ਬਜ਼ੁਰਗ ਪੈਨਸ਼ਨਰਾਂ ਲਾਇਆ ਸਰਕਾਰ ਖਿਲਾਫ ਧਰਨਾ
Monday, Dec 04, 2017 - 03:21 PM (IST)
ਬੁਢਲਾਡਾ (ਬਾਂਸਲ) : ਪੰਜਾਬ ਰਾਜ ਬਿਜਲੀ ਬੋਰਡ ਦੇ ਪੈਨਸ਼ਨਰਾਂ ਨੂੰ ਸਮੇਂ ਸਿਰ ਪੈਨਸ਼ਨ ਨਾ ਦੇਣ ਕਾਰਨ ਬੋਰਡ ਅਤੇ ਸਰਕਾਰ ਦੇ ਖਿਲਾਫ ਧਰਨਾ ਦੇ ਕੇ ਪੈਨਸ਼ਨਰਾਂ ਨੇ ਨਾਅਰੇਬਾਜੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਲਾਭ ਸਿੰਘ ਨੇ ਕਿਹਾ ਕਿ ਸਰਕਾਰ ਪਾਵਰਕਾਮ ਪੈਨਸ਼ਨਰਾਂ ਦਾ ਇਮਤਿਹਾਨ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੈਨਸ਼ਨਰਾਂ ਦੀ ਪੈਨਸ਼ਨ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ,| ਜਿਸ ਕਾਰਨ ਪੈਨਸ਼ਨਰਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਆਰਥਿਕ ਤੌਰ 'ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਦਸੰਬਰ 2016 ਦੌਰਾਨ ਵੀ ਪੈਨਸ਼ਨਰਾਂ ਦੀ ਪੈਨਸ਼ਨ ਲੇਟ ਜਾਰੀ ਕੀਤੀ ਸੀ ਅਤੇ ਹੁਣ ਵੀ ਨਵੰਬਰ 2017 ਦੀ ਪੈਨਸ਼ਨ ਸਮੇਂ ਸਿਰ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਹਰ ਵਾਰ ਸਰਕਾਰ ਵੱਲੋਂ ਜਥੇਬੰਦੀ ਵੱਲੋਂ ਰੋਸ ਮੁਜਾਹਰਾ ਕਰਨ 'ਤੇ ਹੀ ਹਰ ਸਾਲ ਪੈਨਸ਼ਨ ਜਾਰੀ ਕੀਤੀ ਜਾਂਦੀ ਹੈ।|ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪਾਵਰਕਾਮ ਦੀ ਕਾਰਗੁਜਾਰੀ ਤੇ ਵੀ ਸਵਾਲੀਆਂ ਚਿਨ੍ਹ ਲੱਗ ਰਿਹਾ ਹੈ ਕਿ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਭੱਜ ਰਹੀ ਹੈ।|ਇਸ ਮੌਕੇ ਸਟੇਟ ਆਗੂ ਲੱਖਾ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਵਾਅਦੇ ਕਰਨ ਤੋਂ ਬਾਅਦ ਵੀ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਾਰ ਪੈਨਸ਼ਨਰਾਂ ਨੂੰ ਰੋਹ ਭਰਪੂਰ ਧਰਨੇ ਦੇਣ ਲਈ ਮਜਬੂਰ ਨਾ ਕਰੇ। ਇਸ ਮੌਕੇ ਪੈਨਸ਼ਨਰਾਂ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ। ਇਸ ਧਰਨੇ ਮੌਕੇ ਪੈਨਸ਼ਨਰਾਂ 'ਚ ਵੀ ਸਰਕਾਰ ਪ੍ਰਤੀ ਗੁੱਸਾ ਸਾਫ ਦਿਖਾਈ ਦਿੱਤਾ। ਇਸ ਧਰਨੇ 'ਚ ਹੋਰਨਾ ਤੋਂ ਇਲਾਵਾ ਨਾਜਰ ਸਿੰਘ ਭੀਖੀ, ਸਰਕਲ ਸਕੱਤਰ ਰਤਨ ਸ਼ਰਮਾ, ਅਮਰੀਕ ਸਿੰਘ ਗੁਰਨੇ, ਹਰਜੀਤ ਸਿੰਘ, ਹਰਬਿਲਾਸ ਸ਼ਰਮਾ, ਗੁਰਜੰਟ ਸਿੰਘ, ਨਾਜਰ ਸਿੰਘ ਦੋਦੜਾ, ਦੇਸ ਰਾਜ ਮਘਾਣੀਆ, ਕਰਨੈਲ ਸਿੰਘ, ਅਵਤਾਰ ਸਿੰਘ, ਰਾਜ ਕ੍ਰਿਸ਼ਨ, ਬਲਦੇਵ ਸਿੰਘ, ਅਜੀਤ ਸਿੰਘ, ਨੋਰੰਗ ਸਿੰਘ, ਰਘੁਬੀਰ ਚੰਦ ਬਰੇਟਾ ਆਦਿ ਹਾਜ਼ਰ ਸਨ।
