ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੋਇਆ 2.64 ਕਰੋੜ ਰੁਪਏ ਦਾ ਗਬਨ - ਵਧੀਕ ਡਿਪਟੀ ਕਮਿਸ਼ਨਰ

02/07/2018 3:02:09 PM

ਗੁਰਦਾਸਪੁਰ (ਦੀਪਕ) - ਜਗਵਿੰਦਰਜੀਤ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਾਮ ਪੰਚਾਇਤ ਕਲਾਨੌਰ 'ਚ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਪਿੱਛਲੇ ਦਸ ਸਾਲਾਂ ਦੌਰਾਨ ਵਿਭਾਗੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ 15.61 ਕਰੋੜ ਰੁਪਏ ਦੇ ਕੀਤੇ ਗਏ ਖਰਚੇ ਦੀ ਪੜਤਾਲ ਕੀਤੀ ਗਈ। ਜਿਸ ਤੋਂ ਪਤਾ ਚੱਲਿਆ ਕਿ 2.64 ਕਰੋੜ ਰੁਪਏ ਦੇ ਗਬਨ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਤੋਂ ਪਹਿਲਾਂ ਵੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਧੂ ਵਲੋਂ ਬਟਾਲਾ ਦੇ ਬੀ. ਡੀ. ਪੀ. ਓ ਦਫਤਰ ਵਿਖੇ ਹੋਏ ਕਰੋੜਾਂ ਰੁਪਏ ਦੇ ਗਬਨ ਦਾ ਪਰਦਾਫਾਸ਼ ਕੀਤਾ ਗਿਆ ਸੀ।
ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੇ ਧਿਆਨ 'ਚ ਆਇਆ ਸੀ ਕਿ ਗ੍ਰਾਮ ਪੰਚਾਇਤ ਕਲਾਨੌਰ 'ਚ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਪਿੱਛਲੇ ਲੰਮੇ ਸਮੇਂ ਤੋਂ ਗ੍ਰਾਮ ਪੰਚਾਇਤ ਨੂੰ ਪ੍ਰਾਪਤ ਫੰਡਾਂ ਦੀ ਵੱਡੇ ਪੱਧਰ ਤੇ ਦੁਰਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਸ਼ਿਕਾਇਤਾਂ ਦੀ ਪੜਤਾਲ ਲਈ ਮੇਰੇ ਵੱਲੋਂ ਆਪਣੀ ਪ੍ਰਧਾਨਗੀ ਹੇਠ ਅਧਿਕਾਰੀਆਂ ਦੀ ਕਮੇਟੀ ਗਠਿਤ ਕੀਤੀ ਗਈ, ਜਿਸ 'ਚ ਪਰਮਪਾਲ ਸਿੰਘ, ਉਪ ਮੁੱਖ ਕਾਰਜਕਾਰੀ ਅਫਸਰ, ਜ਼ਿਲਾ ਪ੍ਰੀਸ਼ਦ ਗੁਰਦਾਸਪੁਰ, ਸੁਰੇਸ਼ ਕੁਮਾਰ, ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਦੋਰਾਂਗਲਾ ਤੇ ਸ੍ਰੀ ਗੁਰਪ੍ਰੀਤ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਕਲਾਨੌਰ ਸ਼ਾਮਲ ਸੀ। ਇਨ੍ਹਾਂ ਦੇ ਸਹਿਯੋਗ ਨਾਲ ਗ੍ਰਾਮ ਪੰਚਾਇਤ ਕਲਾਨੌਰ ਦਾ ਪਿੱਛਲੇ 10 ਸਾਲਾ ਦੌਰਾਨ ਉਪਲੱਬਧ ਰਿਕਾਰਡ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ। ਰਿਕਾਰਡ ਦੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਾਮ ਪੰਚਾਇਤ ਨੂੰ ਪਿੱਛਲੇ 10 ਸਾਲਾ ਦੌਰਾਨ ਵੱਖ-ਵੱਖ ਸਾਧਨਾਂ ਜਿਵੇਂ ਕਿ ਪ੍ਰਾਪਤ ਗ੍ਰਾਂਟ, ਸ਼ਾਮਲਾਤ ਜ਼ਮੀਨ ਦੀ ਆਮਦਨ, ਗ੍ਰਾਮ ਪੰਚਾਇਤ ਦੀਆਂ ਦੁਕਾਨਾਂ ਦੇ ਕਿਰਾਏ ਦੀ ਆਮਦਨ, ਪੈਟਰੋਲ ਪੰਪ, ਬਸ ਅੱਡੇ ਦਾ ਕਿਰਾਇਆ ਤੇ ਬੈਂਕ ਦੇ ਵਿਆਜ ਦੀ ਪਿੱਛਲੇ 10 ਸਾਲਾਂ ਦੌਰਾਨ ਗ੍ਰਾਮ ਪੰਚਾਇਤ ਕਲਾਨੌਰ ਨੂੰ ਕੁੱਲ 2612.73 ਲੱਖ ਰੁਪਏ ਦੀ ਆਮਦਨ ਹੋਈ ਸੀ। 
ਗ੍ਰਾਮ ਪੰਚਾਇਤ ਕਲਾਨੌਰ ਵੱਲੋਂ ਪਿੱਛਲੇ 10 ਸਾਲਾਂ ਦੌਰਾਨ 2404.13 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ। ਗ੍ਰਾਮ ਪੰਚਾਇਤ ਕਲਾਨੌਰ ਨੂੰ ਸ਼ਾਮਲਾਤ ਜ਼ਮੀਨ ਤੋਂ ਪਿੱਛਲੇ 10 ਸਾਲਾਂ ਦੌਰਾਨ 2461.53 ਲੱਖ ਰੁਪਏ ਦੀ ਰਾਸ਼ੀ ਦੀ ਆਮਦਨ ਹੋਈ ਸੀ ਪਰ ਇਸ 'ਚੋਂ ਬੈਂਕ 'ਚ ਕੇਵਲ 2197.08 ਰੁਪਏ ਦੀ ਰਾਸ਼ੀ ਹੀ ਜਮ੍ਹਾ ਹੋਈ ਸੀ ਅਤੇ ਬਾਕੀ ਬੱਚਦੀ 264.44 ਲੱਖ ਰੁਪਏ ਦੀ ਰਾਸ਼ੀ ਦਾ ਸਿੱਧੇ ਤੌਰ 'ਤੇ ਹੀ ਗਬਨ ਕਰ ਲਿਆ ਗਿਆ ਹੈ। 
ਇਸੇ ਤਰ੍ਹਾਂ ਨਾਲ ਪਿੱਛਲੇ 10 ਸਾਲਾ ਦੌਰਾਨ ਗ੍ਰਾਮ ਪੰਚਾਇਤ ਨੂੰ ਸ਼ਾਮਲਾਤ ਜ਼ਮੀਨ ਤੋਂ ਪ੍ਰਾਪਤ ਆਮਦਨ 'ਚੋਂ 264.44 ਲੱਖ ਰੁਪਏ ਦੀ ਰਾਸ਼ੀ ਦਾ ਸਿੱਧੇ ਤੌਰ 'ਤੇ ਗਬਨ ਕਰ ਲਿਆ ਗਿਆ ਹੈ। ਇਸ ਗਬਨ ਲਈ ਉਸ ਸਮੇਂ ਤਾਇਨਾਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਪੰਚਾਇਤ ਸਕੱਤਰ ਅਤੇ ਸਰਪੰਚ ਜ਼ਿੰਮੇਵਾਰ ਬਣਦੇ ਹਨ ਕਿਉਂਕਿ ਇਨ੍ਹਾਂ ਦੀ ਹੀ ਜ਼ਿੰਮੇਵਾਰੀ ਸੀ ਕਿ ਗ੍ਰਾਮ ਪੰਚਾਇਤ ਦੀ ਬੋਲੀ ਸਮੇਂ ਹੋਈ ਆਮਦਨ ਦੀ ਸਾਰੀ ਦੀ ਸਾਰੀ ਰਾਸ਼ੀ ਬੈਂਕ 'ਚ ਜਮ੍ਹਾਂ ਕਰਵਾਉਂਦੇ ਅਤੇ ਜੇਕਰ ਇਸ 'ਚ ਕਿਸੇ ਕਿਸਮ ਦੀ ਦਿਕਤ ਸੀ ਤਾਂ ਇਹ ਮਾਮਲਾ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਉਂਦੇ। ਪਰ ਇਨ੍ਹਾਂ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਅਤੇ ਬੋਲੀ ਦੇ ਪੈਸੇ ਜਮ੍ਹਾਂ ਕਰਾਉਣ 'ਚ ਕੋਈ ਦਿਲਚਸਪੀ ਨਹੀਂ ਲਈ ਗਈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਨ੍ਹਾਂ ਦੀ ਇਸ ਗਬਨ 'ਚ ਪੂਰੀ ਮਿਲੀ ਭੁਗਤ ਸੀ ਅਤੇ ਇਸ ਲਈ ਇਸ ਗਬਨ ਦੇ ਸਿੱਧੇ ਤੌਰ ਅਧਿਕਾਰੀ, ਕਰਮਚਾਰੀ ਅਤੇ ਸਰਪੰਚ ਜ਼ਿੰਮੇਵਾਰ ਬਣਦੇ ਹਨ। ਜਿਨ੍ਹਾਂ 'ਚ ਬੀ. ਡੀ. ਪੀ. ਓ ਸ਼੍ਰੀ ਮੇਲਾ ਸਿੰਘ, ਪੰਚਾਇਤ ਸਕੱਤਰ ਸ਼੍ਰੀ ਦੇਸ ਰਾਜ , ਸਰਪੰਚ ਸ੍ਰੀ ਹਰਕੀਰਤ ਸਿੰਘ, ਬੀ.ਡੀ.ਪੀ.ਓ ਸ਼੍ਰੀ ਰਣਜੀਤ ਕੁਮਾਰ ਕਟਾਰੀਆ, ਗੁਰਮੀਤ ਸਿੰਘ ਕਾਹਲੋਂ , ਗੁਰਮੀਤ ਸਿੰਘ ਚਾਹਲ , ਰਾਮ ਲੁਭਾਇਆ, ਪੰਚਾਇਤ ਸਕੱਤਰ ਸ੍ਰੀ ਹਰਜੀਤ ਸਿੰਘ , ਰਾਮ ਲੁਭਾਇਆ, ਪ੍ਰੇਮ ਸਿੰਘ, ਅਸ਼ੋਕ ਕੁਮਾਰ ਰਿਟਾਇਰਡ ਹੋ ਚੁੱਕਾ ਹੈ, ਭਗਵਾਨ ਸਿੰਘ, ਸੁਰਜੀਤ ਸਿੰਘ, ਪ੍ਰਗਟ ਸਿੰਘ, ਗੁਰਪ੍ਰੀਤ ਸਿੰਘ, ਪੰਚਾਇਤ ਸਕੱਤਰ ਸੁਰਜੀਤ ਸਿੰਘ, ਪੰਚਾਇਤ ਸਕੱਤਰ ਦਲਬੀਰ ਸਿੰਘ ਤੇ ਪੰਚਾਇਤ ਜੈ ਸਿੰਘ ਸ਼ਾਮਲ ਹਨ। 
ਉਨਾਂ ਅੱਗੇ ਦੱਸਿਆ ਕਿ ਗ੍ਰਾਮ ਪੰਚਾਇਤ ਦੀ ਕੁੱਲ ਆਮਦਨ 'ਚੋਂ ਬੈਂਕ 'ਚ ਪਈ ਰਾਸ਼ੀ ਘੱਟਾ ਕੇ 2404.13 ਲੱਖ ਰੁਪਏ ਦੀ ਰਾਸ਼ੀ ਬਣਦੀ ਹੈ। ਪਰ ਇਸ 'ਚੋਂ ਗ੍ਰਾਮ ਪੰਚਾਇਤ ਦੀ ਕੈਸ਼ ਬੁੱਕ ਜੋ ਜੂਨ-2016 ਤੱਕ ਹੀ ਲਿਖੀ ਹੋਈ ਹੈ, ਅਨੁਸਾਰ ਕੇਵਲ 2216.59 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਦਰਸਾਈ ਗਈ ਹੈ ਅਤੇ ਬਕਾਇਆ 187.54 ਦੀ ਰਾਸ਼ੀ ਨੂੰ ਖਰਚ ਕਰਨ ਸਬੰਧੀ ਗ੍ਰਾਮ ਪੰਚਾਇਤ ਦੇ ਰਿਕਾਰਡ 'ਚ ਕੋਈ ਵੀ ਦਸਤਾਵੇਜ਼ ਉਪਲੱਬਧ ਨਹੀਂ ਹੈ। ਜਿਸ ਤੋਂ ਇਹ ਪਤਾ ਲੱਗ ਸਕੇ ਕਿ ਇਹ ਰਾਸ਼ੀ ਸਹੀ ਖਰਚ ਕੀਤੀ ਗਈ ਹੈ ਜਾਂ ਇਸ ਦਾ ਗਬਨ ਕਰ ਲਿਆ ਗਿਆ ਹੈ। ਜੂਨ-2016 ਤੋਂ ਲੈ ਕੇ ਹੁਣ ਤੱਕ ਬਲਾਕ ਕਲਾਨੌਰ 'ਚ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਤਾਇਨਾਤ ਰਹੇ ਹਨ, ਜਿਨ੍ਹਾਂ ਵੱਲੋਂ ਬੈਂਕ ਸਟੇਟਮੈਂਟਾਂ ਅਨੁਸਾਰ ਰਾਸ਼ੀ ਖਰਚ ਕੀਤੀ ਗਈ ਹੈ, ਜਿਸ ਦਾ ਕੋਈ ਵੀ ਰਿਕਾਰਡ ਨਹੀਂ ਲਿਖਿਆ ਗਿਆ। ਇਸ 'ਚ ਭਗਵਾਨ ਸਿੰਘ ਜੂਨ-2016 ਤੋਂ 08.05.2017 ਤੱਕ 122.91, ਪ੍ਰਗਟ ਸਿੰਘ 09.05.2017 ਤੋਂ 21.07.2017 ਤੱਕ 16.93 ਅਤੇ ਗੁਰਪ੍ਰੀਤ ਸਿੰਘ 22.07.2017 ਤੋਂ ਹੁਣ ਤੱਕ 47.70, ਜਿਸਦਾ ਕੁੱਲ ਜੋੜ 187.54 ਬਣਦਾ ਹੈ।
ਉਪਰੋਕਤ ਅਨੁਸਾਰ ਗ੍ਰਾਮ ਪੰਚਾਇਤ ਦੀ ਬਕਾਇਆ ਰਹਿੰਦੀ ਰਾਸ਼ੀ 1373.83 ਲੱਖ ਰੁਪਏ 'ਚੋਂ 820.16 ਲੱਖ ਰੁਪਏ ਦਾ ਖਰਚਾ ਗ੍ਰਾਮ ਪੰਚਾਇਤ ਵੱਲੋਂ ਬੁੱਕ ਕੀਤਾ ਗਿਆ ਹੈ ਅਤੇ 553.67 ਲੱਖ ਰੁਪਏ ਦਾ ਖਰਚਾ ਰਾਮ ਲੁਭਾਇਆ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਕਲਾਨੌਰ ਵੱਲੋਂ ਬਤੌਰ ਪ੍ਰਬੰਧਕ ਖਰਚ ਕੀਤਾ ਗਿਆ ਹੈ। ਇਹ ਸਾਰੀ ਦੀ ਸਾਰੀ ਰਾਸ਼ੀ ਖਰਚ ਕਰਨ ਸਮੇਂ ਵਿਭਾਗ ਦੇ ਕਿਸੇ ਵੀ ਨਿਯਮਾਂ/ਰੂਲਾਂ ਦੀ ਪਾਲਣਾ ਨਹੀਂ ਕੀਤੀ ਗਈ। ਗ੍ਰਾਮ ਪੰਚਾਇਤ ਵੱਲੋਂ ਬੋਗਸ ਖਰਚੇ ਕੀਤੇ ਗਏ। 