ਡਿਊਟੀ 'ਚ ਕੋਤਾਹੀ ਵਰਤਣ ਵਾਲੇ ਅਧਿਕਾਰੀ ਬਖਸ਼ੇ ਨਹੀਂ ਜਾਣਗੇ : ਪ੍ਰਧਾਨ ਕਾਲੜਾ

Sunday, Dec 01, 2019 - 12:47 AM (IST)

ਡਿਊਟੀ 'ਚ ਕੋਤਾਹੀ ਵਰਤਣ ਵਾਲੇ ਅਧਿਕਾਰੀ ਬਖਸ਼ੇ ਨਹੀਂ ਜਾਣਗੇ : ਪ੍ਰਧਾਨ ਕਾਲੜਾ

ਬਟਾਲਾ, (ਮਠਾਰੂ, ਬੇਰੀ)- ਸਰਹੱਦੀ ਜ਼ਿਲੇ ਦੇ ਕਿਸਾਨਾਂ ਅਤੇ ਆਡ਼੍ਹਤੀਆਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਨੂੰ ਸੁਣਨ ਤੋਂ ਇਲਾਵਾ ਮੰਡੀ ਬੋਰਡ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਨ ਲਈ ਬਟਾਲਾ ਮਾਰਕੀਟ ਕਮੇਟੀ ਦਫ਼ਤਰ ਵਿਖੇ ਪਹੁੰਚੇ ਪੰਜਾਬ ਮੰਡੀ ਬੋਰਡ ਦੇ ਵਾਈਸ ਚੇਅਰਮੈਨ ਅਤੇ ਆਡ਼੍ਹਤੀਆ ਫੈੱਡਰੇਸ਼ਨ ਆਫ਼ ਪੰਜਾਬ ਦੇ ਪ੍ਰਧਾਨ ਵਿਜੇ ਕਾਲਡ਼ਾ ਨੇ ਜਿੱਥੇ ਆਪਣੀ ਡਿਊਟੀ ਦੌਰਾਨ ਕੋਤਾਹੀ ਵਰਤਣ ਵਾਲੇ ਸਰਕਾਰੀ ਅਧਿਕਾਰੀਆਂ ਦੇ ਖਿਲਾਫ਼ ਸਖਤ ਨੋਟਿਸ ਲੈਂਦਿਆਂ ਹਦਾਇਤਾਂ ਜਾਰੀ ਕੀਤੀਆਂ, ਉਥੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੇ ਕਿਸਾਨਾਂ, ਆਡ਼੍ਹਤੀਆਂ, ਮਜ਼ਦੂਰਾਂ ਅਤੇ ਵਪਾਰੀਆਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਵਾਈਸ ਚੇਅਰਮੈਨ ਵਿਜੈ ਕਾਲਡ਼ਾ ਨੇ ਬੀਤੇ ਦਿਨ ਘੁਮਾਣ ਮੰਡੀ ਵਿਖੇ ਇਕ ਆਡ਼੍ਹਤੀ ਵੱਲੋਂ ਵਿਭਾਗ ਦੇ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੁਝ ਰਾਈਸ ਮਿੱਲਾਂ ਅਤੇ ਹੋਰ ਆਗੂਆਂ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਜਿਥੇ ਘੁਮਾਣ ਮੰਡੀ ਦੇ ਆਡ਼੍ਹਤੀਆਂ ਦੇ ਇਕ ਵਫ਼ਦ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਜਾਵੇਗੀ, ਉਥੇ ਨਾਲ ਹੀ ਇਸ ਸਬੰਧੀ ਸੂਬੇ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਸਾਰੀ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਗੰਭੀਰਤਾ ਅਤੇ ਡੁੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਿਹਡ਼ੇ ਵੀ ਅਧਿਕਾਰੀ ਜਾਂ ਆਗੂ ਦੋਸ਼ੀ ਪਾਏ ਗਏ, ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਨੂੰ ਵੀ ਅਮਲ ’ਚ ਲਿਆਂਦਾ ਜਾਵੇਗਾ। ਕਾਲਡ਼ਾ ਨੇ ਕਿਸਾਨਾਂ ਅਤੇ ਆਡ਼੍ਹਤੀਆਂ ਦੀਆਂ ਮੰਗਾਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਫ਼ਸਲ ਦੀ ਖਰੀਦ, ਚੁਕਾਈ ਅਤੇ ਭੁਗਤਾਨ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੇ ਹੱਥਾਂ ’ਚ ਹੋਣ ਕਰ ਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਕੇਂਦਰ ਸਰਕਾਰ ਨੂੰ ਸੂਬਾ ਸਰਕਾਰ ਦੇ ਨਾਲ ਬਿਹਤਰ ਤਾਲਮੇਲ ਬਣਾਉਂਦਿਆਂ ਕਿਸਾਨਾਂ ਦੀ ਰਾਹਤ ਲਈ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਬਟਾਲਾ ਪ੍ਰਧਾਨ ਮਨਬੀਰ ਸਿੰਘ ਰੰਧਾਵਾ, ਅਮਰਜੀਤ ਸਿੰਘ ਬਰਾਡ਼, ਮਾਰਕੀਟ ਕਮੇਟੀ ਦੇ ਸੈਕਟਰੀ ਬਿਕਰਮਜੀਤ ਸਿੰਘ, ਡੀ. ਐੱਮ. ਇੰਦਰਜੀਤ ਸਿੰਘ, ਪਰਮਜੀਤ ਸਿੰਘ, ਕਵਲਜੀਤ ਸਿੰਘ ਸ਼ਾਹ, ਅਨਿਲ ਸੋਢੀ, ਪਰਮਜੀਤ ਸਿੰਘ ਪ੍ਰਧਾਨ ਤੇ ਹੋਰ ਵੀ ਆਡ਼੍ਹਤੀ ਮੈਂਬਰ ਹਾਜ਼ਰ ਸਨ।


author

Bharat Thapa

Content Editor

Related News