ਪੰਜਾਬ ’ਚ ਦਿੱਲੀ ਦੇ ਮੁਕਾਬਲੇ ਸਿਹਤ ਸਹੂਲਤਾਂ ਬਿਹਤਰ, ‘ਆਪ’ ਨੂੰ ਬਹਿਸ ਦੀ ਚੁਣੌਤੀ : ਓ. ਪੀ. ਸੋਨੀ

Saturday, Dec 11, 2021 - 12:54 PM (IST)

ਪੰਜਾਬ ’ਚ ਦਿੱਲੀ ਦੇ ਮੁਕਾਬਲੇ ਸਿਹਤ ਸਹੂਲਤਾਂ ਬਿਹਤਰ, ‘ਆਪ’ ਨੂੰ ਬਹਿਸ ਦੀ ਚੁਣੌਤੀ : ਓ. ਪੀ. ਸੋਨੀ

ਜਲੰਧਰ (ਸੁਨੀਲ ਧਵਨ)–ਪੰਜਾਬ ਦੇ ਤੇਜ਼ ਤਰਾਰ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਦਾ ਕਾਂਗਰਸ ਦੀ ਰਾਜਨੀਤੀ ’ਚ ਦਬਦਬਾ ਹਮੇਸ਼ਾ ਤੋਂ ਬਣਿਆ ਰਿਹਾ ਹੈ। 1997 ’ਚ ਪੰਜਾਬ ਵਿਧਾਨ ਸਭਾ ਲਈ ਸੋਨੀ ਅੰਮ੍ਰਿਤਸਰ ਪੱਛਮੀ ਸੀਟ ਤੋਂ ਆਜ਼ਾਦ ਤੌਰ ’ਤੇ ਚੁਣੇ ਗਏ ਸਨ। ਉਸ ਤੋਂ ਬਾਅਦ 2002, ਫਿਰ 2007 ’ਚ ਉਹ ਕਾਂਗਰਸ ਦੀ ਟਿਕਟ ’ਤੇ ਵਿਧਾਇਕ ਬਣੇ। 2012 ’ਚ ਉਹ ਫਿਰ ਤੋਂ ਕਾਂਗਰਸ ਦੀ ਟਿਕਟ ’ਤੇ ਕੌਂਸਲਰ ਬਣੇ। 2012 ’ਚ ਉਹ ਫਿਰ ਕਾਂਗਰਸ ਦੀ ਟਿਕਟ ਤੋਂ ਅੰਮ੍ਰਿਤਸਰ ਕੇਂਦਰੀ ਸੀਟ ਤੋਂ ਚੁਣੇ ਗਏ। ਅਪ੍ਰੈਲ 2018 ’ਚ ਉਨ੍ਹਾਂ ਨੂੰ ਪੰਜਾਬ ’ਚ ਕੈਬਨਿਟ ਮੰਤਰੀ ਦੇ ਰੂਪ ’ਚ ਸ਼ਾਮਲ ਕਰ ਕੇ ਸਕੂਲ ਸਿੱਖਿਆ ਮਹਿਕਮੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਕਾਂਗਰਸ ਹਾਈਕਮਾਨ ਨੇ ਹਿੰਦੂ ਨੇਤਾ ਸੋਨੀ ਨੂੰ 20 ਸਤੰਬਰ 2021 ਨੂੰ ਉੱਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਅਤੇ ਇਸ ਸਮੇਂ ਉਹ ਸਿਹਤ ਮਹਿਕਮਾ ਵੇਖ ਰਹੇ ਹਨ। ਪੰਜਾਬ ’ਚ ਆਮ ਆਦਮੀ ਪਾਰਟੀ ਵੱਲੋਂ ਦਿੱਲੀ ’ਚ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਸਰਕਾਰ ’ਤੇ ਹਮਲਾ ਕੀਤਾ ਜਾ ਰਿਹਾ ਹੈ। ਇਸ ਸਬੰਧ ’ਚ ਸੋਨੀ ਨਾਲ ਵੱਖ-ਵੱਖ ਸਵਾਲਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ, ਜਿਨ੍ਹਾਂ ਦੇ ਉਨ੍ਹਾਂ ਨੇ ਬੇਬਾਕੀ ਨਾਲ ਜਵਾਬ ਦਿੱਤੇ।

ਪ੍ਰਸ਼ਨ: ਆਮ ਆਦਮੀ ਪਾਰਟੀ ਚੋਣ ਜੰਗ ’ਚ ਵਾਰ-ਵਾਰ ਦਿੱਲੀ ’ਚ 500 ਮੁਹੱਲਾ ਕਲੀਨਿਕ ਅਤੇ 204 ਸਬ ਸੈਂਟਰ ਖੋਲ੍ਹਣ ਦਾ ਦਾਅਵਾ ਕਰ ਰਹੀ ਹੈ? ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ’ਚ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਉੱਤਰ:
ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਾਅਵਿਆਂ ’ਚ ਦਮ ਨਹੀਂ ਹੈ। ਹੈਲਥ ਅਤੇ ਵੈੱਲਨੈੱਸ ਸੈਂਟਰਾਂ ਦੀ ਜੇਕਰ ਤੁਲਨਾ ਕੀਤੀ ਜਾਵੇ ਤਾਂ ਪੰਜਾਬ ’ਚ ਇਨ੍ਹਾਂ ਦੀ ਗਿਣਤੀ 2896 ਹੈ ਜਦਕਿ ਦਿੱਲੀ ’ਚ ਮੁਹੱਲਾ ਕਲੀਨਿਕ 500 ਹਨ ਅਤੇ ਉਪ ਕੇਂਦਰ 204 ਹਨ। ਪੰਜਾਬ ’ਚ ਜੇਕਰ 2.85 ਕਰੋੜ ਜਨਸੰਖਿਆ ਨਿਵਾਸ ਕਰਦੀ ਹੈ ਤਾਂ ਦਿੱਲੀ ’ਚ ਵੀ 1.9 ਕਰੋੜ ਜਨਸੰਖਿਆ ਨਿਵਾਸ ਕਰ ਰਹੀ ਹੈ। ਇਨ੍ਹਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪੰਜਾਬ ’ਚ ਸਿਹਤ ਸਹੂਲਤਾਂ ਬਿਹਤਰ ਹਨ।

ਇਹ ਵੀ ਪੜ੍ਹੋ: ਮਜੀਠੀਆ 'ਤੇ ਰੰਧਾਵਾ ਦਾ ਪਲਟਵਾਰ, ਕਿਹਾ-ਅਕਾਲੀਆਂ ਦੇ ਸਮੇਂ 'ਚ ਤਬਾਦਲਿਆਂ ਲਈ ਚਲਦਾ ਸੀ ਪੈਸਾ

ਪ੍ਰਸ਼ਨ: ਦਿੱਲੀ ਦੀ ਸਰਕਾਰ ਪ੍ਰਾਇਮਰੀ ਹੈਲਥ ਸੈਂਟਰ ਅਤੇ ਕਮਿਊਨਿਟੀ ਸੈਂਟਰਾਂ ਨੂੰ ਲੈ ਕੇ ਵੀ ਕਾਫ਼ੀ ਦਾਅਵੇ ਕਰਦੀ ਹੈ।
ਉੱਤਰ:
ਜੇਕਰ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਅੰਕੜੇ ਵੇਖੇ ਜਾਣ ਤਾਂ ਇਨ੍ਹਾਂ ਦੀ ਗਿਣਤੀ ਪੰਜਾਬ ’ਚ 524 ਹੈ ਜਦਕਿ ਦਿੱਲੀ ’ਚ ਇਨ੍ਹਾਂ ਦੀ ਗਿਣਤੀ 268 ਹੈ। ਪੰਜਾਬ ’ਚ 160 ਕਮਿਊਨਿਟੀ ਹੈਲਥ ਸੈਂਟਰ ਕੰਮ ਕਰ ਰਹੇ ਹਨ ਜਦਕਿ ਦਿੱਲੀ ’ਚ ਇਨ੍ਹਾਂ ਦੀ ਗਿਣਤੀ ਜ਼ੀਰੋ ਹੈ। ਜੇਕਰ ਸਬ-ਡਿਵੀਜ਼ਨ ਹਸਪਤਾਲ ਵੇਖੇ ਜਾਣ ਤਾਂ ਇਨ੍ਹਾਂ ਦੀ ਗਿਣਤੀ ਪੰਜਾਬ ’ਚ 41 ਹੈ ਜਦਕਿ ਦਿੱਲੀ ’ਚ ਸਿਰਫ 9 ਹਨ। ਪੰਜਾਬ ’ਚ 23 ਜ਼ਿਲਾ ਹਸਪਤਾਲ ਹਨ ਜਦਕਿ ਦਿੱਲੀ ’ਚ 32 ਹਨ। ਜੇਕਰ ਕੁੱਲ ਹਸਪਤਾਲਾਂ ਅਤੇ ਉਪ ਕੇਂਦਰਾਂ ਦੇ ਆਂਕੜਿਆਂ ਨੂੰ ਵੇਖਿਆ ਜਾਵੇ ਤਾਂ ਪੰਜਾਬ ’ਚ ਇਨ੍ਹਾਂ ਦੀ ਗਿਣਤੀ 3644 ਬਣਦੀ ਹੈ ਜਦਕਿ ਦਿੱਲੀ ’ਚ ਇਨ੍ਹਾਂ ਦੀ ਗਿਣਤੀ 1013 ਹੈ।

ਪ੍ਰਸ਼ਨ: ਪੰਜਾਬ ’ਚ ਸਰਕਾਰੀ ਹਸਪਤਾਲਾਂ ’ਚ ਡਾਕਟਰਾਂ ਦੀ ਕਮੀ ਦਾ ਮਾਮਲਾ ਵੀ ਵਾਰ-ਵਾਰ ਚੁੱਕਿਆ ਜਾ ਰਿਹਾ। ਤੁਸੀਂ ਕੀ ਕਹਿਣਾ ਚਾਹੋਗੇ?
ਉੱਤਰ:
ਪੰਜਾਬ ’ਚ ਇਸ ਵੇਲੇ 5079 ਮੈਡੀਕਲ ਅਫਸਰ ਜਿਨ੍ਹਾਂ ਕੋਲ ਐੱਮ. ਬੀ. ਬੀ. ਐੱਸ. ਦੀ ਡਿਗਰੀ ਹੈ । ਐੱਨ. ਐੱਚ. ਐੱਮ. ਦੇ ਅਧੀਨ ਕੰਮ ਕਰ ਰਹੇ ਸਪੈਸ਼ਲਿਸਟ ਡਾਕਟਰਾਂ ਦੀ ਗਿਣਤੀ 105 ਹੈ ਜਦਕਿ 327 ਡੈਂਟਲ ਮੈਡੀਕਲ ਅਫ਼ਸਰ ਕੰਮ ਕਰ ਰਹੇ ਹਨ। ਐੱਨ. ਐੱਚ. ਐੱਮ. ਦੇ ਅਧੀਨ ਆਯੁਸ਼ ਮੈਡੀਕਲ ਅਫਸਰਾਂ ਦੀ ਗਿਣਤੀ 571 ਹੈ। ਇਸ ਤਰ੍ਹਾਂ ਰਾਜ ’ਚ ਕੁੱਲ ਡਾਕਟਰਾਂ ਦੀ ਗਿਣਤੀ 6082 ਹੈ ਜਦਿਕ ਦਿੱਲੀ ’ਚ ਐੱਮ. ਬੀ. ਬੀ. ਐੱਸ. ਦੀ ਡਿਗਰੀ ਵਾਲੇ ਡਾਕਟਰਾਂ ਦੀ ਗਿਣਤੀ 2326 ਅਤੇ ਸਪੈਸ਼ਲਿਸਟ ਡਾਕਟਰਾਂ ਦੀ ਗਿਣਤੀ 28 ਹੈ। ਪੈਰਾਮੈਡੀਕਲ ਸਟਾਫ਼ ਬਾਰੇ ਪੰਜਾਬ ’ਚ ਇਨ੍ਹਾਂ ਦੀ ਗਿਣਤੀ 13875 ਹੈ ਜਦਕਿ ਦਿੱਲੀ ’ਚ ਇਨ੍ਹਾਂ ਦੀ ਗਿਣਤੀ 13093 ਹੈ। ਸਰਕਾਰ ਆਉਣ ਵਾਲੇ ਸਮੇਂ ’ਚ ਹੋਰ ਡਾਕਟਰ ਅਤੇ ਸਪੈਸ਼ਲਿਸਟ ਮਾਹਿਰਾਂ ਦੀ ਭਰਤੀ ਕਰੇਗੀ।

ਪ੍ਰਸ਼ਨ: ਪ੍ਰਤੀ ਲੱਖ ਜਨਸੰਖਿਆ ਦੇ ਪਿੱਛੇ ਡਾਕਟਰਾਂ ਦੀ ਗਿਣਤੀ ਨੂੰ ਲੈ ਕੇ ਅੰਕੜੇ ਕੀ ਕਹਿੰਦੇ ਹਨ?
ਉੱਤਰ:
ਜੇਕਰ ਇਨ੍ਹਾਂ ਅੰਕੜਿਆਂ ਨੂੰ ਵੇਖਿਆ ਜਾਵੇ ਤਾਂ ਪੰਜਾਬ ’ਚ ਪ੍ਰਤੀ ਲੱਖ ਡਾਕਟਰਾਂ ਦੀ ਗਿਣਤੀ 21.34 ਹੈ ਜਦਕਿ ਦਿੱਲੀ ’ਚ 12.4 ਹੈ। ਇਸ ’ਚ ਵੀ ਪੰਜਾਬ ਬਿਹਤਰ ਹਾਲਤ ’ਚ ਹੈ। ਕੁੱਲ ਸਿਹਤ ਸੇਵਾਵਾਂ ਨੂੰ ਜੇਕਰ ਪ੍ਰਤੀ ਲੱਖ ਜਨਸੰਖਿਆ ਦੇ ਪਿੱਛੇ ਵੇਖਿਆ ਜਾਵੇ ਤਾਂ ਪੰਜਾਬ ’ਚ ਇਹ 12.8 ਬਣਦਾ ਹੈ ਜਦਿਕ ਦਿੱਲੀ ’ਚ 5.3 ਅੰਕੜੇ ਸਾਹਮਣੇ ਆਉਂਦੇ ਹਨ। ਪੰਜਾਬ ’ਚ ਬੈੱਡਾਂ ਦੀ ਸਮੱਰਥਾ 10,000 ਹੈ।

ਇਹ ਵੀ ਪੜ੍ਹੋ: ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਦੋਸ਼ ਦੇਣਾ ਬੰਦ ਕਰੇ ‘ਆਪ’ ਸਰਕਾਰ : ਹਰਸਿਮਰਤ ਬਾਦਲ

ਪ੍ਰਸ਼ਨ: ਆਮ ਆਦਮੀ ਪਾਰਟੀ ਝੂਠੇ ਤੱਥਾਂ ਦਾ ਸਾਹਰਾ ਕਿਉਂ ਲੈ ਰਹੀ ਹੈ?
ਉੱਤਰ:
ਅਸਲ ’ਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਇਸ ਲਈ ਗਰੀਬ ਜਨਤਾ ਨੂੰ ਭਰਮਾਉਣ ਲਈ ਝੂਠੇ ਤੱਥ ਪੇਸ਼ ਕੀਤੇ ਜਾ ਰਹੇ ਹਨ।

