25 ਕਰੋੜ ਦੀ ਠੱਗੀ ਦੇ ਮਾਮਲੇ ''ਚ ਪੁਲਸ ਦਾ ਵੱਡਾ ਝੂਠ ਆਇਆ ਸਾਹਮਣੇ

9/16/2020 1:41:44 PM

ਜਲੰਧਰ (ਜ. ਬ.)— ਕਰੋੜਾਂ ਰੁਪਏ ਦੇ ਫਰਾਡ ਮਾਮਲੇ 'ਚ ਹੁਣ ਤੱਕ ਪੀੜਤ ਨਿਵੇਸ਼ਕ ਪੁਲਸ 'ਤੇ ਦੱਬੀ ਜ਼ੁਬਾਨ ਨਾਲ ਕੋਈ ਨਾ ਕੋਈ ਦੋਸ਼ ਲਾ ਰਹੇ ਸਨ ਪਰ ਹੁਣ ਪੁਲਸ ਦਾ ਇਸ ਮਾਮਲੇ 'ਚ ਵੱਡਾ ਝੂਠ ਸਾਹਮਣੇ ਆ ਗਿਆ ਹੈ। ਜਲੰਧਰ ਹਾਈਟਸ-2 ਵਿਚਲੇ ਜਿਸ ਫਲੈਟ ਦੀ ਰੈਂਟ ਡੀਡ ਪੁਲਸ ਨੇ ਗੁਰਮਿੰਦਰ ਸਿੰਘ ਦੀ ਮਾਂ ਦੇ ਨਾਂ 'ਤੇ ਦੱਸੀ ਸੀ, ਉਹ ਦਰਅਸਲ ਗੁਰਮਿੰਦਰ ਸਿੰਘ ਦੇ ਹੀ ਨਾਂ 'ਤੇ ਨਿਕਲੀ ਹੈ। 'ਜਗ ਬਾਣੀ' ਨੇ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਪੁਲਸ ਨੇ ਉਕਤ ਫਲੈਟ ਖਾਲੀ ਕਰਵਾਉਣ ਲਈ ਇਹ ਝੂਠ ਬੋਲਿਆ ਸੀ।

ਦਰਅਸਲ ਕੁਝ ਦਿਨ ਪਹਿਲਾਂ ਹੀ ਜਲੰਧਰ ਹਾਈਟਸ-2 ਸਥਿਤ ਫਲੈਟ ਨੰਬਰ 701 ਬਲਾਕ-ਸੀ ਨੂੰ ਗੁਰਮਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਖਾਲੀ ਕੀਤਾ ਸੀ। ਐੱਫ. ਆਈ. ਆਰ. 'ਚ ਗੁਰਮਿੰਦਰ ਸਿੰਘ ਦਾ ਪਤਾ ਕਪੂਰਥਲਾ ਨਹੀਂ, ਸਗੋਂ ਜਲੰਧਰ ਹਾਈਟਸ ਦਾ ਸੀ। ਐੱਫ. ਆਈ. ਆਰ. ਦਰਜ ਹੋਣ ਦੇ 2 ਮਹੀਨੇ ਬਾਅਦ ਵੀ ਪੁਲਸ ਗੁਰਮਿੰਦਰ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਪਰ ਬੀਤੇ ਦਿਨੀਂ ਉਸ ਦੇ ਕਰੀਬੀ ਰਿਸ਼ਤੇਦਾਰਾਂ ਨੇ ਉਸ ਦਾ ਫਲੈਟ ਖਾਲੀ ਕਰ ਦਿੱਤਾ। ਫਲੈਟ ਖਾਲੀ ਕਰਵਾਉਣ ਸਬੰਧੀ ਜਦੋਂ ਥਾਣਾ ਨੰਬਰ 7 ਦੇ ਸਾਬਕਾ ਇੰਚਾਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਦੀ ਮੌਜੂਦਗੀ 'ਚ ਫਲੈਟ ਖਾਲੀ ਕਰਵਾਇਆ ਗਿਆ ਸੀ। ਇੰਨਾ ਹੀ ਨਹੀਂ, ਉਨ੍ਹਾਂ ਇਹ ਵੀ ਕਿਹਾ ਸੀ ਕਿ ਉਕਤ ਫਲੈਟ ਰੈਂਟ 'ਤੇ ਸੀ, ਜਿਸ ਦੀ ਡੀਡ ਉਸ ਦੀ ਮਾਂ ਦੇ ਨਾਂ ਚੜ੍ਹੀ ਹੋਈ ਹੈ, ਜਿਸ ਕਰਕੇ ਪੁਲਸ ਉਨ੍ਹਾਂ ਨੂੰ ਫਲੈਟ ਖਾਲੀ ਕਰਨ ਤੋਂ ਨਹੀਂ ਰੋਕ ਸਕਦੀ। ਪੁਲਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਸ਼ਿਫਟ ਕਰਵਾਏ ਗਏ ਫਲੈਟ ਵਿਚ ਘਰੇਲੂ ਸਾਮਾਨ ਹੀ ਸੀ।

PunjabKesari

ਪੁਲਸ ਦੇ ਇਸ ਝੂਠ ਦਾ ਪਰਦਾ ਉਸ ਸਮੇਂ ਉਠ ਗਿਆ, ਜਦੋਂ 'ਜਗ ਬਾਣੀ' ਨੇ ਫਲੈਟ ਸਬੰਧੀ ਜਾਂਚ ਕਰਵਾਈ। ਜਾਂਚ ਦੌਰਾਨ ਪਤਾ ਲੱਗਾ ਕਿ ਰੈਂਟ ਡੀਡ ਗੁਰਮਿੰਦਰ ਸਿੰਘ ਦੀ ਮਾਂ ਦੇ ਨਾਂ ਨਹੀਂ, ਸਗੋਂ ਗੁਰਮਿੰਦਰ ਦੇ ਨਾਂ 'ਤੇ ਹੀ ਹੈ। ਅਜਿਹੇ 'ਚ ਸਾਫ ਹੈ ਕਿ ਪੁਲਸ ਕਿਤੇ ਨਾ ਕਿਤੇ ਦੋਸ਼ੀ ਧਿਰ ਦੇ ਲੋਕਾਂ ਨੂੰ ਬਚਾਅ ਰਹੀ ਹੈ। ਪੀੜਤਾਂ ਦਾ ਕਹਿਣਾ ਹੈ ਕਿ ਉਹ ਕਾਫੀ ਲੰਮੇ ਸਮੇਂ ਤੋਂ ਕਹਿ ਰਹੇ ਹਨ ਕਿ ਇਸ ਕੇਸ ਦੀ ਸਹੀ ਤਰੀਕੇ ਨਾਲ ਜਾਂਚ ਨਹੀਂ ਕੀਤੀ ਗਈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਰਣਜੀਤ ਸਿੰਘ ਦੇ ਸ਼ਿਵ ਵਿਹਾਰ ਸਥਿਤ ਘਰ ਵਿਚੋਂ ਉਸ ਦੇ ਪਰਿਵਾਰਕ ਮੈਂਬਰ ਸਾਮਾਨ ਕੱਢ ਕੇ ਲੈ ਗਏ ਸਨ, ਜਦੋਂ ਕਿ ਬਾਅਦ ਵਿਚ ਮੈਨੇਜਮੈਂਟ ਮੈਂਬਰ ਆਦਿੱਤਿਆ ਸੇਠੀ ਨੇ ਆਪਣੀ ਆਡੀ ਕਾਰ ਵੇਚ ਦਿੱਤੀ ਸੀ ਪਰ ਪੁਲਸ ਨੂੰ ਇਸ ਦੀ ਕੰਨੋ-ਕੰਨ ਖਬਰ ਨਹੀਂ ਹੋਈ। ਪੀੜਤ ਹੁਣ ਇਸ ਮਾਮਲੇ ਵਿਚ ਜਲੰਧਰ ਪੁਲਸ ਦੀ ਲਾਪਰਵਾਹ ਕਾਰਗੁਜ਼ਾਰੀ ਬਾਰੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ।

PunjabKesari

ਜ਼ਿਕਰਯੋਗ ਹੈ ਕਿ ਪੀ. ਪੀ. ਆਰ. ਮਾਲ ਸਥਿਤ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਵੱਲੋਂ ਕਰੋੜਾਂ ਰੁਪਏ ਦੇ ਫਰਾਡ ਦਾ ਮਾਮਲਾ ਸਾਹਮਣੇ ਆਇਆ ਸੀ। ਥਾਣਾ ਨੰਬਰ 7 ਵਿਚ ਕੰਪਨੀ ਦੇ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਸਿੰਘ ਉਰਫ ਝੀਤਾ ਪੁੱਤਰ ਜਗਤਾਰ ਸਿੰਘ ਨਿਵਾਸੀ ਅਜੀਤ ਨਗਰ ਕਪੂਰਥਲਾ ਸਮੇਤ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ ਪਤਨੀ ਹੇਮਰਾਜ ਨਿਵਾਸੀ ਏਕਤਾ ਨਗਰ ਫੇਜ਼-1 ਰਾਮਾ ਮੰਡੀ, ਆਦਿੱਤਿਆ ਸੇਠੀ, ਸਾਬਕਾ ਕਰਮਚਾਰੀ ਨਤਾਸ਼ਾ, ਆਸ਼ੀਸ਼ ਸ਼ਰਮਾ ਅਤੇ ਪੁਨੀਤ ਵਰਮਾ ਨਿਵਾਸੀ ਸ਼ਿਵ ਨਗਰ ਸੋਢਲ ਰੋਡ ਖਿਲਾਫ ਕੇਸ ਦਰਜ ਕੀਤਾ ਸੀ।
ਇਸ ਬਾਰੇ ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਨੇ ਕਿਹਾ ਕਿ ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਗੁਰਮਿੰਦਰ ਦਾ ਫਲੈਟ ਕਦੋਂ ਖਾਲੀ ਕਰਵਾਇਆ ਗਿਆ। ਜੇਕਰ ਐੱਸ. ਐੱਚ. ਓ. ਨੇ ਝੂਠੇ ਬਿਆਨ ਦਿੱਤੇ ਹਨ ਤਾਂ ਉਹੀ ਇਸ ਬਾਰੇ ਕੁਝ ਦੱਸ ਸਕਦਾ ਹੈ। ਇਸ ਮਾਮਲੇ 'ਚ ਜਾਂਚ ਲਈ ਬਣਾਈ ਸਿਟ 'ਚ ਥਾਣਾ ਨੰਬਰ 7 ਦੇ ਸਾਬਕਾ ਇੰਚਾਰਜ ਕਮਲਜੀਤ ਸਿੰਘ ਦੀ ਜਗ੍ਹਾ ਨਵੇਂ ਐੱਸ. ਐੱਚ. ਓ. ਰਮਨਦੀਪ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।

ਅਮਰੀਕਾ ਭੇਜਣ ਦੇ ਨਾਂ 'ਤੇ ਮਾਰ ਚੁੱਕੇ ਹਨ ਕਈ ਲੋਕਾਂ ਨਾਲ ਠੱਗੀ
ਸਿੰਗਾਪੁਰ, ਥਾਈਲੈਂਡ ਅਤੇ ਦੁਬਈ ਵਰਗੇ ਦੇਸ਼ਾਂ 'ਚ ਨਿਵੇਸ਼ਕਾਂ ਨੂੰ ਮਹਿੰਗੇ ਭਾਅ ਦੇ ਪੈਕੇਜ ਦੇਣ ਦੇ ਨਾਂ 'ਤੇ ਵੀ ਫਰਾਡ ਕਰਨ ਵਾਲੇ ਕੰਪਨੀ ਦੇ ਮਾਲਕ ਅਮਰੀਕਾ ਭੇਜਣ ਦੇ ਨਾਂ 'ਤੇ ਵੀ ਕਈ ਲੋਕਾਂ ਨਾਲ ਠੱਗੀ ਮਾਰ ਚੁੱਕੇ ਹਨ। ਕੰਪਨੀ ਲਈ ਕੰਮ ਕਰ ਚੁੱਕੇ ਡਿਸਟਰੀਬਿਊਟਰਾਂ ਦੀ ਮੰਨੀਏ ਤਾਂ ਰਣਜੀਤ ਸਿੰਘ ਨੇ ਅਮਰੀਕਾ ਦਾ ਵੀਜ਼ਾ ਲਵਾਉਣ ਲਈ ਕਾਫੀ ਲੋਕਾਂ ਕੋਲੋਂ ਪਹਿਲਾਂ ਤਾਂ ਨਾਨ-ਰਿਫੰਡੇਬਲ ਕਹਿ ਕੇ 50-50 ਹਜ਼ਾਰ ਰੁਪਏ ਐਡਵਾਂਸ ਲਏ ਸਨ। ਰਣਜੀਤ ਸਿੰਘ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਦਾ ਵੀਜ਼ਾ ਲੱਗਦਾ ਹੈ ਤਾਂ ਉਨ੍ਹਾਂ ਨੂੰ 10-10 ਲੱਖ ਰੁਪਏ ਦੇਣੇ ਪੈਣਗੇ। ਹਾਲਾਂਕਿ ਉਸ ਨੇ ਕਿਸੇ ਦਾ ਵੀਜ਼ਾ ਤਾਂ ਨਹੀਂ ਲਵਾਇਆ ਪਰ ਐਡਵਾਂਸ ਦੇ ਨਾਂ 'ਤੇ ਕਾਫੀ ਲੋਕਾਂ ਨਾਲ ਇਸ ਤਰ੍ਹਾਂ ਵੀ ਫਰਾਡ ਕੀਤਾ।


shivani attri

Content Editor shivani attri