ਜੇ ਤੁਸੀਂ ਵੀ ਕਰਦੇ ਹੋ ਓ. ਐੱਲ. ਐਕਸ. ਦੀ ਵਰਤੋਂ ਤਾਂ ਜ਼ਰਾ ਸਾਵਧਾਨ, ਜ਼ਰੂਰ ਪੜ੍ਹੋ ਇਹ ਖਬਰ
Monday, Mar 09, 2020 - 06:21 PM (IST)
ਚੰਡੀਗੜ੍ਹ (ਸੁਸ਼ੀਲ) : ਓ. ਐੱਲ. ਐਕਸ. 'ਤੇ ਫਰਨੀਚਰ ਖਰੀਦਣ ਦੇ ਬਹਾਨੇ ਨੌਜਵਾਨ ਨੇ ਬਿਜ਼ਨੈੱਸਮੈਨ ਦੇ ਵਟਸਐਪ 'ਤੇ ਪੇਅ ਟੀ. ਐੱਮ. ਦਾ ਕਿਊ. ਆਰ. ਕੋਡ ਭੇਜ ਕੇ 24,989 ਰੁਪਏ ਦੀ ਠੱਗੀ ਕਰ ਲਈ। ਸੈਕਟਰ-37 ਨਿਵਾਸੀ ਨਰੇਸ਼ ਕੁਮਾਰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ। ਸੈਕਟਰ-39 ਥਾਣਾ ਪੁਲਸ ਨੇ ਨਰੇਸ਼ ਕੁਮਾਰ ਦੀ ਸ਼ਿਕਾਇਤ 'ਤੇ ਠੱਗੀ ਕਰਨ ਵਾਲੇ ਸੈਕਟਰ-39 ਨਿਵਾਸੀ ਨਵੀਨ ਸਿੰਘ ਤੋਮਰ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਹੁਣ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਸ਼ਿਕਾਇਤਕਰਤਾ ਨੇ ਪਾਇਆ ਸੀ ਫਰਨੀਚਰ ਦਾ ਇਸ਼ਤਿਹਾਰ
ਨਰੇਸ਼ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਫਰਨੀਚਰ ਵੇਚਣ ਲਈ ਓ. ਐੱਲ. ਐਕਸ. 'ਤੇ ਇਸ਼ਤਿਹਾਰ ਪਾਇਆ ਸੀ। 9 ਜਨਵਰੀ, 2020 ਨੂੰ ਉਨ੍ਹਾਂ ਦੇ ਮੋਬਾਇਲ ਨੰਬਰ 'ਤੇ ਫਰਨੀਚਰ ਖਰੀਦਣ ਸਬੰਧੀ ਫ਼ੋਨ ਆਇਆ। ਕਾਲ ਕਰਨ ਵਾਲੇ ਨੇ ਆਪਣੀ ਪਛਾਣ ਨਵੀਨ ਸਿੰਘ ਤੋਮਰ ਦੇ ਰੂਪ 'ਚ ਦੱਸੀ। ਤੋਮਰ ਨੇ ਕਿਹਾ ਕਿ ਓ. ਐੱਲ. ਐਕਸ. 'ਤੇ ਫਰਨੀਚਰ ਦਾ ਇਸ਼ਤਿਹਾਰ ਦੇਖਿਆ ਹੈ। ਤਿੰਨ ਹਜ਼ਾਰ ਰੁਪਏ ਜ਼ਿਆਦਾ ਹਨ। ਦੋਹਾਂ ਵਿਚਕਾਰ ਸੌਦਾ ਤੈਅ ਹੋ ਗਿਆ। ਤੋਮਰ ਨੇ ਕਿਹਾ ਕਿ ਉਹ ਇਕ ਹਜ਼ਾਰ ਰੁਪਏ ਐਡਵਾਂਸ ਭੇਜ ਰਿਹਾ ਹੈ ਅਤੇ ਬਾਕੀ ਦੇ ਰੁਪਏ ਦੇ ਕੇ ਉਸ ਦਾ ਕਰਮਚਾਰੀ ਘਰੋਂ ਫਰਨੀਚਰ ਲੈ ਜਾਵੇਗਾ। ਤੋਮਰ ਨੇ ਉਸ ਵਟਸਐਪ 'ਤੇ ਪੇਅ ਟੀ. ਐੱਮ. ਦਾ ਕਿਊ. ਆਰ. ਕੋਡ ਭੇਜ ਦਿੱਤਾ। ਉਸ 'ਤੇ 24, 989 ਰੁਪਏ ਅਤੇ ਹੇਠਾਂ ਇਕ ਹਜ਼ਾਰ ਨਕਦੀ ਲਿਖੀ ਹੋਈ ਸੀ।
ਤੋਮਰ ਨੇ ਉਨ੍ਹਾਂ ਨੂੰ ਫੋਨ ਕਰ ਕੇ ਪ੍ਰੋਸੈੱਸ ਵਾਲਾ ਬਟਨ ਦਬਾਉਣ ਲਈ ਕਿਹਾ ਤਾਂ ਉਨ੍ਹਾਂ ਦੇ ਖਾਤੇ 'ਚੋਂ 24,989 ਰੁਪਏ ਕੱਟੇ ਗਏ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਉਹ ਰੁਪਏ ਵਾਪਸ ਭੇਜ ਰਿਹਾ ਹੈ। ਇਸ ਤੋਂ ਬਾਅਦ ਉਸਨੇ ਦੋਬਾਰਾ 75 ਹਜ਼ਾਰ ਰੁਪਏ ਦਾ ਕਿਊ. ਆਰ. ਕੋਡ ਭੇਜਿਆ ਤਾਂ ਸ਼ਿਕਾਇਤਕਰਤਾ ਨੇ ਪ੍ਰੋਸੈੱਸ ਵਾਲਾ ਬਟਨ ਦਬਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਰੁਪਏ ਵਾਪਸ ਮੰਗਣ ਦਾ ਮੈਸੇਜ ਵਟਸਐਪ ਕੀਤਾ ਪਰ ਉਸ ਨੇ ਰੁਪਏ ਨਹੀਂ ਭੇਜੇ। ਨਰੇਸ਼ ਕੁਮਾਰ ਨੇ ਠੱਗੀ ਦਾ ਅਹਿਸਾਸ ਹੋਣ 'ਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ : ਕੌਣ ਬਣੇਗਾ ਕਰੋੜਪਤੀ ਤੋਂ ਆਈ ਫਰਜ਼ੀ ਕਾਲ, ਮਹਿਲਾ ਦੇ ਖਾਤੇ 'ਚੋਂ ਉਡਾਏ ਹਜ਼ਾਰਾਂ ਰੁਪਏ