ਪ੍ਰਸ਼ਨ: ਕੇਜਰੀਵਾਲ ਵਾਰ-ਵਾਰ ਮਹਿਲਾਵਾਂ ਨੂੰ 1000 ਰੁਪਏ ਦੀ ਪੈਨਸ਼ਨ ਦੇਣ ਦਾ ਮਾਮਲਾ ਉਛਾਲ ਰਹੇ ਹਨ।
ਉੱਤਰ:
ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਨੂੰ ਆਪਣੇ ਪ੍ਰਦੇਸ਼ ’ਚ ਰਹਿਣ ਵਾਲੀਆਂ ਮਹਿਲਾਵਾਂ ਨੂੰ 1000-1000 ਰੁਪਏ ਦੀ ਪੈਨਸ਼ਨ ਦੇਣੀ ਚਾਹੀਦੀ ਹੈ। ਪਹਿਲੇ ਉਹ ਆਪਣੇ ਖੇਤਰ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ, ਉਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ’ਚ ਬੋਲਣ ਦਾ ਹੱਕ ਹੈ।

ਪ੍ਰਸ਼ਨ: ਚੋਣਾਂ ਦੇ ਨੇੜੇ ਹੀ ਸਾਰੀਆਂ ਸਿਆਸੀ ਪਾਰਟੀਆਂ ਲੋਕਪ੍ਰਿਯ ਵਾਅਦੇ ਕਿਉਂ ਕਰਦੀਆਂ ਹਨ?
ਉੱਤਰ:
ਕਾਂਗਰਸ ਲੋਕਪ੍ਰਿਯ ਵਾਅਦੇ ਹੀ ਨਹੀਂ ਕਰਦੀ ਬਲਕਿ ਉਨ੍ਹਾਂ ਨੂੰ ਪੂਰਾ ਵੀ ਕਰਦੀ ਹੈ। ਪੰਜਾਬ ’ਚ ਨਵੀਂ ਸਰਕਾਰ ਨੇ ਪਿਛਲੇ ਕੁਝ ਸਮੇਂ ਦੌਰਾਨ ਜਿਨ੍ਹਾਂ ਵਾਅਦਿਆਂ ਨੂੰ ਪੂਰਾ ਕੀਤਾ ਹੈ ਉਨ੍ਹਾਂ ਬਾਰੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ’ਚ ਲੋਕਾਂ ਨੂੰ ਰਾਹਤ ਦੇਣ ਬਾਰੇ ਸੋਚ ਵੀ ਨਹੀਂ ਸਕਦੀ।

ਪ੍ਰਸ਼ਨ: ਕੋਰੋਨਾ ਦੇ ਨਵੇਂ ਸਰੂਪ ਓਮੀਕਰੋਨ ਦਾ ਮੁਕਾਬਲਾ ਕਰਨ ਲਈ ਪੰਜਾਬ ’ਚ ਸਰਕਾਰ ਦੀਆਂ ਕੀ ਤਿਆਰੀਆਂ ਹਨ?
ਉੱਤਰ:
ਪੰਜਾਬ ’ਚ ਸਰਕਾਰ ਨੇ ਟੀਕਾਕਰਨ ਦੀ ਰਫਤਾਰ ਨੂੰ ਹੋਰ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ ਸਰਕਾਰ ਨੇ ਭਰਪੂਰ ਮਾਤਰਾ ’ਚ ਦਵਾਈਆਂ ਅਤੇ ਉਪਕਰਨ ਖਰੀਦਣ ਦਾ ਫੈਸਲਾ ਵੀ ਲਿਆ ਹੈ। ਇਸ ਦੇ ਨਾਲ ਹੀ ਬਾਹਰੋਂ ਆਉਣ ਵਾਲੇ ਯਾਤਰੀਆਂ ਦੇ ਟੈਸਟ ਵੀ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਓਮੀਕਰੋਨ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਸਾਰੇ ਸਿਹਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਇਹ ਵੀ ਪੜ੍ਹੋ: ਸੋਨੇ ਦੀਆਂ ਹਲਕੀਆਂ ਅੰਗੂਠੀਆਂ ਦੇਣ 'ਤੇ ਲਾੜੇ ਨੇ ਜ਼ਮੀਨ 'ਤੇ ਪੱਗ ਲਾਹ ਕੇ ਸੁੱਟਿਆ ਸਿਹਰਾ, ਜਾਣੋ ਅੱਗੇ ਕੀ ਹੋਇਆ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News