ਸਪੀਕਰ ਦੀ ਆਵਾਜ਼ ਪਿੱਛੇ ਬੇਰਹਿਮੀ ਨਾਲ ਕੁੱਟਿਆ ਬਜ਼ੁਰਗ
Tuesday, Nov 20, 2018 - 04:20 PM (IST)
![ਸਪੀਕਰ ਦੀ ਆਵਾਜ਼ ਪਿੱਛੇ ਬੇਰਹਿਮੀ ਨਾਲ ਕੁੱਟਿਆ ਬਜ਼ੁਰਗ](https://static.jagbani.com/multimedia/2018_11image_16_19_229120000viralvideo.jpg)
ਲੁਧਿਆਣਾ (ਨਰਿੰਦਰ) : ਥਾਣਾ ਟਿੱਬਾ ਦੇ ਅਧੀਨ ਪੈਂਦੇ ਨਿਊ ਪੁਨੀਤ ਨਗਰ ’ਚ ‘ਛਠ ਪੂਜਾ’ ਦੌਰਾਨ ਸਪੀਕਰ ਦੀ ਆਵਾਜ਼ ਨੂੰ ਲੈ ਕੇ ਗੁਆਂਢੀ ਪਰਿਵਾਰਾਂ ’ਚ ਕੁੱਟਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਵੀਡੀਓ ’ਚ ਕੁਝ ਪਰਵਾਸੀ ਲੋਕ ਇਕ ਬਜ਼ੁਰਗ ਨੂੰ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ। ‘ਜਗਬਾਣੀ’ ਵਲੋਂ ਇਸ ਵੀਡੀਓ ਦੀ ਸੱਚਾਈ ਦਾ ਪਤਾ ਕਰਨ ’ਤੇ ਸਾਹਮਣੇ ਆਇਆ ਕਿ ‘ਛਠ ਪੂਜਾ’ ਦੌਰਾਨ ਸਪੀਕਰ ਦੀ ਆਵਾਜ਼ ਘੱਟ ਕਰਨ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਆਪਸੀ ਝਗੜਾ ਹੋ ਗਿਆ ਅਤੇ ਇਕ ਧਿਰ ਨੇ ਦੂਜੀ ਧਿਰ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਮਾਮਲੇ ਬਾਰੇ ਏ. ਸੀ. ਪੀ. ਈਸਟ ਪਵਨਜੀਤ ਚੌਧਰੀ ਦਾ ਕਹਿਣਾ ਹੈ ਕਿ ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਇਸ ਝਗੜੇ ਨੂੰ ਕਿਸੇ ਵੀ ਤਰ੍ਹਾਂ ਨਾਲ ਧਾਰਮਿਕ ਮੁੱਦਾ ਨਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪੁਲਸ ਨੇ ਦੋਹਾਂ ਧਿਰਾਂ ਖਿਲਾਫ ਕਰਾਸ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਵਾਇਰਲ ਵੀਡੀਓ ’ਚ ਨਜ਼ਰ ਆ ਰਹੇ ਪੀੜਤ ਪਰਿਵਾਰ ਦੀ ਮਦਦ ਲਈ ਕਈ ਸਿੱਖ ਜੱਥੇਬੰਦੀਆਂ ਸਾਹਮਣੇ ਆ ਰਹੀਆਂ ਹਨ ਅਤੇ ਪੀੜਤ ਪਰਿਵਾਰ ਲਈ ਇਨਸਾਫ ਦੀ ਮੰਗ ਕਰ ਰਹੀਆਂ ਹਨ।