ਕਰੋੜਾਂ ਦੀ ਠੱਗੀ ਕਰਨ ਵਾਲੇ OLS ਵ੍ਹਿਜ਼ ਪਾਵਰ ਕੰਪਨੀ ਦੇ ਮਾਲਕ ਰਣਜੀਤ ਸਿੰਘ ਬਾਰੇ ਹੋਇਆ ਇਕ ਹੋਰ ਖੁਲਾਸਾ
Sunday, Aug 02, 2020 - 10:27 AM (IST)
ਜਲੰਧਰ (ਵਰੁਣ)— ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੀ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਲਕ ਰਣਜੀਤ ਸਿੰਘ ਨੇ ਫਰਾਰ ਹੋਣ ਤੋਂ ਕੁਝ ਦਿਨ ਪਹਿਲਾਂਅਵਤਾਰ ਨਗਰ ਦੇ ਇਕ ਕਾਰ ਡੀਲਰ ਨੂੰ ਆਪਣੀ ਫਾਰਚੂਨਰ ਗੱਡੀ 29 ਲੱਖ ਰੁਪਏ 'ਚ ਵੇਚ ਦਿੱਤੀ ਸੀ। ਰਣਜੀਤ ਸਿੰਘ ਨੇ ਡੀਲਰ ਕੋਲੋਂ 10 ਲੱਖ ਰੁਪਏ ਕੈਸ਼ ਲਏ ਸਨ, ਜਦਕਿ ਬਾਕੀ ਰਕਮ ਅਕਾਊਂਟ 'ਚ ਟਰਾਂਸਫਰ ਕਰਵਾਈ ਸੀ। ਇਸ ਤੋਂ ਇਲਾਵਾ ਕੰਪਨੀ ਦੇ ਮਾਲਕ ਰਣਜੀਤ ਸਿੰਘ, ਗਗਨਦੀਪ ਸਿੰਘ ਅਤੇ ਗੁਰਮਿੰਦਰ ਸਿੰਘ ਕੋਲ ਜਿਹੜੀਆਂ ਲਗਜ਼ਰੀ ਗੱਡੀਆਂ ਹਨ, ਉਨ੍ਹਾਂ 'ਚੋਂ ਜੈਗੁਆਰ ਨੂੰ ਛੱਡ ਕੇ ਕੋਈ ਵੀ ਪੁਲਸ ਨੇ ਆਪਣੇ ਕਬਜ਼ੇ 'ਚ ਨਹੀਂ ਲਈ ਹੈ। ਪੁਲਸ ਕੋਲ ਉਕਤ ਲੋਕਾਂ ਦੀ ਪ੍ਰਾਪਰਟੀ ਦਾ ਵੀ ਰਿਕਾਰਡ ਨਹੀਂ ਹੈ। ਹਾਲ ਹੀ 'ਚ ਥਾਣਾ ਨੰਬਰ 7 'ਚ ਦੀਪਕ ਅਰੋੜਾ ਪੁੱਤਰ ਸ਼ਾਮ ਲਾਲ ਨਿਵਾਸੀ ਉਪਕਾਰ ਨਗਰ ਨੇ ਇਕ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਕਿਹਾ ਕਿ ਕੰਪਨੀ ਦੇ ਮਾਲਕਾਂ ਤੋਂ ਲੈ ਕੇ ਮੈਨੇਜਮੈਂਟ ਮੈਂਬਰਾਂ ਦਾ ਉਕਤ ਠੱਗੀ 'ਚ ਪੂਰਾ ਹੱਥ ਹੈ।
ਉਸ ਨੇ ਦਾਅਵਾ ਕੀਤਾ ਕਿ ਉਸ ਨੇ ਕੰਪਨੀ ਕੋਲ 21 ਗੋਲਡ ਕਮੇਟੀਆਂ ਪਾਈਆਂ ਹੋਈਆਂ ਸਨ। 11 ਕਿਸ਼ਤਾਂ ਦੇਣ ਤੋਂ ਬਾਅਦ ਜਦੋਂ ਉਹ ਕੰਪਨੀ ਦਫ਼ਤਰ ਵਿਚ ਗਿਆ ਤਾਂ ਉਸ ਨੂੰ ਗੋਲਡ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ। ਦੋਸ਼ ਹੈ ਕਿ ਰਣਜੀਤ ਸਿੰਘ ਅਤੇ ਹੋਰ ਲੋਕਾਂ ਨੇ ਉਸ ਨੂੰ ਦਫ਼ਤਰ 'ਚ ਧਮਕਾਇਆ ਅਤੇ ਉਲਟਾ ਉਸ 'ਤੇ ਹੀ ਕੇਸ ਦਰਜ ਕਰਵਾਉਣ ਦੀ ਧਮਕੀ ਦਿੱਤੀ।ਦੀਪਕ ਨੇ ਕਿਹਾ ਕਿ ਕੰਪਨੀ ਨੇ ਉਸ ਨਾਲ 10 ਲੱਖ ਰੁਪਏ ਦੀ ਠੱਗੀ ਮਾਰੀ ਹੈ ਅਤੇ ਇਸ 'ਚ ਰਣਜੀਤ ਸਿੰਘ, ਗਗਨਦੀਪ ਸਿੰਘ, ਗੁਰਮਿੰਦਰ ਸਿੰਘ, ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ, ਆਦਿੱਤਿਆ ਸੇਠੀ, ਨਤਾਸ਼ਾ ਕਪੂਰ ਨਿਵਾਸੀ ਸੀ-ਬਲਾਕ ਫਲੈਟ ਨੰਬਰ 602 ਜਲੰਧਰ ਹਾਈਟਸ-2 ਅਤੇ ਪੁਨੀਤ ਵਰਮਾ ਦੀ ਪੂਰੀ ਮਿਲੀਭੁਗਤ ਹੈ।
ਗਗਨਦੀਪ ਸਿੰਘ ਕਰਦਾ ਸੀ ਕੰਪਨੀ ਦਾ ਸਾਫਟਵੇਅਰ ਅਪਡੇਟ
ਜਾਂਚ 'ਚ ਪਤਾ ਲੱਗਾ ਹੈ ਕਿ ਗਗਨਦੀਪ ਸਿੰਘ ਕੰਪਨੀ ਦਾ ਸਾਫਟਵੇਅਰ ਅਪਡੇਟ ਕਰਦਾ ਸੀ ਅਤੇ ਪਾਸਵਰਡ ਗਗਨਦੀਪ ਸਿੰਘ, ਰਣਜੀਤ ਸਿੰਘ ਅਤੇ ਗੁਰਮਿੰਦਰ ਸਿੰਘ ਕੋਲ ਰਹਿੰਦਾ ਸੀ। ਸੂਤਰਾਂ ਅਨੁਸਾਰ ਰਣਜੀਤ ਸਿੰਘ ਕੰਪਨੀ 'ਚ ਕੰਮ ਕਰਨ ਵਾਲੇ ਲੋਕਾਂ ਦੀ ਪ੍ਰਮੋਸ਼ਨ ਤੋਂ ਇਲਾਵਾ ਮਾਰਕੀਟ ਦਾ ਸਾਰਾ ਕੰਮ ਵੇਖਦਾ ਸੀ ਅਤੇ ਸਾਰੇ ਨਿਵੇਸ਼ਕਾਂ ਨੂੰ ਆਪਣੀ ਕੰਪਨੀ ਨਾਲ ਜੋੜਦਾ ਸੀ। ਗੁਰਮਿੰਦਰ ਬੈਂਕ ਤੋਂ ਲੈ ਕੇ ਹੋਰ ਸਾਰੇ ਕੰਮ ਕਰਦਾ ਸੀ। ਇਸ ਕੇਸ 'ਚ ਅਜੇ ਆਦਿੱਤਿਆ ਸੇਠੀ, ਨਤਾਸ਼ਾ ਕਪੂਰ, ਆਸ਼ੀਸ਼ ਸ਼ਰਮਾ, ਪੁਨੀਤ ਵਰਮਾ, ਸ਼ੀਲਾ ਦੇਵੀ ਅਤੇ ਤੀਸਰੇ ਮਾਲਕ ਗੁਰਮਿੰਦਰ ਸਿੰਘ ਦਾ ਪੁਲਸ ਨੂੰ ਕੋਈ ਸੁਰਾਗ ਨਹੀਂ ਲੱਗਾ ਹੈ।
ਜ਼ਿਕਰਯੋਗ ਹੈ ਕਿ ਓ. ਐੱਲ.ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਉਕਤ ਮਾਲਕ ਲੱਖਾਂ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਏ ਸਨ। ਦੋਸ਼ੀ ਗੋਲਡ ਕਿੱਟੀ ਦੇ ਨਾਂ 'ਤੇ ਲੋਕਾਂ ਨੂੰ ਲਾਲਚ ਦੇ ਕੇ ਕੰਪਨੀ 'ਚ ਪੈਸੇ ਲਵਾਉਂਦੇ ਸਨ। ਥਾਣਾ ਨੰਬਰ-7 'ਚ ਕੰਪਨੀ ਦੇ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਸਿੰਘ ਪੁੱਤਰ ਜਗਤਾਰ ਿਸੰਘ ਨਿਵਾਸੀ ਜਲੰਧਰ ਹਾਈਟਸ-2 ਅਤੇ ਸ਼ੀਲਾ ਦੇਵੀ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ। ਤਿੰਨਾਂ 'ਚੋਂ 2 ਦੋਸ਼ੀਆਂ ਰਣਜੀਤ ਸਿੰਘ ਅਤੇ ਗਗਨਦੀਪ ਸਿੰਘ ਨੇ ਪੁਲਸ ਕੋਲ ਆਤਮ-ਸਮਰਪਣ ਕਰ ਦਿੱਤਾ ਸੀ।
ਪੁਲਸ 'ਤੇ ਲੱਗੇ ਹੇਠਲੇ ਪੱਧਰ 'ਤੇ ਕਾਰਵਾਈ ਕਰਕੇ ਮੁੱਖ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼
ਕੁਝ ਲੋਕਾਂ ਨੇ ਇਸ ਕੇਸ 'ਚ ਪੁਲਸ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਥਾਣਾ ਨੰਬਰ 7 ਦੀ ਪੁਲਸ ਕੰਪਨੀ ਦੇ ਮਾਲਕਾਂ ਕੋਲੋਂ ਕੁਝ ਵੀ ਰਿਕਵਰ ਨਹੀਂ ਕਰ ਸਕੀ ਹੈ ਪਰ ਹੁਣ ਮੁੱਖ ਦੋਸ਼ੀਆਂ ਨੂੰ ਬਚਾਉਣ ਲਈ ਹੇਠਲੇ ਪੱਧਰ ਦੇ ਕੰਪਨੀ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬਸਪਾ ਦੇ ਜਨਰਲ ਸਕੱਤਰ ਬਲਵਿੰਦਰ ਕੁਮਾਰ ਇਨ੍ਹਾਂ 'ਚੋਂ ਕੁਝ ਮੈਂਬਰਾਂ ਦੇ ਪਰਿਵਾਰਾਂ ਸਮੇਤ ਥਾਣਾ ਨੰਬਰ 7 'ਚ ਪਹੁੰਚੇ, ਜਿੱਥੇ ਉਨ੍ਹਾਂ ਦੋਸ਼ ਲਾਇਆ ਕਿ ਕੰਪਨੀ ਦੇ ਮਾਲਕਾਂ ਦੀ ਬੈਂਕ ਟਰਾਂਜੈਕਸ਼ਨ ਅਤੇ ਖਾਤਿਆਂ ਦੀ ਸਹੀ ਜਾਣਕਾਰੀ ਪੁਲਸ ਕੋਲ ਨਹੀਂ ਹੈ। ਕੰਪਨੀ ਮਾਲਕਾਂ ਵੱਲੋਂ ਲਗਜ਼ਰੀ ਗੱਡੀਆਂ ਵੇਚਣ, ਖਰੀਦੇ ਪਲਾਟ ਅਤੇ ਹੋਰ ਲਗਜ਼ਰੀ ਗੱਡੀਆਂ ਬਾਰੇ ਵੀ ਪੁਲਸ ਨੂੰ ਕੁਝ ਨਹੀਂ ਪਤਾ। ਉਨ੍ਹਾਂ ਦੋਸ਼ ਲਾਇਆ ਕਿ ਕੰਪਨੀ ਮਾਲਕਾਂ ਨੂੰ ਬਚਾਉਣ ਅਤੇ ਕੇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸਮੇਂ ਤੱਕ ਲਟਕਾਉਣ ਲਈ ਪੁਲਸ ਹੇਠਲੇ ਪੱਧਰ ਦੇ ਕੰਪਨੀ ਮੈਂਬਰਾਂ ਨੂੰ ਪਰੇਸ਼ਾਨ ਕਰ ਰਹੀ ਹੈ।
ਗਗਨਦੀਪ ਦਾ ਹਰਦੀਪ ਨਗਰ ਵਿਚਲਾ 10 ਮਰਲੇ ਦਾ ਪਲਾਟ ਸੀਲ
ਗਗਨਦੀਪ ਸਿੰਘ ਦੇ ਹਰਦੀਪ ਨਗਰ ਵਿਚਲੇ 10 ਮਰਲੇ ਦੇ ਪਲਾਟ ਨੂੰ ਪੁਲਸ ਨੇ ਸੀਲ ਕਰ ਦਿੱਤਾ ਹੈ। ਗਗਨਦੀਪ ਨੂੰ ਵੀਰਵਾਰ ਦੋਬਾਰਾ ਅਦਾਲਤ 'ਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਲਿਆ ਗਿਆ ਸੀ। ਉਸ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਲੋਕਾਂ ਨੇ ਠੱਗੀ ਦੇ ਪੈਸਿਆਂ ਨਾਲ ਉਕਤ ਪਲਾਟ ਖਰੀਦਿਆ ਸੀ। ਇਸ ਤੋਂ ਇਲਾਵਾ ਪੁਲਸ ਨਿਵੇਸ਼ਕਾਂ ਦੀ ਸੂਚੀ ਤਿਆਰ ਕਰ ਰਹੀ ਹੈ। ਕੰਪਨੀ ਦੇ ਇਸ ਲੈਪਟਾਪ ਨੂੰ ਸਾਈਬਰ ਕ੍ਰਾਈਮ ਸੈੱਲ ਨੂੰ ਸੌਂਪਿਆ ਗਿਆ ਸੀ। ਉਸ ਵਿਚੋਂ ਕੁਝ ਵੀ ਪੁਖਤਾ ਜਾਣਕਾਰੀ ਨਹੀਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਲੈਪਟਾਪ 'ਚ ਕੁਝ ਫੋਲਡਰ ਲਾਕ ਹਨ, ਜਿਨ੍ਹਾਂ ਨੂੰ ਖੁੱਲ੍ਹਵਾਇਆ ਜਾ ਰਿਹਾ ਹੈ।