ਪੁਲਸ ਨੇ 90 ਪੇਟੀਆਂ ਸ਼ਰਾਬ ਸਣੇ ਤਸਕਰ ਕੀਤਾ ਕਾਬੂ
Thursday, Jun 21, 2018 - 06:00 PM (IST)

ਸਮਰਾਲਾ (ਸੰਜੇ ਗਰਗ)— ਸਥਾਨਕ ਪੁਲਸ ਨੇ ਵੀਰਵਾਰ ਨੀਲੋਂ ਨਹਿਰ 'ਤੇ ਨਾਕਾਬੰਦੀ ਕਰਦੇ ਹੋਏ ਚੰਡੀਗੜ੍ਹ ਸਾਈਡ ਤੋਂ ਆ ਰਹੇ ਇਕ ਸਵਰਾਜ਼ ਮਾਜ਼ਦਾ ਟੈਂਪੂ ਨੂੰ ਘੇਰ ਕੇ ਜਦੋਂ ਤਲਾਸ਼ੀ ਲਈ ਤਾਂ ਉਸ 'ਚੋਂ 90 ਪੇਟੀਆਂ ਅੰਗਰੇਜ਼ੀ ਸ਼ਰਾਬ ਕਿੰਗ ਗੋਲਡ ਦੀਆਂ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ। ਇਹ ਸ਼ਰਾਬ ਚੰਡੀਗੜ੍ਹ ਤੋਂ ਸਸਤੇ ਰੇਟ 'ਤੇ ਸਮਗਲਿੰਗ ਕਰਕੇ ਪੰਜਾਬ ਲਿਆਂਦੀ ਜਾ ਰਹੀ ਸੀ ਅਤੇ ਪੁਲਸ ਨੂੰ ਪਹਿਲਾਂ ਹੀ ਇਤਲਾਹ ਮਿਲ ਜਾਣ ਕਾਰਨ ਨਾਕਾਬੰਦੀ ਕਰਦੇ ਹੋਏ ਇਸ ਸ਼ਰਾਬ ਨੂੰ ਫੜ੍ਹ ਲਿਆ ਗਿਆ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਮਰਾਲਾ ਦੇ ਐੱਸ. ਐੱਚ. ਓ. ਭੁਪਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ 9:30 ਵਜੇ ਪੁਲਸ ਪਾਰਟੀ ਵੱਲੋਂ ਫੜ੍ਹੀ ਗਈ ਇਸ ਨਾਜਾਇਜ਼ ਸ਼ਰਾਬ ਨੂੰ ਜਲੰਧਰ ਨਿਵਾਸੀ ਮਨਦੀਪ ਸਿੰਘ ਅਤੇ ਮਾਣਾ ਨਾਮਕ ਦੋ ਵਿਅਕਤੀ ਚੰਡੀਗੜ੍ਹ ਤੋਂ ਸਮਗਲਿੰਗ ਕਰਕੇ ਲੈ ਕੇ ਆਏ ਸਨ ਅਤੇ ਅੱਗਿਓਂ ਇਸ ਸ਼ਰਾਬ ਦੀ ਸਪਲਾਈ ਜਲੰਧਰ ਵਿਖੇ ਦਿੱਤੀ ਜਾਣੀ ਸੀ। ਇਸ ਮੌਕੇ ਮਨਦੀਪ ਸਿੰਘ ਪੁੱਤਰ ਜਰਨੈਲ ਸਿੰਘ ਨੇੜੇ ਵੇਰਕਾ ਪਲਾਟ ਜਲੰਧਰ ਨਿਵਾਸੀ ਤਸਕਰ ਤਾਂ ਪੁਲਿਸ ਦੇ ਹੱਥ ਆ ਗਿਆ, ਜਦਕਿ ਦੂਜਾ ਵਿਅਕਤੀ ਮਾਨਾ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਪੁਲਿਸ ਨੇ ਦੋਵਾਂ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।