ਭਾਈ! ਬੱਸ ਅੱਡੇ ਆਉਣ ਵੇਲੇ ਰੁਮਾਲ ਜ਼ਰੂਰ ਨਾਲ ਲਿਆਉਣਾ!

10/03/2017 1:14:25 AM

ਨੂਰਪੁਰਬੇਦੀ, (ਸ਼ਰਮਾ)- ਭਾਈ! ਜੇਕਰ ਤੁਸੀਂ ਨੂਰਪੁਰਬੇਦੀ ਬੱਸ ਅੱਡੇ 'ਚ ਆਉਣਾ ਹੈ ਤਾਂ ਜੇਬ 'ਚ ਰੁਮਾਲ ਲਿਆਉਣਾ ਨਾ ਭੁੱਲਿਓ ਕਿਉਂਕਿ ਅੱਡੇ 'ਚ ਦਾਖਲ ਹੁੰਦਿਆਂ ਹੀ ਤੁਹਾਨੂੰ ਗੰਦਗੀ ਦੀ ਬਦਬੂ ਤੋਂ ਬਚਣ ਲਈ ਨੱਕ 'ਤੇ ਰੁਮਾਲ ਰੱਖਣਾ ਪੈ ਸਕਦਾ ਹੈ। 137 ਪਿੰਡਾਂ ਦੇ ਇਸ ਸ਼ਹਿਰ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਫਾਈ ਮੁਹਿੰਮ ਅਧਿਕਾਰੀਆਂ ਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਠੱਪ ਹੋ ਚੁੱਕੀ ਹੈ। ਨੂਰਪੁਰਬੇਦੀ ਦੇ ਬੱਸ ਅੱਡੇ ਦੇ ਨੇੜੇ ਟੋਭਾਨੁਮਾ ਥਾਂ ਵਿਚ ਕੂੜੇ ਦੇ ਢੇਰ ਪ੍ਰਸ਼ਾਸਨ ਦੀ ਮੁਹਿੰਮ ਨੂੰ ਮੂੰਹ ਚਿੜ੍ਹਾ ਰਹੇ ਹਨ। ਇਲਾਕੇ ਦੇ ਸੁਰਜੀਤ ਕੁਮਾਰ, ਸ਼ਿਵ ਕੁਮਾਰ, ਡਾ. ਮਨਮੋਹਣ ਪੰਮੀ ਮੁਕਾਰੀ, ਰਵੀ ਸ਼ੰਕਰ ਧੀਮਾਨ, ਕਮਲ ਸੈਣੀ, ਹਰੀ ਅਵਤਾਰ ਵਸ਼ਿਸ਼ਟ ਤੇ ਸੰਜੂ ਰਾਣਾ ਨੇ ਕਿਹਾ ਕਿ ਨੂਰਪੁਰਬੇਦੀ ਦੀ ਪੰਚਾਇਤ ਨਾ ਹੋਣ ਕਾਰਨ ਲਾਵਾਰਿਸ ਹੋ ਚੁੱਕਾ ਹੈ।
ਪ੍ਰਬੰਧਕਾਂ ਵੱਲੋਂ ਸ਼ਹਿਰ ਦੀ ਸਫਾਈ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਕੂੜੇ ਦੇ ਢੇਰ ਸ਼ਹਿਰ ਦੀ ਨਿਸ਼ਾਨੀ ਬਣ ਗਏ ਹਨ ਤੇ ਲੋਕ ਇਨ੍ਹਾਂ ਢੇਰਾਂ ਕਾਰਨ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਅੱਡੇ ਦੇ ਨਾਲ ਲੱਗਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਗੰਦਗੀ ਕਾਰਨ ਮੱਛਰ ਪੈਦਾ ਹੋ ਰਿਹਾ ਹੈ, ਜੋ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਸ਼ਹਿਰ ਨੂੰ ਮੋਦੀ ਦੀ ਸਵੱਛਤਾ ਮੁਹਿੰਮ ਦਾ ਹਿੱਸਾ ਬਣਾਉਣ ਦੀ ਮੰਗ ਕੀਤੀ ਹੈ।


Related News