ਕੋਰੋਨਾ : ਮਰੀਜ਼ ਘੱਟ ਹੋਏ, ਨਾ ਵਾਇਰਸ ਕਮਜ਼ੋਰ ਹੋਇਆ, ਨਾ ਖ਼ਤਮ

Saturday, May 29, 2021 - 03:30 PM (IST)

ਕੋਰੋਨਾ : ਮਰੀਜ਼ ਘੱਟ ਹੋਏ, ਨਾ ਵਾਇਰਸ ਕਮਜ਼ੋਰ ਹੋਇਆ, ਨਾ ਖ਼ਤਮ

ਲੁਧਿਆਣਾ (ਸਹਿਗਲ) : ਚਾਹੇ ਮਹਾਨਗਰ ਵਿਚ ਕੋਰੋਨਾ ਵਾਇਰਸ ਦੇ ਮਰੀਜ਼ ਪਹਿਲਾਂ ਤੋਂ ਕਾਫੀ ਘੱਟ ਹੋ ਗਏ ਹਨ ਪਰ ਵਾਇਰਸ ਅਜੇ ਨਾ ਤਾਂ ਕਮਜ਼ੋਰ ਹੋਇਆ ਹੈ ਅਤੇ ਨਾ ਹੀ ਖ਼ਤਮ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮਰੀਜ਼ ਘੱਟ ਆਉਣ ਤੋਂ ਬਾਅਦ ਲੋਕ ਫਿਰ ਲਾਪ੍ਰਵਾਹ ਹੁੰਦੇ ਦਿਖਾਈ ਦੇ ਰਹੇ ਹਨ। ਬਾਜ਼ਾਰਾਂ ’ਚ ਬੇਤਰਤੀਬੀ ਭੀੜ ਵਧਦੀ ਜਾ ਰਹੀ ਹੈ। ਸ਼ਾਮ ਨੂੰ ਰੇਹੜੀਆਂ ’ਤੇ ਲੋਕ ਫਾਸਟ ਫੂਡ ਅਤੇ ਗੋਲਗੱਪੇ ਖਾਣ ਲਈ ਭੀੜ ਜੁਟਾ ਰਹੇ ਹਨ। ਅਜਿਹਾ ਆਲਮ ਸ਼ਹਿਰ ਦੇ ਹਰ ਹਿੱਸੇ ਵਿਚ ਦੇਖਿਆ ਜਾ ਰਿਹਾ ਹੈ। ਚਾਹੇ ਉਹ ਹੈਬੋਵਾਲ ਹੋਵੇ, ਮਾਡਲ ਟਾਊਨ ਜਾਂ ਹੋਰ ਇਲਾਕਾ। ਅਜਿਹਾ ਆਲਮ ਬੀਮਾਰੀ ਨੂੰ ਫਿਰ ਵਧਣ ਦਾ ਸੱਦਾ ਦੇ ਸਕਦਾ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ ਦੁਕਾਨ ’ਚ 2 ਜਾਂ 3 ਤੋਂ ਜ਼ਿਆਦਾ ਗਾਹਕ ਇਕੱਠੇ ਨਹੀਂ ਹੋਣੇ ਚਾਹੀਦੇ ਪਰ ਲੋਕ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ। ਕਈਆਂ ਦਾ ਮੰਨਣਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਇਨ੍ਹਾਂ ਕਰ ਕੇ ਘਾਤਕ ਸਿੱਧ ਹੋ ਰਹੀ ਹੈ। ਇਸ ਤੋਂ ਬਾਅਦ ਲੋਕ ਬੀਮਾਰ ਹੋਣ ’ਤੇ ਹਸਪਤਾਲ ਜਾਣ ਦੀ ਬਜਾਏ ਘਰ ਵਿਚ ਹੀ ਰਹਿ ਕੇ ਆਪਣਾ ਇਲਾਜ ਕਰਵਾ ਰਹੇ ਹਨ ਅਤੇ ਸੀਰੀਅਸ ਹੋਣ ’ਤੇ ਹਸਪਤਾਲ ਜਾ ਰਹੇ ਹਨ, ਜਿਸ ਕਾਰਨ ਵਾਇਰਸ ਹੋਰ ਵੀ ਮਾਰੂ ਸਿੱਧ ਹੋ ਰਿਹਾ ਹੈ।

ਇਹ ਵੀ ਪੜ੍ਹੋ : ਲਗਾਤਾਰ ਦੂਜੇ ਸਾਲ ਘਰੇਲੂ ਬਿਜਲੀ ਦਰਾਂ ’ਚ ਕਮੀ ਗਰੀਬ ਲਈ ਫਾਇਦੇਮੰਦ : ਕੈਪਟਨ

ਕੋਰੋਨਾ ਕਾਰਨ 24 ਮਰੀਜ਼ਾਂ ਦੀ ਮੌਤ, 485 ਨਵੇਂ ਮਰੀਜ਼ਾਂ ਦੀ ਪੁਸ਼ਟੀ
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 24 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 485 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਦੇ ਮੁਤਾਬਕ 24 ਮ੍ਰਿਤਕਾਂ ਵਿਚ 20 ਮਰੀਜ਼ ਜ਼ਿਲ੍ਹੇ ਦੇ, ਜਦੋਂਕਿ 4 ਹੋਰਨਾਂ ਵਿਚ ਇਕ ਹੁਸ਼ਿਆਰਪੁਰ, ਇਕ ਰੋਪੜ, ਇਕ ਸੰਗਰੂਰ ਅਤੇ ਇਕ ਬਰਨਾਲਾ ਦਾ ਰਹਿਣ ਵਾਲਾ ਸੀ। ਉਨ੍ਹਾਂ ਨੇ ਦੱਸਿਆ ਕਿ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਵਿਚ 416 ਮਰੀਜ਼ ਜ਼ਿਲ੍ਹੇ ਦੇ, ਜਦੋਂਕਿ 69 ਮਰੀਜ਼ ਦੂਜੇ ਜ਼ਿਲ੍ਹਿਆਂ ਜਾਂ ਰਾਜਾਂ ਦੇ ਰਹਿਣ ਵਾਲੇ ਹਨ। ਜ਼ਿਲ੍ਹੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 83251 ਹੋ ਗਈ ਹੈ। ਇਨ੍ਹਾਂ ’ਚੋਂ 1965 ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਤੋਂ ਇਲਾਵਾ 10839 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਅਤੇ ਰਾਜਾਂ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿਚੋਂ 967 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਮੁਤਾਬਕ ਜ਼ਿਲ੍ਹੇ ਵਿਚ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਵਿਚ 75672 ਮਰੀਜ਼ ਠੀਕ ਹੋ ਚੁੱਕੇ ਹਨ, ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ 90 ਫੀਸਦੀ ਤੋਂ ਜ਼ਿਆਦਾ ਹੋ ਗਈ ਹੈ। ਮੌਜੂਦਾ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 5614 ਰਹਿ ਗਈ ਹੈ। ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਵਿਚ 21 ਮਰੀਜ਼ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਕਾਰਨ ਪਾਜ਼ੇਟਿਵ ਹੋਏ। ਹਸਪਤਾਲਾਂ ਦੀ ਓ. ਪੀ. ਡੀ. ਵਿਚ 55 ਅਤੇ ਫਲੂ ਕਾਰਨਰ ’ਤੇ 225 ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਪਾਜ਼ੇਟਿਵ ਮਰੀਜ਼ਾਂ ’ਚ 2 ਹੈਲਥ ਕੇਅਰ ਵਰਕਰ, ਇਕ ਅੰਡਰ ਟ੍ਰਾਇਲ ਵੀ ਸ਼ਾਮਲ ਹੈ, ਜਦੋਂਕਿ ਪਾਜ਼ੇਟਿਵ ਮਰੀਜ਼ਾਂ ਵਿਚ ਸੰਪਰਕ ਵਿਚ ਆਏ 100 ਵਿਅਕਤੀ ਅਜੇ ਲਾਪਤਾ ਹੈ।

ਇਹ ਵੀ ਪੜ੍ਹੋ : ਦੀਪ ਸਿੱਧੂ ਵਲੋਂ ਲਗਾਏ ਗਏ ਦੋਸ਼ਾਂ ਦਾ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਲੋਂ ਠੋਕਵਾਂ ਜਵਾਬ 

ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਹੋਈ ਘੱਟ, 49 ਦੀ ਹਾਲਤ ਗੰਭੀਰ
ਜ਼ਿਲ੍ਹੇ ਦੇ ਹਸਪਤਾਲਾਂ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਪਹਿਲਾਂ ਨਾਲੋਂ ਕਾਫੀ ਘੱਟ ਹੋ ਗਈ ਹੈ। 1111 ਪਾਜ਼ੇਟਿਵ ਮਰੀਜ਼ ਹਸਪਤਾਲਾਂ ’ਚ ਜ਼ੇਰੇ ਇਲਾਜ ਪਾਏ ਗਏ। ਇਨ੍ਹਾਂ ’ਚੋਂ 178 ਸਰਕਾਰੀ ਹਸਪਤਾਲਾਂ, ਜਦੋਂਕਿ 973 ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ। ਹਸਪਤਾਲ ਪ੍ਰਬੰਧਕਾਂ ਮੁਤਾਬਕ ਲੈਵਲ-2 ਦੇ ਮਰੀਜ਼ਾਂ ਦੀ ਗਿਣਤੀ ਵਿਚ ਪਹਿਲਾਂ ਨਾਲੋਂ ਕਾਫੀ ਕਮੀ ਆਈ ਹੈ, ਜਦੋਂਕਿ ਲੈਵਲ-3 ਦੇ ਮਰੀਜ਼ਾਂ ਦਾ ਆਉਣਾ ਅਜੇ ਜਾਰੀ ਹੈ। ਹਸਪਤਾਲਾਂ ’ਚ ਦਾਖਲ ਮਰੀਜ਼ਾਂ ਵਿਚ 49 ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਇਨ੍ਹਾਂ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ ਹੈ। ਇਨ੍ਹਾਂ ’ਚੋਂ 28 ਮਰੀਜ਼ ਜ਼ਿਲ੍ਹੇ ਦੇ, ਜਦੋਂਕਿ 21 ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ : ਹਾਈ ਕੋਰਟ ਦੇ ਹੁਕਮ,  ਨਾ ਕੰਮ ਕਰਨ ਵਾਲੇ ਫਰੰਟਲਾਈਨ ਵਰਕਰਾਂ ਦੀ ਮੰਗੀ ਸੂਚੀ 

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 
 


author

Anuradha

Content Editor

Related News