951.32 ਲੱਖ ਰੁਪਏ ਦੇ ਖਰਚੇ ਕੇਵਲ ਕੈਸ਼ ਬੁੱਕ 'ਚ ਦਰਜ ਕਰਕੇ ਉਸਾਰੀ ਦੇ ਕੰਮਾਂ ਤੇ ਦਰਸਾਏ ਗਏ। ਗ੍ਰਾਮ ਪੰਚਾਇਤ ਦੀ ਕੈਸ਼ ਬੁੱਕ ਅਨੁਸਾਰ 951.32 ਲੱਖ ਰੁਪਏ ਦਾ ਖਰਚਾ ਉਸਾਰੀ ਦੇ ਕੰਮਾਂ ਤੇ ਕੀਤਾ ਦਰਸਾਇਆ ਗਿਆ ਹੈ। ਜਿਸ 'ਚੋਂ ਕੇਵਲ 138.66 ਲੱਖ ਰੁਪਏ ਦੇ ਕੰਮਾਂ ਦਾ ਇੰਦਰਾਜ ਹੀ ਐੱਮ. ਬੀ. 'ਚ ਕੀਤਾ ਗਿਆ ਹੈ ਪਰ ਇਸ ਦੀ ਵੀ ਖਰੀਦ ਅਤੇ ਖੱਪਤ ਸਬੰਧੀ ਕੋਈ ਤੁਲਨਾਤਮਕ ਸਟੇਟਮੈਂਟ ਤੇ ਕਿਸੇ ਵੀ ਬਿੱਲ ਦੀ ਅਦਾਇਗੀ ਦਾ ਇੰਦਰਾਜ ਐੱਮ. ਬੀ. 'ਚ ਨਹੀਂ ਹੈ ਅਤੇ ਬਾਕੀ ਬਚਦੇ 812.66 ਲੱਖ ਰੁਪਏ ਦੇ ਖਰਚੇ ਸਬੰਧੀ ਕੋਈ ਵੀ ਐੱਮ. ਬੀ. ਰਿਕਾਰਡ 'ਚ ਨਹੀਂ ਹੈ। ਜਿਸ ਤੋਂ ਇਹ ਪਤਾ ਲੱਗ ਸਕੇ ਕਿ ਇਹ ਖਰਚਾ ਅਸਲ 'ਚ ਕੀਤਾ ਵੀ ਗਿਆ ਹੈ ਜਾਂ ਕੇਵਲ ਕਾਗਜਾਂ ਦੀ ਖਾਨਾ ਪੂਰਤੀ ਕਰਕੇ ਇਹ ਰਕਮ ਗਬਨ ਕਰ ਲਈ ਗਈ ਹੈ। ਕਿਉਂਕਿ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹਦਾਇਤਾਂ ਅਨੁਸਾਰ ਕੋਈ ਵੀ ਉਸਾਰੀ ਦਾ ਕੰਮ ਕਰਨ ਤੋਂ ਪਹਿਲਾਂ ਬਕਾਇਦਾ ਕੰਮ ਦਾ ਸਮਰੱਥ ਅਧਿਕਾਰੀ ਪਾਸੋਂ ਤਖਮੀਨਾ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਇਸ ਦੀ ਪ੍ਰਬੰਧਕੀ ਅਤੇ ਤਕਨੀਕੀ ਪ੍ਰਵਾਨਗੀ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਕਿਸੇ ਵੀ ਖਰੀਦ ਕੀਤੀ ਜਾਣ ਵਾਲੀ ਆਈਟਮ ਦੇ ਬਿੱਲਾਂ ਦਾ ਇੰਦਰਾਜ ਮਾਪ ਪੁਸਤਕ 'ਚ ਕਰਨ ਉਪਰੰਤ ਬਲਾਕ ਦਫਤਰ ਵੱਲੋਂ ਮਸਟਰੋਲ ਜਾਰੀ ਕਰਵਾ ਕੇ ਕੰਮ ਸ਼ੁਰੂ ਕਰਵਾਇਆ ਜਾਂਦਾ ਹੈ। ਇਸ ਕੰਮ ਦੀ ਸਮੇਂ-ਸਮੇਂ ਸਿਰ ਤਕਨੀਕੀ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਦੇਖ-ਰੇਖ/ਚੈਕਿੰਗ ਕੀਤੀ ਜਾਂਦੀ ਹੈ ਅਤੇ ਕੰਮ ਖਤਮ ਹੋਣ ਉਪਰੰਤ ਮਾਪ ਪੁਸਤਕ 'ਚ ਅੰਤਿਮ ਬਿੱਲ ਦਾ ਇੰਦਰਾਜ ਸਬੰਧਤ ਜੂਨੀਅਰ ਇੰਜੀਨੀਅਰ ਵੱਲੋਂ ਕਰਕੇ ਉਪ ਮੰਡਲ ਅਫਸਰ ਪੰਚਾਇਤੀ ਰਾਜ ਪਾਸੋਂ ਪ੍ਰੀਆਡਿਟ ਕਰਵਾਇਆ ਜਾਂਦਾ ਹੈ, ਅਤੇ ਮਾਪ ਪੁਸਤਕ 'ਚ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਕੰਮ ਦੀ ਸਪੈਸੀਫਿਕੇਸ਼ਨ, ਕਿਸਮ ਅਤੇ ਜਿਸ ਜਗ੍ਹਾ ਤੇ ਜੋ ਕੰਮ ਹੋਇਆ ਹੈ, ਉਸ ਦਾ ਇੰਦਰਾਜ ਕੀਤਾ ਗਿਆ ਹੈ ਅਤੇ ਕੰਮ ਸ਼ੁਰੂ ਹੋਣ ਦੀ ਮਿਤੀ ਅਤੇ ਖਤਮ ਹੋਣ ਦੀ ਮਿਤੀ ਦਰਜ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਵੀ ਸ਼ਿਕਾਇਤ ਦੀ ਸੂਰਤ 'ਚ ਇਹ ਕੰਮ ਚੈੱਕ ਕੀਤਾ ਜਾ ਸਕੇ। ਉਪਰੋਕਤ ਰਕਮ ਖਰਚ ਕਰਨ ਸਮੇਂ ਵਿਭਾਗੀ ਹਦਾਇਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਕੇਵਲ ਕੈਸ਼ ਬੁੱਕ 'ਚ ਹੀ ਖਰਚ ਬੁੱਕ ਕਰਕੇ ਕੰਮ ਕੀਤਾ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਕੰਮ ਦੀ ਕੋਈ ਐੱਮ. ਬੀ. ਨਹੀਂ ਤਿਆਰ ਕੀਤੀ ਗਈ ਤੇ ਜ਼ਿਆਦਾਤਰ ਮਟੀਰੀਅਲ ਦੀ ਖਰੀਦ ਲੈਟਰ ਪੈਡਾਂ ਤੇ ਬਿਨ੍ਹਾਂ ਕੁਟੇਸ਼ਨ ਦੇ ਕੀਤੀ ਗਈ ਹੈ ਅਤੇ ਪੇਵਰਾਂ ਦੀ ਖਰੀਦ ਕਰਨ ਸਮੇਂ ਪੇਵਰਾਂ ਦੀ ਗਿਣਤੀ ਦਰਸਾਉਣ ਦੀ ਜਗ੍ਹਾ ਉਸ ਨੂੰ ਦੁਗਣੇ ਤੋਂ ਵੀ ਵੱਧ ਭਾਅ ਉਪਰ ਸਕੇਅਰ ਫੁੱਟ ਨੂੰ ਯੂਨਿਟ ਮਨ ਕੇ ਠੇਕੇਦਾਰਾਂ ਨੂੰ ਅਦਾਇਗੀ ਕੀਤੀ ਦਰਸਾਈ ਗਈ ਹੈ। ਜਦੋਂ ਕਿ ਵਿਭਾਗੀ ਨਿਯਮਾਂ ਅਨੁਸਾਰ ਪੰਚਾਇਤਾਂ ਦੇ ਕੰਮਾਂ 'ਚ ਠੇਕੇਦਾਰੀ ਸਿਸਟਮ ਵਰਜਿਤ ਕੀਤਾ ਹੋਇਆ ਹੈ ਜੋ ਸਬੰਧਤ ਫਰਮਾਂ ਪਾਸੋਂ ਲੈਟਰ ਪੈਡਾਂ ਤੇ ਖਰੀਦ ਕੀਤੀ ਦਰਸਾਈ ਗਈ ਹੈ, ਜਿਸ ਨਾਲ ਸਰਕਾਰ ਦੇ ਲੱਖਾਂ ਰੁਪਏ ਦੇ ਟੈਕਸ ਦੀ ਚੋਰੀ ਕੀਤੀ ਗਈ ਹੈ।
 


Related News