ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦਾ ਤੀਜਾ ਸ਼ੱਕੀ ਮਰੀਜ਼ ਆਇਆ ਸਾਹਮਣੇ

Thursday, Feb 06, 2020 - 09:18 PM (IST)

ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦਾ ਤੀਜਾ ਸ਼ੱਕੀ ਮਰੀਜ਼ ਆਇਆ ਸਾਹਮਣੇ

ਅੰਮ੍ਰਿਤਸਰ, (ਦਲਜੀਤ)— ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਬਣਾਏ ਗਏ ਆਈਸੋਲੇਸ਼ਨ ਵਾਰਡ 'ਚ ਇਕ ਹੋਰ ਸ਼ੱਕੀ ਮਰੀਜ਼ ਦਾਖਲ ਹੋਇਆ ਹੈ, ਜਿਸ ਨੂੰ ਬੁਖਾਰ ਤੇ ਗਲ਼ੇ 'ਚ ਦਰਦ0 ਦੀ ਸ਼ਿਕਾਇਤ ਹੈ। ਇਸ ਤੋਂ ਪਹਿਲਾਂ ਆਈਸੋਲੇਸ਼ਨ ਵਾਰਡ 'ਚ 2 ਸ਼ੱਕੀ ਔਰਤਾਂ ਦਾਖਲ ਹਨ। ਦੂਜੇ ਪਾਸੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਸਿਵਲ ਸਰਜਨ ਵੱਲੋਂ ਅੰਤਰਰਾਸ਼ਟਰੀ ਏਅਰਪੋਰਟ 'ਤੇ ਨਿੱਤ ਚੈਕਿੰਗ ਕਰ ਕੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਏਅਰਪੋਰਟ 'ਤੇ ਬੀਤੀ ਰਾਤ ਸਿੰਗਾਪੁਰ ਤੋਂ ਆਏ ਅੰਮ੍ਰਿਤਸਰ ਦੇ ਰਹਿਣ ਵਾਲੇ ਵਿਅਕਤੀ ਨੇ ਸਕੈਨਿੰਗ ਦੌਰਾਨ ਡਾਕਟਰ ਨੂੰ ਦੱਸਿਆ ਕਿ ਉਸ ਨੂੰ ਬੁਖਾਰ ਅਤੇ ਗਲੇ ਦਰਦ ਦੀ ਸ਼ਿਕਾਇਤ ਹੈ। ਸਿਹਤ ਵਿਭਾਗ ਵੱਲੋਂ ਵੀਰਵਾਰ ਨੂੰ ਮਰੀਜ਼ ਦਾ ਬਲੱਡ ਸੈਂਪਲ ਲੈ ਕੇ ਟੈਸਟਿੰਗ ਲਈ ਪੁਣੇ ਸਰਕਾਰੀ ਲੈਬੋਰੇਟਰੀ 'ਚ ਭੇਜ ਦਿੱਤਾ ਗਿਆ ਹੈ। ਮਰੀਜ਼ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ 'ਚ ਦਾਖਲ ਕਰ ਲਿਆ ਹੈ।
ਇਸ ਤੋਂ ਪਹਿਲਾਂ ਆਈਸੋਲੇਸ਼ਨ ਵਾਰਡ 'ਚ 2 ਹੋਰ ਔਰਤਾਂ ਵੀ ਦਾਖਲ ਹਨ, ਜਿਨ੍ਹਾਂ ਨੂੰ ਗਲੇ 'ਚ ਦਰਦ ਅਤੇ ਬੁਖਾਰ ਦੀ ਸ਼ਿਕਾਇਤ ਹੈ। ਇਹ ਔਰਤਾਂ ਵੀ ਕੁੱਝ ਘੰਟਿਆਂ ਲਈ ਚਾਈਨਾ 'ਚ ਰੁਕੀਆਂ ਸਨ। ਉੱਧਰ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੋਹਲ ਨੇ ਅੰਤਰਰਾਸ਼ਟਰੀ ਏਅਰਪੋਰਟ ਅਤੇ ਆਈਸੋਲੇਸ਼ਨ ਵਾਰਡਾਂ ਦੀ ਜਾਂਚ ਕਰ ਕੇ ਸੇਵਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਆਈਸੋਲੇਸ਼ਨ ਵਾਰਡ 'ਚ ਦਾਖਲ ਹੋਏ ਮਰੀਜ਼ ਦੀ ਹਾਲਤ ਠੀਕ ਹੈ। ਫਿਰ ਵੀ ਚੌਕਸੀ ਵਰਤਦੇ ਹੋਏ ਉਸ ਨੂੰ ਦਾਖਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੋ ਹੋਰ ਔਰਤਾਂ ਦਾਖਲ ਹਨ, ਉਨ੍ਹਾਂ ਦੀ ਰਿਪੋਰਟ ਸ਼ੁੱਕਰਵਾਰ ਨੂੰ ਆਵੇਗੀ।

ਏਅਰਪੋਰਟ 'ਤੇ 24 ਘੰਟੇ ਸਿਹਤ ਵਿਭਾਗ ਦੀ ਨਜ਼ਰ
ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਵਿਦੇਸ਼ ਤੋਂ ਆਉਣ ਵਾਲੇ ਹਰ ਇਕ ਨਾਗਰਿਕ ਦੀ ਅੰਤਰਰਾਸ਼ਟਰੀ ਏਅਰਪੋਰਟ 'ਤੇ ਸਕੈਨਿੰਗ ਕਰਵਾ ਕੇ ਆਪ ਘੋਸ਼ਣਾ ਪੱਤਰ ਭਰਵਾਏ ਜਾ ਰਹੇ ਹਨ। ਵਿਭਾਗ ਦੀ ਟੀਮ 24 ਘੰਟੇ ਹਰ ਇਕ ਮੁਸਾਫਰਾਂ 'ਤੇ ਨਜ਼ਰ ਬਣਾਏ ਹੋਏ ਹਨ, ਉਨ੍ਹਾਂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ 'ਚ ਬਣਾਈ ਗਈ ਆਈਸੋਲੇਸ਼ਨ ਵਾਰਡ ਵਿਚ 8 ਕਮਰੇ ਨਿਰਧਾਰਤ ਕੀਤੇ ਗਏ ਹਨ। ਵਾਰਡ 'ਚ ਹਰ ਮਰੀਜ਼ ਨੂੰ ਵੱਖ-ਵੱਖ ਕਮਰਿਆਂ 'ਚ ਰੱਖਿਆ ਗਿਆ ਹੈ। ਉਨ੍ਹਾਂ ਦੇ ਚਿਹਰਿਆਂ 'ਤੇ ਮਾਸਕ ਲਗਾਏ ਗਏ ਹਨ। ਵਾਰਡ 'ਚ ਬਾਹਰੀ ਆਦਮੀਆਂ ਦੇ ਜਾਣ ਦੀ ਪੂਰੀ ਤੌਰ 'ਤੇ ਪਾਬੰਧੀ ਹੈ, ਵਾਰਡ 'ਚ ਤਾਇਨਾਤ ਸਟਾਫ ਪੂਰੀ ਸਾਵਧਾਨੀ ਦੇ ਤੌਰ 'ਤੇ ਕੰਮ ਕਰ ਰਿਹਾ ਹੈ।
ਡਾਕਟਰ ਨੇ ਦੱਸਿਆ ਕਿ ਅਜੇ ਤੱਕ ਜ਼ਿਲ੍ਹੇ ਨਾਲ ਸਬੰਧਤ 5 ਲੋਕਾਂ ਦੇ ਸੈਂਪਲ ਨੈਗਟਿਵ ਆਏ ਹਨ। ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਨਾ ਹੀ ਦਹਿਸ਼ਤ 'ਚ ਆਉਣ ਦੀ ਜ਼ਰੂਰਤ ਹੈ। ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਅਜੇ ਤੱਕ ਕੋਈ ਵੀ ਮਰੀਜ਼ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਲਤ ਅਫਵਾਹਾਂ 'ਚ ਨਾ ਆਉਣ। ਇਸ ਸਮੇਂ ਜ਼ਿਲ੍ਹਾ ਮਲੇਰੀਆ ਅਧਿਕਾਰੀ ਡਾ. ਨਵਦੀਪ ਕੌਰ, ਡਾ. ਮਦਨ ਮੋਹਨ ਵੀ ਮੌਜੂਦ ਸਨ।


author

KamalJeet Singh

Content Editor

Related News