ਜੱਗੂ ਭਗਵਾਨਪੁਰੀਆ ਦੇ ਟਿਕਾਣਿਆਂ 'ਤੇ ਛਾਪੇਮਾਰੀ, ਵੱਡੀ ਮਾਤਰਾ 'ਚ ਹੈਰੋਇਨ ਤੇ ਡਰੱਗ ਮਨੀ ਸਮੇਤ ਇਕ ਪੁਲਸ ਅੜਿੱਕੇ
Wednesday, Feb 15, 2023 - 08:51 PM (IST)

ਤਰਨ ਤਾਰਨ (ਰਮਨ) : ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੇ ਹਿੱਸੇ ਵਜੋਂ ਚਲਾਈ ਗਈ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਪੰਜਾਬ ਪੁਲਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ 1 ਕਿਲੋ ਹੈਰੋਇਨ ਅਤੇ 27 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ(ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸੂਬੇ ਭਰ 'ਚ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਨਾਲ ਸਬੰਧਤ ਵਿਅਕਤੀਆਂ ਦੇ ਸ਼ੱਕੀ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਸੀ।
ਇਹ ਵੀ ਪੜ੍ਹੋ : ਸਿਬਿਨ ਸੀ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਜੋਂ ਸੰਭਾਲਿਆ ਅਹੁਦਾ, ਕਹੀ ਇਹ ਗੱਲ
ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਜੈਪਾਲ ਸਿੰਘ ਉਰਫ਼ ਗੁਮਟਾ ਵਾਸੀ ਪੱਟੀ, ਤਰਨਤਾਰਨ ਵਜੋਂ ਹੋਈ ਹੈ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਉਸ ਦੇ ਸਾਥੀ ਹਰਮਨਦੀਪ ਸਿੰਘ ਉਰਫ਼ ਹਰਮਨ ਵਾਸੀ ਪਿੰਡ ਗੁਲਾਲੀਪੁਰ, ਤਰਨਤਾਰਨ ਜੋ ਜੱਗੂ ਭਗਵਾਨਪੁਰੀਆ ਦਾ ਨਜ਼ਦੀਕੀ ਸਾਥੀ ਦੱਸਿਆ ਜਾਂਦਾ ਹੈ, ਨੂੰ ਵੀ ਨਾਮਜ਼ਦ ਕੀਤਾ ਹੈ।
ਇਹ ਵੀ ਪੜ੍ਹੋ : ਛੋਟੇ ਸ਼ਹਿਰਾਂ 'ਚ ਨਵੇਂ ਅਰਬਨ ਅਸਟੇਟ ਵਿਕਸਤ ਕਰੇਗੀ ਸੂਬਾ ਸਰਕਾਰ, ਮੰਤਰੀ ਅਮਨ ਅਰੋੜਾ ਨੇ ਦਿੱਤੇ ਇਹ ਨਿਰਦੇਸ਼
ਡੀ.ਜੀ.ਪੀ ਗੌਰਵ ਯਾਦਵ ਨੇ ਦੱਸਿਆ ਕਿ ਖ਼ੁਫ਼ੀਆ ਸੂਚਨਾ ਜਿਸ ਵਿੱਚ ਪਤਾ ਲੱਗਾ ਕਿ ਜੈਪਾਲ ਗੁਮਟਾ ਅਤੇ ਹਰਮਨਦੀਪ ਸਿੰਘ ਉਰਫ਼ ਹਰਮਨ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਪਹੁੰਚਾਉਣ ਜਾ ਰਹੇ ਹਨ, 'ਤੇ ਕਾਰਵਾਈ ਕਰਦਿਆਂ ਤਰਨਤਾਰਨ ਪੁਲਸ ਦੀਆਂ ਟੀਮਾਂ ਨੇ ਤੁਰੰਤ ਨਾਕਾ ਲਗਾ ਕੇ ਜੈਪਾਲ ਗੁਮਟਾ ਨੂੰ ਉਸਦੀ ਐੱਸ.ਯੂ.ਵੀ ਮਹਿੰਦਰਾ ਸਕਾਰਪੀਓ (ਬਿਨਾਂ ਨੰਬਰ ਪਲੇਟ) 'ਚੋਂ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਪੁਲਸ ਟੀਮਾਂ ਵੱਲੋਂ ਉਸਦੀ ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।
ਤਰਨਤਾਰਨ ਦੇ ਸੀਨੀਅਰ ਕਪਤਾਨ ਪੁਲਸ (ਐੱਸ.ਐੱਸ.ਪੀ) ਗੁਰਮੀਤ ਚੌਹਾਨ ਨੇ ਦੱਸਿਆ ਕਿ ਪੁਲਸ ਟੀਮਾਂ ਨੇ ਫਰਾਰ ਮੁਲਜ਼ਮ ਹਰਮਨਦੀਪ ਉਰਫ਼ ਹਰਮਨ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਐਫ.ਆਈ.ਆਰ. 21 ਮਿਤੀ 14.02.2023 ਨੂੰ ਥਾਣਾ ਸਿਟੀ ਪੱਟੀ, ਤਰਨਤਾਰਨ ਵਿਖੇ ਐੱਨ.ਡੀ.ਪੀ.ਐਸ. ਐਕਟ ਦੀ ਧਾਰਾ 21, 25, 29 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮਾਤਮ ’ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਫਾਇਰ ਕਰਨ ਤੋਂ ਰੋਕਣ 'ਤੇ ਲਾੜੇ ਦੇ ਜੀਜੇ ਨੂੰ ਵੱਜੀ ਗੋਲ਼ੀ
ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਦੀਆਂ 409 ਟੀਮਾਂ ਜਿਸ ਵਿੱਚ ਸੂਬੇ ਭਰ ਦੇ 2863 ਪੁਲਸ ਮੁਲਾਜ਼ਮ ਸ਼ਾਮਿਲ ਸਨ, ਵੱਲੋਂ ਮੰਗਲਵਾਰ ਨੂੰ ਦਿਨ ਭਰ ਚੱਲੀ ਮੁਹਿੰਮ ਦੌਰਾਨ ਜੱਗੂ ਭਗਵਾਨਪੁਰੀਆ ਨਾਲ ਸਬੰਧਤ ਸਮਾਜ ਵਿਰੋਧੀ ਅਨਸਰਾਂ ਦੇ 2371 ਸ਼ੱਕੀ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਸੀ।