14 ਮਹੀਨਿਆਂ ਬਾਅਦ ਵੀ ਨਹੀਂ ਮਿਲੀਆਂ ਬਚੜੇ ਵਾਸੀਆਂ ਨੂੰ ਬੁਢਾਪਾ ਪੈਨਸ਼ਨਾਂ

Monday, Mar 05, 2018 - 07:22 AM (IST)

ਤਰਨਤਾਰਨ,  (ਜੁਗਿੰਦਰ ਸਿੱਧੂ)-  ਪਿੰਡ ਬਚੜੇ ਵਿਖੇ ਬਾਬਾ ਤਰਸੇਮ ਸਿੰਘ ਦੇ ਗ੍ਰਹਿ ਵਿਖੇ ਵੋਟਰਸ ਪਾਰਟੀ ਇੰਟਰਨੈਸ਼ਨਲ ਦੀ ਇਕ ਵਿਸ਼ਾਲ ਮੀਟਿੰਗ ਹੋਈ। ਇਸ 'ਚ ਬ੍ਰਹਮਜੀਤ ਸਿੰਘ ਗਿੱਲ ਸੂਬਾ ਚੇਅਰਮੈਨ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਉਨ੍ਹਾਂ ਮੀਟਿੰਗ 'ਚ ਸ਼ਾਮਲ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੋਟਰ ਦੇਸ਼ ਦਾ ਮਾਲਕ ਹੈ ਜੋ ਅੱਜ ਭੁੱਖਾ ਮਰ ਰਿਹਾ ਹੈ। ਮਹਿੰਗਾਈ ਕਾਰਨ ਗਰੀਬ ਲੋਕ ਦਾਲ-ਰੋਟੀ ਨੂੰ ਤਰਸ ਰਹੇ ਹਨ। ਉਨ੍ਹਾਂ ਪਿਛਲੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ 'ਚ ਲੋਕ ਮਹਿੰਗਾਈ, ਬੇਰੋਜ਼ਗਾਰੀ  ਅਤੇ ਗਰੀਬੀ ਤੋਂ ਦੁਖੀ ਸਨ। ਉਨ੍ਹਾਂ ਨੂੰ ਕਾਂਗਰਸ ਪਾਰਟੀ ਤੋਂ ਆਸ ਸੀ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦਾ ਰਾਜ ਆਉਣ 'ਤੇ ਬੇਰੋਜ਼ਗਾਰੀ ਹਟੇਗੀ। ਕਾਂਗਰਸ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਅਨੁਸਾਰ ਘਰ-ਘਰ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਨੌਕਰੀ ਨਾ ਮਿਲਣ ਦੀ ਸੂਰਤ ਵਿਚ ਬੇਰੋਜ਼ਗਾਰ ਨੌਜਵਾਨਾਂ, ਲੜਕੀਆਂ ਨੂੰ ਬੇਰੋਜ਼ਗਾਰੀ ਭੱਤਾ ਦਿੱਤਾ ਜਾਵੇਗਾ ਪਰ ਅਫਸੋਸ ਇਕ ਸਾਲ ਬੀਤ ਜਾਣ 'ਤੇ ਵੀ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲਿਆ।
ਇਸ ਮੀਟਿੰਗ ਮੌਕੇ ਪਿੰਡ ਬਚੜੇ ਦੀ ਵਿਧਵਾ ਚਰਨਜੀਤ ਕੌਰ ਨੇ ਦੱਸਿਆ ਕਿ ਅੱਜ ਤੱਕ ਉਸ ਦੀ ਬੁਢਾਪਾ ਪੈਨਸ਼ਨ ਨਹੀਂ ਲਾਈ ਗਈ। ਗਿਆਨ ਸਿੰਘ ਬਚੜੇ ਨੇ ਦੱਸਿਆ 2017 'ਚ ਪੈਨਸ਼ਨ ਮਿਲੀ ਸੀ। ਉਸ ਦੇ ਬਾਅਦ ਅੱਜ ਤੱਕ ਪੈਨਸ਼ਨ ਨਹੀਂ ਮਿਲੀ। ਇਸ ਮੌਕੇ ਬੀਬੀ ਪਿਆਰ ਕੌਰ, ਮਨਜੀਤ ਕੌਰ, ਬਲਜੀਤ ਕੌਰ, ਬਲਵਿੰਦਰ ਕੌਰ, ਹਰਮੀਤ ਕੌਰ, ਜੁਗਿੰਦਰ ਸਿੰਘ, ਲਾਲ ਸਿੰਘ, ਬਲਵਿੰਦਰ ਸਿੰਘ, ਰਾਜਬੀਰ ਸਿੰਘ, ਅਰਜਨ ਸਿੰਘ ਤੇ ਜਸਵੰਤ ਸਿੰਘ ਸਾਰੇ ਬਚੜਾ ਵਾਸੀਆਂ ਨੇ ਦੱਸਿਆ ਕਿ 14 ਮਹੀਨਿਆਂ ਤੋਂ ਕਾਂਗਰਸ ਸਰਕਾਰ ਬਣਨ ਬਾਅਦ ਉਨ੍ਹਾਂ ਨੂੰ ਬੁਢਾਪਾ ਪੈਨਸ਼ਨਾਂ ਨਸੀਬ ਨਹੀਂ ਹੋਈਆਂ। ਇਸ ਮੌਕੇ ਗਰੀਬ ਵਰਗ ਨੇ ਡੀ. ਸੀ. ਤਰਨਤਾਰਨ ਅਤੇ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਸਮੇਤ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਗਰੀਬਾਂ ਨੂੰ ਸਾਰੀਆਂ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। 


Related News