ਚੋਣਾਂ ਤੋਂ ਬਾਅਦ ਨਹੀਂ ਲੱਗ ਰਿਹੈ ਦੂਜੇ ਸ਼ਹਿਰ 'ਚ ਅਧਿਕਾਰੀਆਂ ਦਾ ਦਿਲ

Monday, Jun 03, 2019 - 12:16 PM (IST)

ਚੋਣਾਂ ਤੋਂ ਬਾਅਦ ਨਹੀਂ ਲੱਗ ਰਿਹੈ ਦੂਜੇ ਸ਼ਹਿਰ 'ਚ ਅਧਿਕਾਰੀਆਂ ਦਾ ਦਿਲ

ਲੁਧਿਆਣਾ (ਰਿਸ਼ੀ) : ਪੰਜਾਬ ਸਰਕਾਰ ਵਲੋਂ 3 ਜੂਨ ਤੋਂ ਸ਼ੁਰੂ ਕੀਤੇ ਜਾ ਰਹੇ ਤਬਾਦਲਿਆਂ ਦੇ ਐਲਾਨ ਤੋਂ ਬਾਅਦ ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਦੇ ਦਰਬਾਰ 'ਚ ਟਰਾਂਸਫਰ ਕਰਵਾਉਣ ਵਾਲਿਆਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਚੋਣ ਸਮਾਪਤ ਹੁੰਦੇ ਹੀ ਦੂਜੇ ਸ਼ਹਿਰਾਂ 'ਚ ਅਧਿਕਾਰੀਆਂ ਦਾ ਦਿਲ ਲੱਗਣਾ ਬੰਦ ਹੋ ਗਿਆ ਹੈ ਅਤੇ ਘਰ ਵਾਪਸੀ ਕਰ ਕੇ ਆਪਣੀ ਆਰਾਮ ਦੀ ਜ਼ਿੰਦਗੀ ਗੁਜ਼ਾਰ ਕੇ ਨੌਕਰੀ ਕਰ ਸਕਣ।
ਸ਼ਹਿਰ ਦੇ ਕਈ ਇਸ ਤਰ੍ਹਾਂ ਦੇ ਇੰਸਪੈਕਟਰ, ਏ. ਸੀ. ਪੀ. ਅਤੇ ਐੱਸ. ਪੀ. ਰੈਂਕ ਦੇ ਅਧਿਕਾਰੀ ਹਨ, ਜਿਨ੍ਹਾਂ ਨੇ ਮਹਾਨਗਰ ਵਿਚ ਜਿਸ-ਜਿਸ ਜਗ੍ਹਾ 'ਤੇ ਆਪਣੀ ਪੋਸਟਿੰਗ ਕਰਵਾਉਣੀ ਹੈ, ਉਸ ਇਲਾਕੇ ਦੇ ਵਿਧਾਇਕਾਂ ਦੇ ਨਾਲ ਆਪਣੀਆਂ ਤਾਰਾਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਨਾਲ ਗੱਲ ਕਰ ਕੇ ਵਿਧਾਇਕਾਂ ਨੂੰ ਵਿਸ਼ਵਾਸ ਵਿਚ ਲਿਆ ਜਾ ਰਿਹਾ ਹੈ। ਉਥੇ ਸੂਤਰਾਂ ਅਨੁਸਾਰ ਕਈ ਵਿਧਾਇਕਾਂ ਵਲੋਂ ਆਪਣੇ ਇਲਾਕੇ ਵਿਚ ਨਵੇਂ ਲਾਏ ਜਾਣ ਵਾਲੇ ਐੱਸ. ਐੱਚ. ਓਜ਼ ਦੀਆਂ ਲਿਸਟਾਂ ਵੀ ਤਿਆਰ ਕਰ ਲਈਆਂ ਹਨ, ਜਿਸ ਨੂੰ ਜਲਦ ਸੀ. ਪੀ. ਦੇ ਸਾਹਮਣੇ ਰੱਖ ਸਕਦੇ ਹਨ।
ਸ਼ਹਿਰ ਤੋਂ ਬਾਹਰ ਜਾਣ ਦੀਆਂ ਕਰ ਰਹੇ ਤਿਆਰੀਆਂ
ਉਥੇ ਚੋਣਾਂ 'ਚ ਦੂਜੇ ਸ਼ਹਿਰਾਂ ਤੋਂ ਇਥੇ ਆ ਕੇ ਡਿਊਟੀ ਕਰ ਰਹੇ ਕਈ ਅਫਸਰ ਵੀ ਵਾਪਸ ਜਾਣ ਦੀ ਤਿਆਰੀ ਕਰ ਰਹੇ ਹਨ। ਜਿਨ੍ਹਾਂ ਦਾ ਸ਼ਹਿਰ ਵਿਚ ਮਨ ਨਹੀਂ ਲੱਗ ਰਿਹਾ, ਜਦਕਿ ਕਈ ਇਸ ਤਰ੍ਹਾਂ ਦੇ ਐੱਸ. ਐੱਚ. ਓਜ਼ ਅਤੇ ਏ. ਸੀ. ਪੀ. ਹਨ, ਜਿਨ੍ਹਾਂ ਦਾ ਸ਼ਹਿਰ ਵਿਚ ਮਨ ਲੱਗ ਚੁੱਕਾ ਹੈ ਅਤੇ ਇਥੇ ਅੱਗੇ ਨੌਕਰੀ ਕਰਨਾ ਚਾਹੁੰਦੇ ਹਨ।
ਏ. ਸੀ. ਪੀ. ਬਣ ਕੇ ਮੁੜਨ ਵਾਲੇ ਅਫਸਰਾਂ ਨੂੰ ਵੀ ਚਿੰਤਾ
ਚੋਣਾਂ ਤੋਂ ਪਹਿਲਾਂ ਥਾਣਾ ਇੰਚਾਰਜ ਦੇ ਤੌਰ 'ਤੇ ਕੰਮ ਕਰ ਚੁੱਕੇ ਕਈ ਪੁਲਸ ਅਧਿਕਾਰੀਆਂ ਨੂੰ ਚਿੰਤਾ ਸਤਾ ਰਹੀ ਹੈ ਕਿ ਹੁਣ ਉਹ ਡੀ. ਐੱਸ. ਪੀ. ਬਣ ਚੁੱਕੇ ਹਨ, ਜੋ ਸ਼ਹਿਰ ਵਿਚ ਵਾਪਸ ਆਉਣ ਦੇ ਚਾਹਵਾਨ ਹਨ ਪਰ ਏ. ਸੀ. ਪੀ. ਲੱਗਣ ਲਈ ਆਪਣੀ ਜਗ੍ਹਾ ਲੱਭ ਰਹੇ ਹਨ। ਆਲਮ ਇਹ ਹੈ ਕਿ ਲੁਧਿਆਣਾ ਵਿਚ ਥਾਣਿਆਂ ਵਿਚ ਲੱਗਣ ਵਾਲੇ ਇੰਚਾਰਜਾਂ ਦੀ ਗਿਣਤੀ ਘੱਟ ਅਤੇ ਏ. ਸੀ. ਪੀਜ਼ ਦੀ ਜ਼ਿਆਦਾ ਹੈ। ਜਦਕਿ ਕਈ ਇਸ ਤਰ੍ਹਾਂ ਦੇ ਏ. ਸੀ. ਪੀਜ਼ ਹਨ, ਜਿਨ੍ਹਾਂ ਦੀ ਚੋਣਾਂ ਵਿਚ ਬਹੁਤ ਮੁਸ਼ਕਲ ਨਾਲ ਘਰ ਵਾਪਸੀ ਹੋਈ ਅਤੇ ਉਹ ਆਪਣੀ ਕੁਰਸੀ ਛੱਡਣ ਨੂੰ ਤਿਆਰ ਨਹੀਂ ਹਨ। ਨੇਤਾਵਾਂ ਦੇ ਅੱਗੇ ਵੀ ਇਹ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ।
ਕੋਰਸ ਪੂਰਾ ਹੋਣ 'ਤੇ ਕਈ ਐੱਸ. ਆਈ. ਲੱਗ ਸਕਦੇ ਹਨ ਐੱਸ. ਐੱਚ. ਓ.
ਇਸ ਸਮੇਂ ਫਿਲੌਰ ਅਕਾਦਮੀ ਵਿਚ ਕੋਰਸ ਚੱਲ ਰਿਹਾ ਹੈ, ਜਿੱਥੋਂ 1 ਮਹੀਨੇ ਬਾਅਦ ਕਈ ਐੱਸ. ਆਈ. ਬਣ ਕੇ ਘਰ ਵਾਪਸੀ ਕਰਨ ਵਾਲੇ ਹਨ, ਜਿਨ੍ਹਾਂ ਨੇ ਵੀ ਹੁਣ ਤੋਂ ਐੱਸ. ਐੱਚ. ਓ. ਲੱਗਣ ਦੀ ਤਿਆਰੀ ਸ਼ੁਰੂ ਕਰ ਲਈ ਹੈ ਅਤੇ ਨੇਤਾਵਾਂ ਨੂੰ ਆਪਣੇ ਨਾਂ ਨੋਟ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। ਜ਼ਿਆਦਾਤਰ ਐੱਸ. ਆਈ. ਇਸ ਤਰ੍ਹਾਂ ਦੇ ਹਨ, ਜੋ ਪਹਿਲਾਂ ਬਤੌਰ ਚੌਕੀ ਇੰਚਾਰਜ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਕ੍ਰਾਈਮ ਨੂੰ ਕੰਟਰੋਲ ਕਰਨ ਅਤੇ ਹਰੇਕ ਹਾਲਾਤ ਨੂੰ ਸੰਭਾਲਣ ਦਾ ਤਜਰਬਾ ਵੀ ਹੈ।
ਚੌਕੀ ਇੰਚਾਰਜ ਵੀ ਹੋਣਗੇ ਇਧਰ ਤੋਂ ਉਧਰ
ਇਸ ਤਰ੍ਹਾਂ ਨਹੀਂ ਕਿ ਤਬਾਦਲਿਆਂ ਨੂੰ ਲੈ ਕੇ ਇੰਸਪੈਕਟਰ ਅਤੇ ਜੀ. ਓ. ਰੈਂਕ ਦੇ ਅਧਿਕਾਰੀ ਕਸ਼ਮਕਸ਼ ਕਰ ਰਹੇ ਹਨ। ਕਈ ਏ. ਐੱਸ. ਆਈ. ਅਤੇ ਐੱਸ. ਆਈ. ਇਸ ਤਰ੍ਹਾਂ ਦੇ ਵੀ ਹਨ, ਜੋ ਚੌਕੀ ਇੰਚਾਰਜ ਲੱਗਣਾ ਚਾਹੁੰਦਾ ਹਨ ਅਤੇ ਕੋਈ ਇਕ ਚੌਕੀ ਤੋਂ ਦੂਜੀ ਚੌਕੀ ਵਿਚ ਜਾਣਾ ਚਾਹੁੰਦੇ ਹਨ। ਜਲਦ ਸ਼ਹਿਰ ਦੀਆਂ ਸਾਰੀਆਂ ਚੌਕੀਆਂ ਦੇ ਇੰਚਾਰਜ ਵੀ ਇਧਰ ਤੋਂ ਉਧਰ ਹੋ ਸਕਦੇ ਹਨ ਅਤੇ ਕਈ ਨਵੇਂ ਪੁਲਸ ਕਰਮਚਾਰੀਆਂ ਨੂੰ ਵੀ ਮੌਕਾ ਮਿਲ ਸਕਦਾ ਹੈ।


author

Babita

Content Editor

Related News