ਭਾਰਤ-ਕੈਨੇਡਾ ਹਵਾਬਾਜ਼ੀ ਸਮਝੌਤੇ 'ਚੋਂ 'ਪੰਜਾਬ' ਨੂੰ ਬਾਹਰ ਰੱਖਣ 'ਤੇ ਇਤਰਾਜ਼, ਕੈਨੇਡੀਅਨ ਮੰਤਰੀ ਨੂੰ ਲਿਖਿਆ ਪੱਤਰ

Wednesday, Nov 23, 2022 - 12:18 PM (IST)

ਟੋਰਾਂਟੋ (ਬਿਊਰੋ)- ਭਾਰਤ ਅਤੇ ਕੈਨੇਡਾ ਵਿਚਕਾਰ ਬੀਤੇ ਹਫ਼ਤੇ ਸੋਧ ਕੇ ਤਿਆਰ ਕੀਤੇ ਗਏ ਹਵਾਬਾਜ਼ੀ ਸਮਝੌਤੇ ਵਿਚ ਉਡਾਣਾਂ ਲਈ  ਪੰਜਾਬ ਦੇ ਕਿਸੇ ਸ਼ਹਿਰ ਨੂੰ ਸ਼ਾਮਿਲ ਨਾ ਕਰਨ 'ਤੇ ਕੈਨੇਡਾ ਭਰ ਤੋਂ ਪੰਜਾਬੀਆਂ ਵਲੋਂ ਸਵਾਲ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਕੈਨੇਡਾ ਦੇ ਮੰਤਰੀਆਂ ਨੂੰ ਚਿੱਠੀਆਂ ਵੀ ਭੇਜੀਆਂ ਜਾ ਰਹੀਆਂ ਹਨ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ਼ ਕੈਨੇਡਾ ਵਲੋਂ ਹਵਾਬਾਜੀ ਮੰਤਰੀ ਓਮਾਰ ਅਲਗਾਬਰਾ ਨੂੰ ਬੀਤੇ ਕੱਲ੍ਹ ਪੱਤਰ ਵਿਚ ਲਿਖਿਆ ਗਿਆ ਕਿ ਪੰਜਾਬ ਦੇ ਹਵਾਈ ਅੱਡੇ ਸਮਝੌਤੇ 'ਚੋਂ ਬਾਹਰ ਰੱਖਣ ਕਰਕੇ ਸਿੱਖਾਂ ਨੂੰ ਨਿਰਾਸ਼ਾ ਹੋਈ ਹੈ।

