰ ਪੀ. ਬੀ.08 ਸੀ.ਬੀ.-9607 ਛੋਟਾ ਹਾਥੀ 'ਤੇ ਸੰਮੀਪੁਰ ਚੋਗਾਵਾ ਗੱਦੋਵਾਲੀ ਆਦਿ ਪਿੰਡਾਂ 'ਚ ਗੈਸ ਸਪਲਾਈ ਕਰਦਾ ਹੈ। ਉਨ੍ਹਾਂ ਨੂੰ ਖਬਰ ਮਿਲੀ ਸੀ ਕਿ ਉਕਤ ਵਿਅਕਤੀ ਪਿੰਡ ਸਹਿਝੰਗੀ 'ਚ ਇਕ ਘਰ ਅੰਦਰ ਗੱਡੀ ਲਗਾ ਕੇ ਸਿਲੰਡਰਾਂ ਦੀ ਸੀਲ ਤੋੜ ਕੇ ਗੈਸ ਚੋਰੀ ਕਰ ਰਿਹਾ ਸੀ ਅਤੇ ਜੇਕਰ ਰੇਡ ਕੀਤੀ ਜਾਵੇ ਤਾਂ ਉਸ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਤਲਾਹ ਮਿਲਣ ਦੇ ਬਾਅਦ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਗੈਸ ਚੋਰੀ ਕਰਦੇ ਸਮੇਂ ਰੰਗੇ ਹੱਥੀਂ ਕਾਬੂ ਕਰ ਲਿਆ। 
ਸਰਬਜੀਤ ਰਾਏ ਅਤੇ ਪੁਸ਼ਪ ਬਾਲੀ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਮੁਨੀਸ਼ ਕੁਮਾਰ ਏ. ਐੱਫ. ਐੱਸ. ਓ. (ਦਿਹਾਤੀ ਫੂਡ ਸਪਲਾਈ ਅਫਸਰ) ਮੌਕਾ 'ਤੇ ਆਏ, ਜਿਨ੍ਹਾਂ ਦੀ ਹਾਜ਼ਰੀ 'ਚ ਇਨ੍ਹਾਂ ਸਿਲੰਡਰਾਂ ਦਾ ਭਾਰ ਤੋਲ ਕੇ ਚੈੱਕ ਕਰਵਾਇਆ ਗਿਆ। ਇਸ ਦੌਰਾਨ 4 ਸਿਲੰਡਰਾਂ 'ਚੋਂ 10/10 ਕਿਲੋ ਗੈਸ ਘੱਟ ਨਿਕਲੀ ਅਤੇ ਬਾਕੀ ਦੇ 46 ਸਿਲੰਡਰਾਂ 'ਚ ਤਕਰੀਬਨ 2-2 ਕਿਲੋ ਗੈਸ ਘੱਟ ਬਰਾਮਦ ਹੋਈ। ਪੁਲਸ ਨੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਇੰਝ ਕਰਦਾ ਸੀ ਕਾਲੀ ਕਮਾਈ 
ਪੁੱਛਗਿੱਛ 'ਚ ਗੁਰਮੇਲ ਚੰਦ ਨੇ ਦੱਸਿਆ ਕਿ ਉਸ ਦੀ ਉਮਰ 30 ਸਾਲ ਹੈ ਅਤੇ ਉਹ 10ਵੀਂ ਪਾਸ ਹੈ। ਉਹ ਲੇਬਰ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਗੈਸ ਏਜੰਸੀ 'ਚ 2 ਸਾਲ ਤੋਂ ਕੰਮ ਕਰ ਰਿਹਾ ਹੈ।
ਉਸ ਨੇ ਅੱਗੇ ਦੱਸਿਆ ਕਿ ਉਹ 6 ਸਿਲੰਡਰਾਂ 'ਚੋਂ ਥੋੜ੍ਹੀ-ਥੋੜ੍ਹੀ ਗੈਸ ਚੋਰੀ ਕਰਕੇ 1 ਸਿਲੰਡਰ ਭਰ ਲੈਂਦਾ ਸੀ ਅਤੇ ਸਰਕਾਰੀ ਰੇਟ 'ਚ 680 ਰੁਪਏ ਘੱਟ ਗੈਸ ਦੇ ਮੁੱਲ ਵਾਲਾ ਸਿਲੰਡਰ ਅਤੇ ਬਲੈਕ 'ਚ ਇਸ ਨੂੰ 850 ਤੋਂ 900 ਰੁਪਏ 'ਚ, ਜਿਨ੍ਹਾਂ ਕੋਲ ਕੁਨੈਕਸ਼ਨ ਨਹੀਂ ਹੁੰਦਾ ਸੀ ਵੇਚ ਦਿੰਦਾ ਸੀ। ਇਸ ਤਰ੍ਹਾਂ ਉਹ ਕਾਲੀ ਕਮਾਈ ਕਰ ਰਿਹਾ ਸੀ। 


Related News