ਮੰਡੀ ’ਚ ਨਹੀ ਪਹੁੰਚੀ ਇੱਕ ਵੀ ਬੋਰੀ ਤੇ ਨਾ ਪੁੱਜੇ ਅਧਿਕਾਰੀ , ਸਰਕਾਰ ਦੇ ਕਣਕ ਖ਼ਰੀਦ ਦੇ ਦਾਅਵੇ ਹੋਏ ਖੋਖਲੇ ਸਾਬਤ
Wednesday, Apr 14, 2021 - 01:43 PM (IST)
ਗੁਰੂਹਰਸਹਾਏ (ਸੁਨੀਲ ਆਵਲਾ) : ਪੰਜਾਬ ਸਰਕਾਰ ਦੇ ਕਣਕ ਦੀ ਖ਼ਰੀਦ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਤਾਜ਼ਾ ਮਾਮਲਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਚੱਕ ਟਾਹਲੀਵਾਲਾ ਦੀ ਦਾਣਾ ਮੰਡੀ ਦਾ ਹੈ, ਜਿਥੇ ਖ਼ਰੀਦ ਨਾ ਆਉਣ ਤੋਂ ਅੱਕੇ ਹੋਏ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਤੁਰੰਤ ਖਰੀਦ ਸ਼ੁਰੂ ਕਰਨ ਦੀ ਮੰਗ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਝੋਕ ਟਹਿਲ ਸਿੰਘ ਵਾਲਾ ਨੇ ਦੱਸਿਆ ਕਿ ਖੇਡ ਮੰਤਰੀ ਜੋ ਕਿਸਾਨਾਂ ਨਾਲ ਖੜਨ ਦਾ ਢੱਕਵੰਜ ਕਰਦੇ ਹਨ ਉਨ੍ਹਾਂ ਦੇ ਆਪਣੇ ਹਲਕੇ ਦੇ ਕਿਸਾਨ ਆਪਣੀ ਫ਼ਸਲ ਵੇਚਣ ਲਈ ਇੱਕ ਹਫਤੇ ਤੋਂ ਮੰਡੀ ਅੰਦਰ ਰੁਲ ਰਹੇ ਹਨ। ਉਨ੍ਹਾਂ ਕਿਹਾ ਕਿ ਮੰਡੀ ਅੰਦਰ ਕਿਸਾਨ ਕਈ ਦਿਨਾਂ ਤੋਂ ਬੈਠੇ ਹਨ, ਇਥੇ ਨਾ ਤਾਂ ਇੱਕ ਵੀ ਬੋਰੀ ਪਹੁੰਚੀ ਅਤੇ ਨਾ ਹਲਕਾ ਵਿਧਾਇਕ ਅਤੇ ਸਰਕਾਰੀ ਅਮਲਾ ਕਿਸਾਨਾਂ ਦੀ ਸਾਰ ਲੈਣ ਲਈ ਪਹੁੰਚਿਆ ਹੈ।
ਇਹ ਵੀ ਪੜ੍ਹੋ : ਸਰਕਾਰੀ ਖਰੀਦ ਸ਼ੁਰੂ ਹੋਣ ਦੀ ਉਡੀਕ ’ਚ ਕਿਸਾਨ, ਸਰਕਾਰੀ ਦਾਅਵਿਆਂ ’ਤੇ ਉੱਠੇ ਸਵਾਲ
ਉਨ੍ਹਾਂ ਦੱਸਿਆ ਕਿ ਇਸ ਮੰਡੀ ਵਿੱਚ ਹਰ ਸਾਲ ਲੇਟ ਬੋਲੀ ਸ਼ੁਰੂ ਕਰਾਈ ਜਾਂਦੀ ਹੈ ਅਤੇ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਜਾਂਦਾ ਹੈ। ਇਕੱਤਰ ਹੋਏ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਖ਼ਿਲਾਫ਼ ਨਾਅਰੇਬਾਜੀ ਕਰਦਿਆਂ ਮੰਗ ਕੀਤੀ ਕਿ ਚੱਕ ਟਾਹਲੀ ਵਾਲਾ ਸਮੇਤ ਇਲਾਕੇ ਦੀਆਂ ਸਾਰੀਆਂ ਮੰਡੀਆਂ ’ਚ ਤਰੁੰਤ ਖ਼ਰੀਦ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਖ਼ਰੀਦ ਸ਼ੁਰੂ ਨਾ ਹੋਣ ਦੀ ਸੂਰਤ ’ਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਬਾਜ ਸਿੰਘ ਬੁਰਜ, ਬਖਸ਼ੀਸ਼ ਸਿੰਘ ਮਿਸ਼ਰੀਵਾਲਾ, ਗੁਰਨਾਮ ਸਿੰਘ ਚੱਕ ਸੋਮੀਆ ਅਵਾਨ, ਗੁਰਸਾਬ ਸਿੰਘ ਮੌਲਵੀ ਵਾਲਾ, ਪਿੱਪਲ ਸਿੰਘ , ਗੁਰਭੇਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।
ਇਹ ਵੀ ਪੜ੍ਹੋ : ਸੜਕ ਹਾਦਸੇ ’ਚ ਨੌਜਵਾਨ ਦੀ ਦਰਦਨਾਕ ਮੌਤ
ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