ਹੋਲੇ-ਮਹੱਲੇ ਮੌਕੇ ਲੱਖਾਂ ਸੰਗਤਾਂ ਨੇ ਕੀਤੇ ਵਿਰਾਸਤ-ਏ-ਖ਼ਾਲਸਾ ਦੇ ਦਰਸ਼ਨ ਦੀਦਾਰ
Wednesday, Mar 08, 2023 - 01:41 PM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)- ਪੰਜਾਬ ਸਰਕਾਰ ਵੱਲੋਂ ਇਸ ਵਾਰ ਹੋਲੇ-ਮਹੱਲੇ ਮੌਕੇ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਲੱਖਾਂ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਉੱਚ ਪੱਧਰੀ ਮੀਟਿੰਗ ਕਰਕੇ ਸੁਚਾਰੂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਹੋਲੇ ਮਹੱਲੇ ਤੋਂ ਪਹਿਲਾ ਹੀ ਪ੍ਰਬੰਧਾਂ ਸਬੰਧੀ ਸਮੀਖਿਆ ਕਰਕੇ ਵਿਆਪਕ ਪ੍ਰਬੰਧ ਕਰਵਾਏ ਗਏ ਸਨ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਲਗਾਤਾਰ ਇਨ੍ਹਾਂ ਪ੍ਰਬੰਧਾਂ ਦੀ ਮੋਨੀਟਰਿੰਗ ਕਰ ਰਹੇ ਹਨ। ਵਿਰਾਸਤ-ਏ-ਖਾਲਸਾ ਅਤੇ ਸੈਰ ਸਪਾਟਾ ਵਿਭਾਗ ਵੱਲੋਂ ਤਿਆਰ ਅਤੇ ਨਿਰਮਾਣ ਅਧੀਨ ਪ੍ਰਾਜੈਕਟ ਮੇਲੇ ਦੌਰਾਨ ਵੱਡੀ ਖਿੱਚ ਦਾ ਕੇਂਦਰ ਬਣੇ। ਸਕੱਤਰ ਸੈਰ ਸਪਾਟਾ ਗੁਰਕਿਰਤ ਕ੍ਰਿਪਾਲ ਸਿੰਘ ਨੇ ਸੈਰ ਸਪਾਟਾ ਵਿਭਾਗ ਦੇ ਚੱਲ ਰਹੇ ਕੰਮਾਂ ਨੂੰ ਮੁਕੰਮਲ ਕਰਵਾਇਆ। ਡਾਇਰੈਕਟਰ ਸੈਰ ਸਪਾਟਾ ਨੇ ਵਿਰਾਸਤ-ਏ-ਖ਼ਾਲਸਾ ਨੂੰ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਖੋਲ੍ਹਣ ਅਤੇ ਰੋਜ਼ਾਨਾ ਹਜ਼ਾਰਾ ਸੰਗਤਾਂ ਨੂੰ ਇਸ ਵਿਸ਼ਵ ਪ੍ਰਸਿੱਧ ਮਿਊਜ਼ੀਅਮ ’ਚ ਆਉਣ ਲਈ ਪ੍ਰਬੰਧ ਕੀਤੇ। ਹੋਲੇ-ਮਹੱਲੇ ਮੌਕੇ ਲੱਖਾਂ ਸੰਗਤਾਂ ਨੇ ਵਿਰਾਸਤ-ਏ-ਖ਼ਾਲਸਾ ਦੇ ਦਰਸ਼ਨ ਦੀਦਾਰ ਕੀਤੇ।
ਇਹ ਵੀ ਪੜ੍ਹੋ : ਖ਼ਾਲਸਾਈ ਰੰਗ 'ਚ ਰੰਗਿਆ ਸ੍ਰੀ ਅਨੰਦਪੁਰ ਸਾਹਿਬ, ਦੂਜੇ ਦਿਨ ਲੱਖਾਂ ਸੰਗਤਾਂ ਨੇ ਗੁਰੂ ਘਰਾਂ ’ਚ ਟੇਕਿਆ ਮੱਥਾ
ਮੇਲਾ ਅਫ਼ਸਰ ਮਨੀਸ਼ਾ ਰਾਣਾ ਉੱਪ ਮੰਡਲ ਮੈਜਿਸਟ੍ਰੇਟ ਅਤੇ ਕਾਰਜਕਾਰੀ ਇੰ. ਟੂਰਿਜ਼ਮ ਬੀ. ਐੱਸ. ਚਾਨਾ ਵੱਲੋਂ ਵਿਰਾਸਤ-ਏ-ਖ਼ਾਲਸਾ ’ਚ ਕ੍ਰਾਫਟ ਮੇਲਾ, ਗੱਤਕਾ ਪ੍ਰਦਰਸ਼ਨੀਆਂ, ਢਾਡੀ ਵਾਰਾ ਅਤੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਲਗਾਉਣ ਅਤੇ ਇਨ੍ਹਾਂ ’ਚ ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਸਮੂਲੀਅਤ ਨੂੰ ਯਕੀਨੀ ਬਣਾਉਣ ਲਈ ਸੁਚਾਰੂ ਪ੍ਰਬੰਧ ਕੀਤੇ। ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਤੋਂ ਪਹਿਲਾ ਵਿਆਪਕ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ। ਉਨ੍ਹਾਂ ਨੇ ਪੰਜ ਪਿਆਰਾ ਪਾਰਕ ਦੇ ਨਵੀਨੀਕਰਨ ਲਈ ਸੈਰ ਸਪਾਟਾ ਵਿਭਾਗ ਦੇ ਅਧਿਕਾਰੀਆਂ ਨੂੰ ਨਿਰੰਤਰ ਹਦਾਇਤਾਂ ਜਾਰੀ ਕੀਤੀਆਂ ਹਨ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਬਹੁਤ ਹੀ ਬਰੀਕੀ ਨਾਲ ਹੋਲੇ ਮਹੱਲੇ ਦੌਰਾਨ ਮੇਲਾ ਖੇਤਰ ’ਚ ਵੱਖ-ਵੱਖ ਵਿਭਾਗਾਂ ਵੱਲੋ ਕੀਤੇ ਜਾਣ ਵਾਲੇ ਕੰਮਾਂ ਦੀ ਮੋਨੀਟਰਿੰਗ ਕੀਤੀ ਗਈ ਹੈ। ਪੁਲਸ ਵਿਭਾਗ ਵੱਲੋ ਸੁਚਾਰੂ ਟ੍ਰੈਫਿਕ ਅਤੇ ਸੁਰੱਖਿਆ ਪ੍ਰਬੰਧਾਂ ਲਈ ਸੀ.ਸੀ.ਟੀ.ਵੀ ਕੈਮਰੇ ਲਗਾ ਕੇ 24/7 ਸਿਵਲ ਅਤੇ ਪੁਲਸ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਊ. ਆਰ. ਕੋਡ ਜਾਰੀ ਕੀਤਾ ਗਿਆ, ਮੇਲਾ ਖੇਤਰ ਬਾਰੇ ਜਾਣਕਾਰੀ ਲਈ ਪੁੱਛਗਿੱਛ ਕੇਂਦਰ ਅਤੇ ਉਥੇ ਬੁੱਕਲੈਟ ਉਪਲੱਬਧ ਕਰਵਾਏ ਗਏ ਹਨ। ਸਿੱਖਿਆ ਮੰਤਰੀ ਨੇ ਸੁਮੱਚੇ ਸ਼ਹਿਰ ਦਾ ਦੌਰਾ ਕਰਕੇ ਐਲਾਨ ਕੀਤਾ ਕਿ ਸ਼ਹਿਰ ਨੂੰ ਸ਼ਾਨਦਾਰ ਐੱਲ. ਈ. ਡੀ. ਲਾਈਟਾਂ ਲਗਾ ਕੇ ਰੁਸ਼ਨਾਇਆ ਜਾ ਰਿਹਾ ਹੈ ਅਤੇ ਇਹ ਪ੍ਰਾਜੈਕਟ ਦੋ ਦਿਨਾਂ ਵਿਚ ਹੀ ਮੁਕੰਮਲ ਕਰ ਦਿੱਤਾ ਗਿਆ ਹੈ। ਭਾਈ ਜੈਤਾ ਜੀ ਦੀ ਯਾਦਗਾਰ ਵਿੱਚ ਸਥਾਪਤ ਵਿਸ਼ਾਲ ਸਟੇਨਲੈਂਸ ਸਟੀਲ ਦਾ ਖੰਡਾ ਸੰਗਤਾਂ ਦੇ ਆਕਰਸ਼ਣ ਦਾ ਕੇਂਦਰ ਬਣਿਆ ਹੈ। ਵਿਰਾਸਤ-ਏ-ਖ਼ਾਲਸਾ ’ਚ ਜਿੱਥੇ ਸੈਲਾਨੀਆਂ ਦੀਆ ਲੰਮੀਆ ਕਤਾਰਾ ਲੱਗੀਆਂ ਹਨ, ਉਥੇ ਗੱਤਕਾ ਪ੍ਰਦਰਸ਼ਨੀਆਂ ਅਤੇ ਢਾਡੀ ਵਾਰਾ ਦੇ ਸਮਾਗਮਾਂ ’ਚ ਵੱਡੀ ਗਿਣਤੀ ਸੰਗਤ ਜੁੜ ਰਹੀ ਹੈ। ਇਸ ਵਾਰ ਹੋਲਾ-ਮਹੱਲਾ ਦੌਰਾਨ ਸੁਚਾਰੂ ਪ੍ਰਬੰਧਾਂ ਤੇ ਨਿਰਵਿਘਨ ਆਵਾਜਾਈ, ਸਫ਼ਾਈ ਦੇ ਸੁਚੱਜੇ ਪ੍ਰਬੰਧਾਂ ਕਾਰਨ ਸ਼ਰਧਾਲ ਬਹੁਤ ਖ਼ੁਸ਼ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਜਵਾਨ ਦੇ ਹੋਏ ਕਤਲ ਮਗਰੋਂ ਸ਼ਹਿਰ ਪੁਲਸ ਛਾਉਣੀ 'ਚ ਤਬਦੀਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।