ਸਿੱਖ ਜਥਿਆਂ ਨਾਲ ਪਾਕਿਸਤਾਨ ਭੇਜੇ ਜਾਣ ਵਾਲੇ ਅਧਿਕਾਰੀਆਂ ਦੀ ਚੋਣ ਪ੍ਰਕਿਰਿਆ ਸ਼ੁਰੂ

12/16/2019 8:27:00 PM

ਚੰਡੀਗੜ੍ਹ, (ਭੁੱਲਰ)— ਪੰਜਾਬ ਸਰਕਾਰ ਨੇ ਸਿੱਖ ਜਥਿਆਂ ਨਾਲ ਪਾਕਿਸਤਾਨ ਭੇਜੇ ਜਾਣ ਵਾਲੇ ਅਧਿਕਾਰੀਆਂ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਰਕਾਰ ਵਲੋਂ ਪਾਕਿਸਤਾਨ ਵਿਖੇ ਵੱਖ-ਵੱਖ ਸਮਾਗਮਾਂ 'ਤੇ ਜਾਣ ਵਾਲੇ ਜਥਿਆਂ ਨਾਲ ਲਾਇਜ਼ਨ ਅਫ਼ਸਰ ਤੇ ਨਿਗਰਾਨ ਨਿਯੁਕਤ ਕਰਨ ਸਬੰਧੀ ਸਮੂਹ ਵਿਭਾਗਾਂ 'ਚ ਕੰਮ ਕਰਦੇ ਸੀਨੀਅਰ ਸਹਾਇਕ ਜਾਂ ਇਸ ਤੋਂ ਉਪਰਲੇ ਅਹੁਦੇ 'ਤੇ ਨਿਯੁਕਤ ਅਧਿਕਾਰੀ/ਕਰਮਚਾਰੀਆਂ ਤੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ।
ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਵਿਸਾਖੀ, ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ, ਬਰਸੀ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧੀ ਮੌਕਿਆਂ 'ਤੇ ਸਿੱਖ/ਸਹਿਜਧਾਰੀ ਸਿੱਖ ਯਾਤਰੀਆਂ ਦੇ ਜਥੇ ਪਾਕਿਸਤਾਨ ਭੇਜੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਜਥਿਆਂ ਨਾਲ ਜਾਣ ਲਈ ਲਾਇਜ਼ਨ ਅਫਸਰ ਤੇ ਨਿਗਰਾਨ ਨਿਯੁਕਤ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਸਾਰੇ ਅਧਿਕਾਰੀ/ਕਰਮਚਾਰੀ ਲਾਇਜ਼ਨ ਅਫ਼ਸਰ ਅਤੇ ਪ੍ਰੇਖਕ ਬਣਨ ਦੇ ਯੋਗ ਹਨ, ਜਿਹੜੇ ਸੀਨੀਅਰ ਸਹਾਇਕ ਜਾਂ ਇਸ ਤੋਂ ਉਪਰਲੇ ਅਹੁਦੇ 'ਤੇ ਨਿਯੁਕਤ ਹਨ। ਜਿਹੜੇ ਅਧਿਕਾਰੀ/ਕਰਮਚਾਰੀ ਇਨ੍ਹਾਂ ਜਥਿਆਂ ਨਾਲ ਬਤੌਰ ਲਾਇਜ਼ਨ ਅਫਸਰ ਅਤੇ ਨਿਗਰਾਨ ਦੇ ਤੌਰ 'ਤੇ ਪਾਕਿਸਤਾਨ ਜਾਣ ਦੇ ਇਛੁੱਕ ਹਨ, ਉਹ ਆਪਣੇ ਬਿਨੈ-ਪੱਤਰ ਆਪਣੇ ਵਿਭਾਗ ਦੇ ਮੁਖੀ ਰਾਹੀਂ ਆਮ ਰਾਜ ਪ੍ਰਬੰਧ ਵਿਭਾਗ, ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ 31 ਦਸੰਬਰ ਤੱਕ ਭੇਜ ਸਕਦੇ ਹਨ।

 


KamalJeet Singh

Content Editor

Related News