PunjabKesari

ਇਹ ਵੀ ਲਿਖਿਆ ਗਿਆ ਕਿ ਕੈਨੇਡਾ ਦੇ ਸਿੱਖ ਭਾਈਚਾਰੇ ਦਾ ਪੰਜਾਬ ਨਾਲ਼ ਸਿੱਧਾ ਸਬੰਧ ਹੈ ਜਿਸ ਕਰਕੇ ਕੈਨੇਡਾ ਤੋਂ ਅੰਮ੍ਰਿਤਸਰ ਨੂੰ ਸਿੱਧੀ ਉਡਾਣ ਸਿੱਖਾਂ ਦੀ ਚਿਰੋਕਣੀ ਮੰਗ ਹੈ। ਸਿੱਧੀ ਉਡਾਣ ਦੀ ਇਹ ਮੰਗ ਪੂਰੀ ਨਹੀਂ ਕੀਤੀ ਜਾ ਰਹੀ ਅਤੇ ਸਿੱਟੇ ਵਜੋਂ ਕੈਨੇਡਾ ਤੋਂ ਪੰਜਾਬ ਜਾਣ ਵਾਲੇ ਲੋਕਾਂ ਦਾ ਰਸਤਿਆਂ 'ਚ ਵਾਧੂ ਸਮਾਂ ਅਤੇ ਪੈਸਾ ਖਰਚ ਹੁੰਦਾ ਹੈ। ਹਵਾਬਾਜ਼ੀ ਮੰਤਰੀ ਅਲਗਾਬਰਾ ਦਾ ਧਿਆਨ ਕੋਵਿਡ ਮਹਾਮਾਰੀ ਸਮੇਂ ਭਾਰਤ ਸਰਕਾਰ ਵਲੋਂ ਕੈਨੇਡਾ ਦੇ ਲੋਕਾਂ ਦੇ ਰੱਦ ਕੀਤੇ ਹੋਏ ਵੀਜ਼ਿਆਂ (ਵਿਸ਼ੇਸ਼ ਤੌਰ 'ਤੇ ਈ-ਵੀਜਾ) ਵੱਲ ਵੀ ਦਿਵਾਇਆ ਗਿਆ। ਹੁਣ ਨਵੇਂ ਵੀਜ਼ੇ ਲੈਣ ਲਈ ਲੋਕਾਂ ਨੂੰ ਡੇਢ ਮਹੀਨੇ ਦਾ ਇੰਤਜ਼ਾਰ ਅਤੇ ਅਰਜ਼ੀ ਦੇਣ ਲਈ ਵੀਜ਼ਾ ਦਫਤਰਾਂ ਦੇ ਬਾਹਰ ਘੰਟਿਆਂਬੱਧੀ ਖੱਜਲ਼ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਨੇ ਟੋਰਾਂਟੋ 'ਚ ਚੀਨੀ 'ਪੁਲਸ ਸਰਵਿਸ ਸਟੇਸ਼ਨਾਂ' ਦੀ ਜਾਂਚ ਕੀਤੀ ਸ਼ੁਰੂ 

ਅਮਰੀਕਾ, ਆਸਟ੍ਰੇਲੀਆਂ ਸਮੇਤ 156 ਦੇਸ਼ਾਂ ਵੱਲੋਂ ਵੀਜ਼ੇ ਬਹਾਲ ਕੀਤੇ ਜਾ ਚੁੱਕੇ ਹਨ ਪਰ ਕੈਨੇਡਾ ਲਈ ਵੀਜ਼ਾ ਦੀ ਔਖ ਕਰ ਦਿੱਤੀ ਗਈ ਹੋਣ ਕਰਕੇ ਬਹੁਤ ਸਾਰੇ ਕੈਨੇਡੀਅਨ ਲੋਕ ਭਾਰਤ ਜਾਣ ਤੋਂ ਵਾਂਝੇ ਰਹਿ ਰਹੇ ਹਨ।ਵਰਲਡ ਸਿੱਖ ਆਰਗੇਨਾਈਜੇਸ਼ਨ ਵਲੋਂ ਮੰਤਰੀ ਅਲਗਾਬਰਾ ਤੋਂ ਕੈਨੇਡਾ ਤੋਂ ਭਾਰਤ ਜਾਣ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਭਾਰਤ ਸਰਕਾਰ ਕੋਲ ਉਠਾਉਣ ਦੀ ਮੰਗ ਕੀਤੀ ਗਈ ਹੈ। ਇਸੇ ਦੌਰਾਨ ਓਂਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ (ਓ.ਐਸ.ਜੀਸੀ.) ਵਲੋਂ ਵੀ ਮੰਤਰੀ ਅਲਗਾਬਰਾ, ਕੈਨੇਡਾ ਦੀ ਅੰਤਰਰਾਸ਼ਟਰੀ ਵਪਾਰ ਮੰਤਰੀ ਮੈਰੀ ਐਨ.ਜੀ., ਕੈਨੇਡਾ ਦੇ ਪੰਜਾਬੀ ਸੰਸਦ ਮੈਂਬਰਾਂ ਅਤੇ ਟੋਰਾਂਟੋ 'ਚ ਭਾਰਤ ਦੇ ਕੌਂਸਲਖਾਨੇ ਨੂੰ ਲਿਖ ਕੇ ਇਸ ਸਮਝੌਤੇ ਪ੍ਰਤੀ ਲੱਖਾਂ ਕੈਨੇਡਾ ਵਾਸੀਆਂ ਦੀ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News