ਡਿਊਟੀ 'ਤੇ ਤਾਇਨਾਤ ਏ.ਐੱਸ.ਆਈ. 'ਤੇ ਤੇਜ਼ਧਾਰ ਹਥਿਆਰਾਂ ਨਾਲ ਹੋਇਆ ਹਮਲਾ, 6 ਨੌਜਵਾਨਾਂ ਨੇ ਕੀਤੀ ਕੁੱਟਮਾਰ
Tuesday, Jan 02, 2024 - 11:53 PM (IST)
ਫਗਵਾੜਾ (ਜਲੋਟਾ)- ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ ਨੰਬਰ 1 'ਤੇ ਈਸਟਵੁੱਡ 'ਚ ਉਸ ਸਮੇਂ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕਾਰ 'ਚ ਸਵਾਰ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਦੀ ਇਕ ਟੋਲੀ ਨੇ ਥਾਣਾ ਸਦਰ 'ਚ ਤਾਇਨਾਤ ਅਤੇ ਈਸਟਵੁੱਡ 'ਚ ਡਿਊਟੀ ਕਰ ਰਹੇ ਸਹਾਇਕ ਸਬ-ਇੰਸਪੈਕਟਰ ਸੁਖਦੇਵ ਸਿੰਘ 'ਤੇ ਜਨਤਕ ਤੌਰ 'ਤੇ ਲੋਕਾਂ ਦੀ ਮੌਜੂਦਗੀ 'ਚ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਏ. ਐੱਸ. ਆਈ. ਸੁਖਦੇਵ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਕੇਂਦਰ ਤੇ ਟਰਾਂਸਪੋਰਟਰਾਂ ਵਿਚਾਲੇ ਮੀਟਿੰਗ ਖ਼ਤਮ, ਲਿਆ ਗਿਆ ਇਹ ਫ਼ੈਸਲਾ
ਜ਼ਖ਼ਮੀ ਏ.ਐੱਸ.ਆਈ. ਸੁਖਦੇਵ ਸਿੰਘ ਦੀ ਸ਼ਿਕਾਇਤ 'ਤੇ ਦੋਸ਼ੀ ਹਮਲਾਵਰਾਂ ਖ਼ਿਲਾਫ਼ ਧਾਰਾ 332, 353, 186 ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਪਲਵਿੰਦਰ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਪਰਾਗਪੁਰ, ਜਲੰਧਰ, ਦਮਨ ਅਤੇ ਇਨ੍ਹਾਂ ਨਾਲ ਮੌਕੇ 'ਤੇ ਮੌਜੂਦ ਚਾਰ ਹੋਰ ਅਣਪਛਾਤੇ ਸਾਥੀਆਂ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਪਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਬਾਕੀ ਦੋਸ਼ੀ ਨੌਜਵਾਨ ਪੁਲਸ ਦੀ ਗ੍ਰਿਫ਼ਤਾਰੀ ਤੋਂ ਬਾਹਰ ਹਨ। ਪੀੜਤ ਏ.ਐੱਸ.ਆਈ. ਸੁਖਦੇਵ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦਰਜ ਕਰਵਾਇਆ ਹੈ ਕਿ ਉਹ ਈਸਟਵੁੱਡ ਵਿਖੇ ਸੀਨੀਅਰ ਪੁਲਸ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਲੋਕਾਂ ਦੀ ਸੁਰੱਖਿਆ ਲਈ ਡਿਊਟੀ 'ਤੇ ਸੀ ਕਿ ਮੁਲਜ਼ਮ ਹਮਲਾਵਰ ਨੌਜਵਾਨਾਂ ਨਾਲ ਉਸ ਦੀ ਮੌਕੇ 'ਤੇ ਬਹਿਸ ਹੋ ਗਈ ਅਤੇ ਜਦੋਂ ਉਸ ਨੇ ਇਨ੍ਹਾਂ ਨੂੰ ਕਾਨੂੰਨ 'ਚ ਰਹਿਣ ਲਈ ਕਿਹਾ ਤਾਂ ਮੁਲਜ਼ਮਾਂ ਨੇ ਕਾਰ ਵਿੱਚੋਂ ਤੇਜ਼ਧਾਰ ਹਥਿਆਰ ਵਰਗੀ ਚੀਜ਼ ਕੱਢੀ ਅਤੇ ਲੋਕਾਂ ਦੀ ਮੌਜੂਦਗੀ 'ਚ ਉਸ ਦੀ ਕੁੱਟਮਾਰ ਕਰ ਉਸ ਨੂੰ ਜ਼ਖਮੀ ਕਰ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਟਰੱਕ ਡਰਾਈਵਰਾਂ ਨੇ ਹੜਤਾਲ ਖ਼ਤਮ ਕਰਨ ਤੋਂ ਕੀਤਾ ਇਨਕਾਰ, ਹਾਈਵੇਅ ਜਾਮ ਕਰਨ ਦਾ ਐਲਾਨ
ਲੋਕਾਂ ਵਿਚਾਲੇ ਫ਼ੈਲੀ ਦਹਿਸ਼ਤ
ਈਸਟਵੁੱਡ 'ਚ ਜੋ ਕੁਝ ਹੋਇਆ ਹੈ, ਉਸ ਨੂੰ ਦੇਖਣ ਵਾਲੇ ਕਈ ਲੋਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਕੇ ਖੁਲ ਕੇ ਕਿਹਾ ਹੈ ਕਿ ਫਗਵਾੜਾ 'ਚ ਇਹ ਕਿਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਹੈ? ਹੁਣ ਪੁਲਸ ਅਧਿਕਾਰੀ ਵੀ ਆਪਣੀ ਡਿਊਟੀ ਸੁਰੱਖਿਅਤ ਢੰਗ ਨਾਲ ਨਹੀਂ ਨਿਭਾ ਪਾ ਰਹੇ ਹਨ ਅਤੇ ਉਨ੍ਹਾਂ ਦੀ ਜਨਤਕ ਤੌਰ 'ਤੇ ਕੁੱਟਮਾਰ ਕੀਤੀ ਜਾ ਰਹੀ ਹੈ। ਲੋਕਾਂ ਨੇ ਕਿਹਾ ਕਿ ਫਗਵਾੜਾ ਵਿੱਚ ਈਸਟਵੁੱਡ ਦਾ ਇਲਾਕਾ ਭੀੜ ਨਾਲ ਹਮੇਸ਼ਾ ਭਰਿਆ ਹੋਇਆ ਰਹਿੰਦਾ ਹੈ। ਕਈ ਮੌਕਿਆਂ 'ਤੇ ਇੱਥੇ ਆਉਣ ਵਾਲੇ ਨੌਜਵਾਨਾਂ ਦੇ ਸਮੂਹ ਸਰਵਿਸ ਰੋਡ ਸਮੇਤ ਮੁੱਖ ਹਾਈਵੇ ਨੰਬਰ 1 'ਤੇ ਗੈਰ-ਕਾਨੂੰਨੀ ਢੰਗ ਨਾਲ ਆਪਣੇ ਵਾਹਨ ਪਾਰਕ ਕਰਦੇ ਹਨ। ਸੜਕ 'ਤੇ ਵਾਹਨ ਖੜ੍ਹਾ ਕੇ ਕੁੱਛ ਅਮੀਰਜਾਦੇਆਂ ਦੇ ਸਮੂਹ ਉੱਚੀ ਆਵਾਜ਼ ਵਿੱਚ ਗਾਣੇ ਵਜਾਉਂਦੇ ਹਨ, ਖੁੱਲ੍ਹੇਆਮ ਨਸ਼ਾ ਕਰਦੇ ਹਨ,ਚੀਕਾਂ ਮਾਰਦੇ ਹਨ ਅਤੇ ਫਿਰ ਭਾਰੀ ਹੰਗਾਮਾ ਕਰਦੇ ਹਨ। ਇਹ ਦ੍ਰਿਸ਼ ਹਰ ਰੋਜ਼ ਹੀ ਇਥੇ ਦੇਖਣ ਨੂੰ ਮਿਲ ਰਹੇ ਹਨ। ਹੁਣ ਤਾਂ ਇਹ ਤੱਥ ਸਾਬਤ ਵੀ ਹੋ ਗਿਆ ਹੈ। ਜਨਤਾ ਨੇ ਕਿਹਾ ਹੈ ਕਿ ਜ਼ਿਲ੍ਹਾ ਕਪੂਰਥਲਾ ਦੇ ਐੱਸ.ਐੱਸ.ਪੀ. ਵਤਸਲਾ ਗੁਪਤਾ ਨੂੰ ਸਮੇਂ ਸਿਰ ਇਸ ਖੇਤਰ ਦੀ ਸੁੱਧ ਲੈਣੀ ਚਾਹੀਦੀ ਹੈ ਨਹੀਂ ਤਾਂ ਜੋ ਹੁਣ ਇਕ ਪੁਲਸ ਅਧਿਕਾਰੀ ਨਾਲ ਹੋਇਆ ਹੈ ਉਹ ਕਿਸੇ ਵੀ ਸਮੇਂ ਆਮ ਲੋਕਾਂ ਨਾਲ ਹੋ ਸਕਦਾ ਹੈ ਜਿਸ ਦੇ ਗੰਭੀਰ ਸਿਟੇ ਹੋਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8