ਅੱਧੀ ਰਾਤੀਂ ਪਿੰਡ 'ਚ ਵੱਡੀ ਵਾਰਦਾਤ, ਮੰਜੇ ਤੇ ਸੁੱਤੇ ਬਜ਼ੁਰਗ ਨੂੰ ਹਥਿਆਰਾਂ ਨਾਲ ਵੱਢਿਆ
Monday, Aug 17, 2020 - 12:34 PM (IST)
ਬੱਸੀ ਪਠਾਣਾਂ (ਰਾਜਕਮਲ, ਜੱਜੀ) : ਸਬ-ਡਵੀਜ਼ਨ ਬੱਸੀ ਪਠਾਣਾਂ ਅਧੀਨ ਪੈਂਦੇ ਪਿੰਡ ਚੁੰਨੀ ਖੁਰਦ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਸੁੱਤੇ ਪਏ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਪੀ. (ਡੀ) ਹਰਪਾਲ ਸਿੰਘ, ਡੀ. ਐੱਸ . ਪੀ. ਸੁਖਮਿੰਦਰ ਸਿੰਘ ਚੌਹਾਨ, ਥਾਣਾ ਬਡਾਲੀ ਆਲਾ ਸਿੰਘ ਦੇ ਐੱਸ . ਐੱਚ. ਓ. ਨਵਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਹੁਣ ਚੰਡੀਗੜ੍ਹ ਤੋਂ ਚੇਨੱਈ ਦਾ ਸਫ਼ਰ ਹੋਇਆ ਸੌਖਾ, 'ਸਿੱਧੀ ਉਡਾਣ' ਸ਼ੁਰੂ
ਥਾਣਾ ਬਡਾਲੀ ਆਲਾ ਸਿੰਘ ਵੱਲੋਂ ਇਸ ਸਬੰਧੀ ਸ਼ਿਕਾਇਤ ਕਰਤਾ ਅਮਰਜੀਤ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਆਈ. ਪੀ. ਸੀ. ਦੀ ਧਾਰਾ-302,34 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਡੀ. ਐੱਸ . ਪੀ. ਚੌਹਾਨ ਨੇ ਦੱਸਿਆ ਹੈ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਅਮਰਜੀਤ ਸਿੰਘ ਨੇ ਦੱਸਿਆ ਹੈ ਕਿ ਉਹ ਸੀ. ਟੀ. ਯੂ. ਚੰਡੀਗੜ੍ਹ ਵਿਖੇ ਡਰਾਈਵਰ ਦੀ ਨੌਕਰੀ ਕਰਦਾ ਹੈ ਅਤੇ ਉਸ ਦਾ ਆਪਣੀ ਪਤਨੀ ਰਾਜਵਿੰਦਰ ਕੌਰ ਵਾਸੀ ਪੰਚਕੂਲਾ ਨਾਲ ਕਰੀਬ ਇਕ ਸਾਲ ਤੋਂ ਤਲਾਕ ਦਾ ਕੇਸ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕਿਸੇ ਹੋਰ ਨਾਲ ਰਹਿ ਰਹੀ ਸੀ ਪਤਨੀ, ਖਫ਼ਾ ਹੋਏ ਪਤੀ ਨੇ ਦਿੱਤੀ ਦਰਦਨਾਕ ਮੌਤ
ਇਸ ਤੋਂ ਇਲਾਵਾ ਉਸ ਦੇ ਛੋਟੇ ਭਰਾ ਕਰਮਜੀਤ ਸਿੰਘ ਨਾਲ ਵੀ ਜਾਇਦਾਦ ਦੇ ਤਬਾਦਲੇ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਉਸ ਦਾ ਪਿਤਾ ਗੁਰਮੀਤ ਸਿੰਘ (60) ਪਹਿਲਾਂ ਉਸ ਦੇ ਛੋਟੇ ਭਰਾ ਕੋਲ ਰੋਟੀ ਖਾਂਦਾ ਸੀ, ਪਰ ਹੁਣ ਉਹ ਕਰੀਬ ਚਾਰ ਮਹੀਨਿਆਂ ਤੋਂ ਸ਼ਿਕਾਇਤ ਕਰਤਾ ਅਮਰਜੀਤ ਸਿੰਘ ਦੇ ਘਰ ਰੋਟੀ ਖਾਂਦਾ ਸੀ ਤੇ ਉਸ ਦੇ ਮਕਾਨ ਦੇ ਨਾਲ ਲੱਗਦੀ ਡੇਅਰੀ ਬਾਹਰ ਮੰਜਾ ਡਾਹ ਕੇ ਸੌਂਦਾ ਸੀ। ਸ਼ੁੱਕਰਵਾਰ ਦੀ ਦੁਪਹਿਰ ਸ਼ਿਕਾਇਤ ਕਰਤਾ ਅਮਰਜੀਤ ਸਿੰਘ ਡਿਊਟੀ ਲਈ ਚੰਡੀਗੜ੍ਹ ਚਲਾ ਗਿਆ ਤੇ ਰਾਤ ਨੂੰ ਉਸ ਦਾ ਪਿਤਾ ਰੋਟੀ ਖਾ ਕੇ ਹਮੇਸ਼ਾ ਦੀ ਤਰ੍ਹਾਂ ਸੌਣ ਲਈ ਡੇਅਰੀ ਚਲਾ ਗਿਆ ਤੇ ਸ਼ਿਕਾਇਤ ਕਰਤਾ ਵੀ ਰਾਤ ਨੂੰ ਵਾਪਸ ਘਰ ਆ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ 'ਕੋਰੋਨਾ' ਦਾ ਭੜਥੂ, ਕਾਂਗਰਸੀ ਮੰਤਰੀ ਤੋਂ ਬਾਅਦ ਹੁਣ 'ਅਕਾਲੀ ਵਿਧਾਇਕ' ਹੋਇਆ ਸ਼ਿਕਾਰ
ਸ਼ਨੀਵਾਰ ਦੀ ਸਵੇਰ ਪਿੰਡ ਦੇ ਜਰਨੈਲ ਸਿੰਘ ਤੇ ਗੁਰਵਿੰਦਰ ਸਿੰਘ ਪੰਚ ਨੇ ਉਸ ਨੂੰ ਘਰ ਆ ਕੇ ਦੱਸਿਆ ਕਿ ਉਸ ਦੇ ਪਿਤਾ ਗੁਰਮੀਤ ਸਿੰਘ ਦਾ ਕਤਲ ਹੋ ਗਿਆ ਹੈ, ਜਦੋਂ ਉਹ ਮੌਕੇ ’ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਪਿਤਾ ਦੇ ਮੂੰਹ ਅਤੇ ਧੌਣ ’ਤੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰੀਆਂ ਹੋਈਆਂ ਸਨ ਤੇ ਉਸ ਦੇ ਪਿਤਾ ਦੀ ਲਾਸ਼ ਲਹੂ-ਲੁਹਾਨ ਹਾਲਤ ’ਚ ਮੰਜੇ ’ਤੇ ਪਈ ਸੀ, ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਡੀ. ਐੱਸ. ਪੀ. ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਤਲਾਂ ਨੂੰ ਜਲਦੀ ਹੀ ਕਾਬੂ ਕਰ ਕੇ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਜਾਵੇਗਾ।